Home » ਸਿਧਾਂਤਕ ਕਵਿਤਾਵਾਂ

ਸਿਧਾਂਤਕ ਕਵਿਤਾਵਾਂ

by Dr. Hari Singh Jachak
Theoretical poems

ਸਿਧਾਂਤਕ ਕਵਿਤਾਵਾਂ

ਸੱਚੇ ਦਿਲ ਤੋਂ ਕਰੀਏ ਅਰਦਾਸ ਜੇਕਰ

ਕਿਵੇਂ ਫੜਣਗੇਗੁਰੂ ਜੀ ਬਾਂਹ ਸਾਡੀ, ਧਾਗੇ, ਨਗ, ਤਵੀਤ ਨੇ ਪਾਸ ਜੇਕਰ।

ਵਹਿਮਾਂ ਭਰਮਾਂ ਪਖੰਡਾਂ ਵਿੱਚ ਫਸ ਕੇ ਤੇ, ਆਪਣਾ ਆਪ ਕਰ ਰਹੇ ਸਤਿਆਨਾਸ ਜੇਕਰ।

ਬੀਜੇ ਬੀਜਾਂ ਨੂੰ ਲੱਗਣਗੇ ਫਲ ਪੱਕੇ, ਦ੍ਰਿੜ ਨਿਸ਼ਚਾ ਤੇ ਰੱਖੀਏ ਵਿਸ਼ਵਾਸ਼ ਜੇਕਰ।

ਕੀਹਦੇ ਦਿਲ ਦੀ ਗੱਲ ਓਹ ਜਾਣਦਾ ਨਹੀਂ, ਸਭ ਦੇ ਦਿਲਾਂ ’ਚ ਓਹਦਾ ਨਿਵਾਸ ਜੇਕਰ।

 

ਸਾਡੇ ਵਲੋਂ ਓਹ ਫੇਰ ਲਊ ਕਿਵੇਂ ਅੱਖਾਂ, ਓਹਦੇ ਬਣ ਜਾਈਏ ਦਾਸਨ ਦਾਸ ਜੇਕਰ।

ਆਪਣੇ ਆਪ ਫਿਰ ਨਾਮ ਦਾ ਰਸ ਆਊ, ਫੋਕੇ ਛੱਡੀਏ ਭੋਗ-ਵਿਲਾਸ ਜੇਕਰ।

ਲਹਿੰਦੀ ਮੈਲ ਹੈ ਜੁਗਾਂ ਜੁਗਾਂਤਰਾਂ ਦੀ, ਨਾਮ ਜਪੀਏ ਸੁਆਸ ਸੁਆਸ ਜੇਕਰ।

ਆਪਣੇ ਆਪ ਹਨੇਰੇ ਸਭ ਭੱਜ ਜਾਂਦੇ, ਅੰਦਰ ਹੋ ਜਾਏ ਆਤਮ-ਪ੍ਰਗਾਸ ਜੇਕਰ।

 

ਟਿਕ ਗਿਆ ਫਿਰ ਸਮਝ ਲਓ ਮਨ ਆਪਣਾ, ਅੰਦਰੋਂ ਆ ਰਿਹਾ ਖਾਸ ਹੁਲਾਸ ਜੇਕਰ।

ਹਾਜ਼ਰ ਨਾਜ਼ਰ ਹਜ਼ੂਰ ਨੇ ਸਦਾ ‘ਜਾਚਕ’, ਸਦਾ ਸਮਝੀਏ ਆਪਣੇ ਪਾਸ ਜੇਕਰ।

ਆਪਣੇ ਆਪ ਸਭ ਕਾਜ ਸੁਆਰਦਾ ਏ, ਓਹਦੇ ਬਣ ਜਾਈਏ ਖਾਸਮ-ਖਾਸ ਜੇਕਰ।

ਨੇੜੇ ਹੋ ਕੇ ਸੁਣਦਾ ਏ ਆਪ ਸਤਿਗੁਰ, ਸੱਚੇ ਦਿਲ ਤੋਂ ਕਰੀਏ ਅਰਦਾਸ ਜੇਕਰ।

ਜੈਕਾਰਾ

ਚਮਕਾਂ ਮਾਰਦੈ ਜਿੱਦਾਂ ਅਕਾਸ਼ ਅੰਦਰ, ਚੰਨ ਚੌਧਵੀਂ ਦਾ ਵਿੱਚ ਤਾਰਿਆਂ ਦੇ।

ਚੜ੍ਹਦੀ ਕਲਾ ਆਉਂਦੀ ਦਰਸ਼ਨ ਕਰ ਜਿੱਦਾਂ, ਸੋਹਣੇ ਸਜੇ ਹੋਏ ਪੰਜਾਂ ਪਿਆਰਿਆਂ ਦੇ।

ਝੁੱਲਦੇ ਕੇਸਰੀ ਪਏ ਨਿਸ਼ਾਨ ਸਾਹਿਬ, ਜਿੱਦਾਂ ਸੋਂਹਦੇ ਨੇ ਨਾਲ ਗੁਰਦੁਆਰਿਆਂ ਦੇ।

ਕਲਗੀਧਰ ਦੇ ਕਵੀ ਦਰਬਾਰ ਏਦਾਂ, ਜੱਚਦੇ ‘ਜਾਚਕਾ’ ਨਾਲ ਜੈਕਾਰਿਆਂ ਦੇ।

ਫਤਹਿ

ਹਾਇ-ਹੈਲੋ ਹਾਂ ਅਜਕਲ ਅਸੀਂ ਕਹਿੰਦੇ, ਏਨ੍ਹਾਂ ਸ਼ਬਦਾਂ ਤੋਂ ਖਹਿੜਾ ਛੁਡਾਓ ਸਾਰੇ।

ਦੋ ਵਾਰ ‘ਵਾਹਿਗੁਰੂ’ ਜਾਪ ਹੁੰਦੈ, ਇਸ ਲਈ ਫਤਹਿ ਦੇ ਤਾਈਂ ਅਪਨਾਓ ਸਾਰੇ।

ਫਤਹਿ ਵਾਹਿਗੁਰੂ ਦੀ, ਆਪਾਂ ਵਾਹਿਗੁਰੂ ਦੇ, ਹਰ ਮੈਦਾਨ ਵਿੱਚ ਫਤਹਿ ਹੀ ਪਾਓ ਸਾਰੇ।

ਫਤਹਿ ਬਖ਼ਸ਼ੀ ਜੋ ਗੁਰੂ ਦਸ਼ਮੇਸ਼ ਜੀ ਨੇ, ਚੜ੍ਹਦੀ ਕਲਾ ਨਾਲ ਫਤਹਿ ਬੁਲਾਓ ਸਾਰੇ।

ਨਿਸ਼ਾਨ ਸਾਹਿਬ

ਸਾਰੇ ਦੇਸ਼ਾਂ ਤੇ ਧਰਮਾਂ ਦੇ ਹਨ ਝੰਡੇ, ਝੰਡੇ ਹਰ ਇਕ ਦੇ ਭਿੰਨ ਭਿੰਨ ਇਹ ਤਾਂ।

ਸਾਡੇ ਕੋਲ ਹੈ ਐਪਰ ਨਿਸ਼ਾਨ ਸਾਹਿਬ, ਚੜ੍ਹਦੀ ਕਲਾ ਦਾ ਸਾਡਾ ਹੈ ਚਿੰਨ ਇਹ ਤਾਂ।

ਖੰਡਾ, ਚੱਕਰ, ਕਿਰਪਾਨਾਂ ਦਾ ਇੱਕ ਜੋੜਾ, ਸਾਹਿਬ ਇੱਕ ਨਿਸ਼ਾਨ ਨੇ ਤਿੰਨ ਇਹ ਤਾਂ।

ਜਿਹੜਾ ਸ਼ਰਨ ਆਵੇ, ਉਹਦੀ ਲਾਜ ਰੱਖੇ, ਦਿੰਦੇ ਦੁਸ਼ਟਾਂ ਦੇ ਸੀਨੇ ਨੂੰ ਵਿੰਨ ਇਹ ਤਾਂ।

 

ਛੇਵੇਂ ਪਾਤਸ਼ਾਹ ਹਰਗੋਬਿੰਦ ਜੀ ਨੇ, ਸੀ ਤਿਆਰ ਕਰਵਾਇਆ ਨਿਸ਼ਾਨ ਸਾਹਿਬ।

ਪਾਵਨ ਵੇਖ ਅਸਥਾਨ ਅਕਾਲ ਬੁੰਗਾ, ਉੱਤੇ ਸੁੰਦਰ ਝੁਲਾਇਆ ਨਿਸ਼ਾਨ ਸਾਹਿਬ।

ਭਗਤੀ ਸ਼ਕਤੀ ਦਾ ਇਥੇ ਸੁਮੇਲ ਕਰਕੇ, ਸੰਤ ਸਿਪਾਹੀ ਬਣਾਇਆ ਨਿਸ਼ਾਨ ਸਾਹਿਬ।

ਹਰੀਮੰਦਰ ਤੇ ਤਖ਼ਤ ਅਕਾਲ ਵਾਲਾ, ਨਾਲੋ ਨਾਲ ਲਗਾਇਆ ਨਿਸ਼ਾਨ ਸਾਹਿਬ।

 

ਪੰਜ ਤੀਰ ਤੇ ਬਖਸ਼ ਨਿਸ਼ਾਨ ਸਾਹਿਬ, ਗੁਰਾਂ ਭੇਜਿਆ ਬੰਦਾ ਪੰਜਾਬ ਏਧਰ।

ਦੁਸ਼ਟਾਂ ਦੋਖੀਆਂ ਤਾਈਂ ਉਸ ਸੋਧ ਕੇ ਤੇ, ਕਰ ਦਿੱਤਾ ਬਰਾਬਰ ਹਿਸਾਬ ਏਧਰ।

ਗਿਣ-ਗਿਣ ਕੇ ਓਨ੍ਹਾਂ ਤੋਂ ਲਏ ਬਦਲੇ, ਮਿੱਧੇ ਜਿਨ੍ਹਾਂ ਨੇ ਫੁੱਲ ਗੁਲਾਬ ਏਧਰ।

ਨਿਸ਼ਾਨ ਸਾਹਿਬ ਜੀ ਦੀ ਛਤਰ ਛਾਵੇਂ, ‘ਬੰਦਾ’ ਲੈ ਆਇਆ ਇਨਕਲਾਬ ਏਧਰ।

 

ਸਾਹਵੇਂ ਤੱਕ ਕੇ ਦੁੱਖ, ਮੁਸੀਬਤਾਂ ਨੂੰ, ਦਿਲ ਕਦੇ ਨਾ ਛੱਡਿਆ ਖਾਲਸੇ ਨੇ।

ਏਹਦੇ ਵੱਲ ਜਿਸ ਵੇਖਿਆ ਅੱਖ ਕੈਰੀ, ਫਸਤਾ ਓਸੇ ਦਾ ਵੱਢਿਆ ਖਾਲਸੇ ਨੇ।

ਏਹਦੇ ਰਾਹ ’ਚ ਕੰਡੇ ਸੀ ਜਿਸ ਬੀਜੇ, ਕੰਡਾ ਓਸੇ ਦਾ ਕੱਢਿਆ ਖਾਲਸੇ ਨੇ।

ਲਾਲ ਕਿਲੇ ਤੋਂ ਕਿਲੇ ਜਮਰੌਦ ਤੀਕਰ, ਨਿਸ਼ਾਨ ਸਾਹਿਬ ਸੀ ਗੱਡਿਆ ਖਾਲਸੇ ਨੇ।

 

ਜਿੱਥੇ-ਜਿੱਥੇ ਨੇ ਪਾਵਨ ਗੁਰਧਾਮ ਸਾਡੇ, ਓਥੇ-ਓਥੇ ਹਮੇਸ਼ਾਂ ਲਹਿਰਾ ਰਿਹਾ ਏ।

ਝੂਲ-ਝੂਲ ਕੇ ਹਰ ਇਕ ਦੇਸ਼ ਅੰਦਰ, ਪੰਥਕ ਹੋਂਦ ਦੇ ਤਾਈਂ ਦਰਸਾ ਰਿਹਾ ਏ।

ਖੰਡਾ ਏਸ ਉੱਤੇ ਲਿਸ਼ਕਾਂ ਮਾਰਦਾ ਜੋ, ਕੌਮੀ ਜਜ਼ਬੇ ਨੂੰ ਟੁੰਬ ਜਗਾ ਰਿਹਾ ਏ।

ਚਮਕਾਂ ਮਾਰਦਾ ਪਿਆ ਜੋ ਚੰਨ ਵਾਂਗੂ, ਚਾਰ ਚੰਨ ਗੁਰਸਿੱਖੀ ਨੂੰ ਲਾ ਰਿਹਾ ਏੇ।

 

ਗੁਰੂ ਚਰਨਾਂ ’ਚ ‘ਜਾਚਕ’ ਅਰਦਾਸ ਕਰੀਏ, ਨਿਸ਼ਾਨ ਸਾਹਿਬ ਹੋਰ ਬੁਲੰਦ ਹੋਵੇ।

ਗੁਰੂ ਗ੍ਰੰਥ ਮਹਾਰਾਜ ਦੀ ਓਟ ਲੈ ਕੇ, ਨਾਨਕ ਨਾਮ ਲੇਵਾ ਲਾਮਬੰਦ ਹੋਵੇ।

ਸਦਾ ਮਿਲੇ ਅਗਵਾਈ ਤੇ ਸੇਧ ਓਹ ਨੂੰ, ਗੁਰਸਿੱਖੀ ਦਾ ਜਿਹੜਾ ਪਾਬੰਦ ਹੋਵੇ।

ਰਹਿ ਕੇ ਗੁਰੂ ਗ੍ਰੰਥ ਦੀ ਤਾਬਿਆ ’ਚ, ਸਿੱਖ ਕੌਮ ਸਾਰੀ ਜਥੇਬੰਦ ਹੋਵੇ।

ਪੱਗਾਂ

ਸਿਰਾਂ ਨਾਲ ਸਰਦਾਰੀਆਂ ਹੁੰਦੀਆਂ ਨੇ, ਬੰਨਦੇ ਸਿਰਾਂ ਦੇ ਉਤੇ ਸਰਦਾਰ ਪੱਗਾਂ।

ਬੜੀ ਸੋਹਣੀ ਨੇ ਬੰਨ੍ਹਦੇ ਪੱਗ ਫੌਜੀ, ਪਟਿਆਲਾ ਸ਼ਾਹੀ ਹੁੰਦੀਆਂ ਸ਼ਾਨਦਾਰ ਪੱਗਾਂ।

ਭੰਗੜਾ ਪਾਉਂਦੇ ਜਦ ਗੱਭਰੂ ਸਟੇਜ ਉਤੇ, ਸਿਰ ਨੇ ਬੰਨ੍ਹਦੇ ਨੇ ਤੁਰਲੇਦਾਰ ਪੱਗਾਂ ।

ਹੁੰਦੇ ਜਦੋਂ ਦਸਤਾਰ ਮੁਕਾਬਲੇ ਨੇ, ਬੰਨਦੇ ਸੋਹਣੀਆਂ ਨੇ ਹੋਣਹਾਰ ਪੱਗਾਂ।

 

ਨਿਰਾ ਸਿਰ ਦਾ ਕੱਪੜਾ ਹੀ ਨਹੀਂ ਪਗੜੀ, ਇੱਜਤ ਪੱਤ ਹੁੰਦੀ ਮਤਲਬ ਪੱਗ ਦਾ ਏ ।

ਇਹਦੇ ਬਿਨਾਂ ਇਨਸਾਨ ਦੀ ਸ਼ਾਨ ਕੋਈ ਨਾ, ਇਹਦੇ ਬਿਨ੍ਹਾਂ ਅਧੂਰਾ ਓਹ ਲੱਗਦਾ ਏ।

ਸਿਰ ਤੇ ਸਜੀ ਹੋਈ ਸੋਹਣੀ ਦਸਤਾਰ ਦੇ ਨਾਲ, ਚਿਹਰਾ ਹਰਦਮ ਦਗ ਦਗ ਦਗਦਾ ਏ।

ਦੇਸ਼-ਵਿਦੇਸ਼ ’ਚ ਸੋਹਣੀ ਦਸਤਾਰ ਵਾਲਾ, ਸਾਰੇ ਲੋਕਾਂ ਦੇ ਦਿਲਾਂ ਨੂੰ ਠੱਗਦਾ ਏ ।

 

ਪੱਗਾਂ ਵਾਲਿਆਂ ਨੇ ਸਾਰੇ ਜੱਗ ਅੰਦਰ, ਜੱਗ ਤੋਂ ਵੱਖਰੀ ਸਦਾ ਪਹਿਚਾਣ ਰੱਖੀ।

ਦਾਗ ਲੱਗਣ ਨਾ ਦਿੱਤਾ ਸਰਦਾਰੀਆਂ ਨੂੰ, ਏਨ੍ਹਾਂ ਤਲੀ ਤੇ ਆਪਣੀ ਜਾਨ ਰੱਖੀ।

ਤਾਰੂ ਸਿੰਘ ਨੇ ਖੋਪਰ ਲੁਹਾ ਆਪਣਾ, ਏਸ ਪੱਗ ਦੀ ਸਾਹਾਂ ਨਾਲ ਸ਼ਾਨ ਰੱਖੀ।

ਪੱਗਾਂ ਬੰਨ੍ਹੀਆਂ ਚਾਵਾਂ ਦੇ ਨਾਲ ‘ਜਾਚਕ’, ਜੀਹਨਾਂ ਦੇਸ਼ ਤੇ ਕੌਮ ਦੀ ਆਨ ਰੱਖੀ।

ਪਤਿਤਪੁਣੇ ਵਿਰੁੱਧ ਜੰਗ

ਕੇਸ, ਦਾਹੜੀ ਤੇ ਸੋਹਣੀ ਦਸਤਾਰ ਸਿੰਘੋ, ਸਿੱਖ ਕੌਮ ਦੀਆਂ ਜਾਹਰਾ ਨਿਸ਼ਾਨੀਆਂ ਨੇ।

ਪਾਵਨ, ਸਿੱਖੀ ਸਰੂਪ ਦੀ ਰੱਖਿਆ ਲਈ, ਸਿੰਘਾਂ ਕੀਤੀਆਂ ਭਾਰੀ ਕੁਰਬਾਨੀਆਂ ਨੇ।

ਓਦੋਂ ਮੂੰਹ ਦੀ ਖਾਣੀ ਸੀ ਪਈ ਅੱਗੋਂ, ਮੂੰਹ ਕੀਤਾ ਜਦ ਏਧਰ ਦੁਰਾਨੀਆਂ ਨੇ।

ਵਾਰ ਕੇਸਾਂ ਤੇ ਕਦੇ ਨਹੀਂ ਸਹਿਣ ਕੀਤਾ, ਵਾਰ ਦਿੱਤੀਆਂ ਸਿੰਘਾਂ ਜ਼ਿੰਦਗਾਨੀਆਂ ਨੇ।

 

ਲੁਕਵੇਂ ਢੰਗ ਨਾਲ ਪੰਥ ਵਿਰੋਧੀਆਂ ਨੇ, ਨੌਜਵਾਨਾਂ ਨੂੰ ਕੀਤੈ ਗੁੰਮਰਾਹ ਏਥੇ।

ਸਿੱਖ ਕੌਮ ਲਈ ਵੱਡੀ ਵੰਗਾਰ ਬਣਕੇ, ਲਾ ਰਹੇ ਇਹ ਸਿੱਖੀ ਨੂੰ ਢਾਹ ਏਥੇ।

ਵਿਉਂਤਬੱਧ ਤਰੀਕੇ ਅਪਣਾ ਕੇ ਤੇ, ਪਤਿਤਪੁਣੇ ਨੂੰ ਦੇ ਰਹੇ ਉਤਸ਼ਾਹ ਏਥੇ।

ਹਰ ਥਾਂ ਗਾਹਲੜ ਪਟਵਾਰੀ ਨੇ ਬਣੇ ਬੈਠੇ, ਮਾਲਕ ਬਾਗ ਦੇ ਬੇ-ਪ੍ਰਵਾਹ ਏਥੇ।

 

ਹਰ ਗਲੀ ਮੁਹੱਲੇ ਤੇ ਪਿੰਡ ਅੰਦਰ, ਪਤਿਤਪੁਣੇ ਦਾ ਵਧਿਐ ਰੁਝਾਨ ਅੱਜਕਲ੍ਹ।

ਅਖੌਤੀ ਆਧੁਨਿਕਤਾ ਤੇ ਫੈਸ਼ਨ ਵਿੱਚ ਫਸ ਕੇ, ਨੌਜਵਾਨ ਹੋ ਚੁੱਕੇ ਗਲਤਾਨ ਅੱਜਕਲ੍ਹ।

ਭੁੱਲ ਰਿਹਾ ਏ ਵਿਰਸੇ ਤੇ ਮਾਣ ਕਰਨਾ, ਭੁੱਲ ਰਿਹਾ ਏ ਸਿੱਖੀ ਦੀ ਸ਼ਾਨ ਅੱਜਕਲ੍ਹ।

ਹਰ ਥਾਂ ਗੁਰਮਤਿ ਦਾ ਕਰਨ ਲਈ ਬੋਲਬਾਲਾ, ਦੇਣਾ ਪੈਣਾ ਏ ਖਾਸ ਧਿਆਨ ਅੱਜਕਲ੍ਹ।

 

ਪਤਿਤਪੁਣਾ ਜੋ ਵਧਿਐ ਸਮਾਜ ਅੰਦਰ, ਬੜੀ ਵੱਡੀ ਇਹ ਚਿੰਤਾ ਦੀ ਗੱਲ ਸਿੰਘੋ।

ਸਾਰੇ ਢੰਗ ਤਰੀਕੇ ਅਪਣਾ ਕੇ ਤੇ, ਰਲ ਮਿਲ ਕੱਢੀਏ ਏਸ ਦਾ ਹੱਲ ਸਿੰਘੋ।

ਨਾ ਮੁਰਾਦ ਬਿਮਾਰੀ ਇਸ ਚੰਦਰੀ ਨੂੰ, ਪੰਥਕ ਪੱਧਰ ਤੇ ਪਾਈਏ ਹੁਣ ਠੱਲ੍ਹ ਸਿੰਘੋ।

ਸਾਬਤ ਸੂਰਤ ਹੁਣ ਸਭ ਨੇ ਸਿੰਘ ਸਜਣੈ, ਘਰ ਘਰ ਪਏ ਹੁਣ ਲਹਿਰ ਇਹ ਚਲ ਸਿੰਘੋ।

 

ਸਭ ਤੋਂ ਪਹਿਲਾ ਤੇ ਮੁੱਢਲਾ ਫਰਜ ਸਾਡਾ, ਪਾਵਨ ਕੇਸਾਂ ਦਾ ਪੂਰਨ ਸਤਿਕਾਰ ਕਰੀਏ।

ਪੰਥਕ ਮਾਲਾ ਦੇ ਕੀਮਤੀ ਬਣ ਮੋਤੀ, ਨਾਲ ਸਿੱਖੀ ਦੇ ਦਿਲੀ ਪਿਆਰ ਕਰੀਏ।

ਹਰ ਤਰ੍ਹਾਂ ਦੀ ਫੁੱਟ ਮਿਟਾ ਕੇ ਤੇ, ਕੱਠਾ ਸਿੱਖੀ ਦਾ ਸਾਰਾ ਪ੍ਰਵਾਰ ਕਰੀਏ।

ਰਾਗੀ ਢਾਡੀ, ਪ੍ਰਚਾਰਕ ਤੇ ਕਵੀ ‘ਜਾਚਕ’, ਪੰਥਕ ਪੱਧਰ ਤੇ ਹੁਣ ਪ੍ਰਚਾਰ ਕਰੀਏ।

 

ਕੇਸਾਂ ਵਾਲੇ ਇਸ ਸਿੱਖੀ ਦੇ ਕਿਲੇ ਵਿੱਚੋਂ, ਪਤਿਤਪੁਣੇ ਦੀ ਮੋਰੀ ਹੁਣ ਬੰਦ ਹੋਵੇ।

ਸਿੱਖੀ ਅਤੇ ਸਰਦਾਰੀ ਦਾ ਖਾਲਸਾ ਜੀ, ਚੋਲੀ ਦਾਮਨ ਦਾ ਸਦਾ ਸਬੰਧ ਹੋਵੇ।

ਸਾਰੀ ਦੁਨੀਆਂ ’ਚੋਂ ਨਿਆਰਾ ਖਾਲਸਾ ਇਹ, ਬਾਣੀ ਬਾਣੇ ਦਾ ਪੂਰਨ ਪਾਬੰਦ ਹੋਵੇ।

ਭਿੰਨ ਭੇਦ ਮਿਟਾ ਕੇ ਸਦਾ ਦੇ ਲਈ, ‘ਜਾਚਕ’ ਕੌਮ ਸਾਰੀ ਜਥੇਬੰਦ ਹੋਵੇ।

ਸੇਵਾ ਦੀ ਮਹਾਨਤਾ

ਗੁਰੂ ਘਰਾਂ ’ਚ ਜਿੱਧਰ ਵੀ ਤੱਕਦੇ ਹਾਂ, ਬੱਚੇ ਬੁੱਢੇ ਤੇ ਕਰਨ ਜੁਆਨ ਸੇਵਾ।

ਸੇਵਾ ਜੋੜਿਆਂ ਦੀ, ਜੂਠੇ ਬਰਤਨਾਂ ਦੀ, ਸ਼ਰਧਾ ਨਾਲ ਕਰਦੇ ਸ਼ਰਧਾਵਾਨ ਸੇਵਾ।

ਵਿੱਦਿਆ ਦਾਨ ਸੇਵਾ, ਨੇਤਰਦਾਨ ਸੇਵਾ, ਵੱਡੀ ਸਾਰਿਆਂ ਤੋਂ ਖ਼ੂਨ ਦਾਨ ਸੇਵਾ।

ਏਡਜ਼ ਵਾਲੇ ਭਿਆਨਕ ਨਤੀਜਿਆਂ ਦਾ, ਦੇਣਾ ਦੁਨੀਆਂ ਦੇ ਤਾਂਈਂ ਗਿਆਨ ਸੇਵਾ।

 

ਧਰਮ ਥੱਲੇ ਸਿਆਸਤ ਨੂੰ ਰੱਖ ਕੇ ਤੇ, ਕਰਨ ਪੰਥ ਦੀ ਸਿਆਸਤਦਾਨ ਸੇਵਾ।

ਸੇਵਾ ਪ੍ਰਭੂ ਵੱਲ ਜਾਣ ਦੀ ਹੈ ਪਉੜੀ, ਕਰਨੀ ਪੈਂਦੀ ਏ ਨਾਲ ਧਿਆਨ ਸੇਵਾ।

ਗੁਰੂ ਗੋਲਕ, ਗਰੀਬ ਦਾ ਮੂੰਹ ਹੋਵੇ, ਕੀਤਾ ਗੁਰਾਂ ਸੀ ਮੁੱਖੋਂ ਫੁਰਮਾਨ ਸੇਵਾ।

ਹੁਕਮ ਮੰਨਣਾ, ਭਾਣੇ ਦੇ ਵਿੱਚ ਰਹਿਣਾ, ਇਹੋ ਗੁਰਮਤਿ ਦਾ ਹੈ ਵਿਧਾਨ ਸੇਵਾ।

 

ਲੋੜਵੰਦਾਂ ਕੋਲ ਉਡ ਕੇ ਪਹੁੰਚ ਜਾਵੇ, ਖੰਭ ਦਇਆ ਦੇ ਲਾ ਦਇਆਵਾਨ ਸੇਵਾ।

ਕਈ ਅਨਾਥਾਂ, ਅਪਾਹਜਾਂ ਤੇ ਮਾਪਿਆਂ ਜਿਹੇ, ਕਰਨ ਦੁਖੀਆਂ ਦੀ ਦਰਦਵਾਨ ਸੇਵਾ।

ਹੱਥ ਪੈਰ ਅਪਵਿੱਤਰ ਉਹ ਗਿਣੇ ਜਾਵਣ, ਜਿਹੜੇ ਕਰਦੇ ਨਹੀਂ ਵਿੱਚ ਜਹਾਨ ਸੇਵਾ।

ਲੋਭ, ਲਾਲਚ ਜਾਂ ਪਦਵੀਆਂ ਲਈ ਹੋਵੇ, ਸਮਝੋ ਪੱਥਰ ਦੇ ਚੱਟਣ ਸਮਾਨ ਸੇਵਾ।

 

ਕੀਤੀ ਕਤਰੀ ਬੇਅਰਥ ਹੈ ਹੋ ਜਾਂਦੀ, ਜਿਹੜੇ ਕਰਦੇ ਨੇ ਵਿੱਚ ਗੁਮਾਨ ਸੇਵਾ।

ਕਰਮ ਜੇਸ ਦੇ ਪੂਰਬਲੇ ਜਾਗ ਪੈਂਦੇ, ਕਰ ਸਕਦੇ ਉਹੀ ਇਨਸਾਨ ਸੇਵਾ।

ਸੇਵਾ ਕਰਦੇ ਜੋ ਦੁਖੀ ਮਨੁੱਖਤਾ ਦੀ, ਹੁੰਦੀ ਵਿੱਚ ਦਰਗਾਹੇ ਪ੍ਰਵਾਨ ਸੇਵਾ।

ਪ੍ਰਭੂ ਸਿਮਰਨ ’ਚ ਜਿਹੜੇ ਨੇ ਲੀਨ ਰਹਿੰਦੇ, ਉਨ੍ਹਾਂ ਭਗਤਾਂ ਦੀ ਕਰੇ ਭਗਵਾਨ ਸੇਵਾ।

 

ਚੰਦਨ ਵਾਂਗ ਖੁਸ਼ਬੋ ਤੇ ਠੰਡ ਦੇ ਕੇ, ਮਾਨਵ ਮਾਤਰ ਦੀ ਕਰੇ ਕਲਿਆਣ ਸੇਵਾ।

ਚੰਚਲ ਮਨ ਨੂੰ ਟੋਏ ਤੇ ਟਿੱਬਿਆਂ ’ਚੋਂ, ਰੱਖੇ ਪੱਧਰਾ ਵਾਂਗ ਮੈਦਾਨ ਸੇਵਾ।

ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ, ਲੈਂਦਾ ਮਿਹਰ ਕਰਕੇ ਮਿਹਰਵਾਨ ਸੇਵਾ।

ਜਿਹੜੀ ਆਤਮਾ ਤਾਂਈਂ ਅਨੰਦ ਦੇਵੇ, ਮੁੱਲ ਮਿਲਦੀ ਨਹੀਂ ਕਿਸੇ ਦੁਕਾਨ ਸੇਵਾ।

 

ਪ੍ਰੇਮ ਪਿਆਰ ਦੇ ਨਾਲ ਜੋ ਜਾਏ ਕੀਤੀ, ਰੱਖੇ ਬੜਾ ਹੀ ਉੱਚਾ ਸਥਾਨ ਸੇਵਾ।

ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ, ਹੱਥੀਂ ਕਰੋ ਕਰਕੇ ਅੰਮ੍ਰਿਤਪਾਨ ਸੇਵਾ।

ਸ਼ਬਦ ਗੁਰੂ ਦੇ ਲੱਗ ਕੇ ਲੜ ਸਿੰਘੋ, ਵੰਡਣਾ ਦੁਨੀਆਂ ’ਚ ਇਹਦਾ ਗਿਆਨ ਸੇਵਾ।

ਸ਼ਮਾਂ  ਸੇਵਾ  ਦੀ  ਸਦਾ  ਹੀ  ਰਹੇ ਜਗਦੀ, ‘ਜਾਚਕ’ ਕਰੇ ਬਣਕੇ ਸ਼ਮਾਂਦਾਨ ਸੇਵਾ।

ਉੱਭਰਦੇ ਲਿਖਾਰੀਆਂ ਨੂੰ ਸੰਦੇਸ਼

ਦਿਸ਼ਾਹੀਣ ਇਹ ਨੌਜਵਾਨ ਹੋਵਣ, ਨਾਸਤਕ ਟੋਲਿਆਂ ਲਾਈ ਏ ਵਾਹ ਏਥੇ।

ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤ ਉਤੇ, ਪਾਵਨ ਵਿਰਸੇ ਨੂੰ ਲਾ ਰਹੇ ਢਾਹ ਏਥੇ।

ਮੇਲੇ ਹੋ ਰਹੇ ਜਿਹੜੇ ਪੰਜਾਬ ਅੰਦਰ, ਏਸ ਗੱਲ ਦੇ ਪੱਕੇ ਗਵਾਹ ਏਥੇ।

ਹਰ ਥਾਂ ਗਾਲੜ੍ਹ ਪਟਵਾਰੀ ਨੇ ਬਣੇ ਬੈਠੇ, ਮਾਲਕ ਬਾਗ ਦੇ ਬੇ-ਪ੍ਰਵਾਹ ਏਥੇ।

 

ਸਾਹਿਤ ਉਸਦਾ ਕਹਿੰਦੇ ਪ੍ਰਤੀਬਿੰਬ ਹੁੰਦੈ, ਜਿਹੋ ਜਿਹਾ ਕੋਈ ਸਭਿਆਚਾਰ ਹੋਵੇ।

ਲਿਖਦੈ ਸਮੇਂ ਦੀ ਸਦਾ ਸਚਿਆਈ ਜਿਹੜਾ, ਅਸਲ ਵਿਚ ਉਹੀਓ ਸਾਹਿਤਕਾਰ ਹੋਵੇ।

ਉਨ੍ਹਾਂ ਵਿਸ਼ਿਆਂ ’ਤੇ ਕਲਮ ਚਲਾਈ ਜਾਵੇ, ਜਿੰਨ੍ਹਾਂ ਨਾਲ ਸਮਾਜ ਸੁਧਾਰ ਹੋਵੇ।

ਗੁਰਮਤਿ ਮਾਡਲ ਜੋ ਗੁਰਾਂ ਨੇ ਬਖ਼ਸ਼ਿਆ ਏ, ਲਿਖਤਾਂ ਲਿਖਣ ਨੂੰ ਸਾਡਾ ਆਧਾਰ ਹੋਵੇ।

 

ਜਿਨ੍ਹਾਂ ਗੁਰਮਤਿ ਨੂੰ ਸਨਮੁੱਖ ਰੱਖ ਲਿਖਿਆ, ਸੇਧ ਲੈਣੀ ਏ ਉਹਨਾਂ ਲਿਖਾਰੀਆਂ ਤੋਂ।

ਪੈਸੇ ਖ਼ਾਤਰ ਜੋ ਲਿਖਦੇ ਅਸ਼ਲੀਲ ਸਾਹਿਤ, ਅਸਾਂ ਬਚਣਾ ਏ ਉਨ੍ਹਾਂ ਵਪਾਰੀਆਂ ਤੋਂ।

ਭੈੜੇ ਨਸ਼ਿਆਂ ਦਾ ਸੇਵਨ ਨਹੀਂ ਕਦੇ ਕਰਨਾ, ਨਸ਼ਾਂ ਲੈਣਾ ਏ ਨਾਮ ਖ਼ੁਮਾਰੀਆਂ ਤੋਂ।

ਕਲਮਾਂ ਨਾਲ ਹੁਣ ਕਰ, ਇਲਾਜ ਆਪਾਂ, ਬਚਾਉਣੈ ਸਮਾਜ ਭਿਆਨਕ ਬਿਮਾਰੀਆਂ ਤੋਂ।

 

ਨੈਤਿਕ ਕਦਰਾਂ ਜਿਸ ਨਾਲ ਹੋਣ ਉੱਚੀਆਂ, ਧਰਮ ਅਤੇ ਇਖ਼ਲਾਕ ਦੀ ਗੱਲ ਲਿੱਖੀਏ।

ਜਿਹੜੀ ਆਤਮਾ ਤਾਂਈਂ ਅਨੰਦ ਦੇਵੇ, ਉਸ ਰੂਹਾਨੀ ਖ਼ੁਰਾਕ ਦੀ ਗੱਲ ਲਿੱਖੀਏ।

ਘੁਣ ਵਾਂਗ ਜਵਾਨੀ ਨੂੰ ਖਾ ਰਹੇ ਜੋ, ਭੈੜੇ ਨਸ਼ੇ ਨਾਪਾਕ ਦੀ ਗੱਲ ਲਿੱਖੀਏ।

ਜਾਤਾਂ ਪਾਤਾਂ ਦੇ ਸੰਗਲ ਜਿਸ ਨਾਲ ਟੁੱਟਣ, ਏਕੇ ਅਤੇ ਇਤਫਾਕ ਦੀ ਗੱਲ ਲਿੱਖੀਏ।

 

ਜ਼ਿੰਮੇਵਾਰੀਆਂ ਸਾਡੇ ਤੇ ਬਹੁਤ ਭਾਰੀ, ਸਿੱਖ ਕੌਮ ਦੇ ਖਿੜੇ ਗੁਲਾਬ ਆਪਾਂ।

ਮੁਨਕਰ ਰੱਬ ਤੋਂ ਜਿਹੜੇ ਸੁਆਲ ਕਰਦੇ, ਦੇਈਏ ਠੋਕ ਕੇ ਅੱਗੋਂ ਜੁਆਬ ਆਪਾਂ।

ਹਰ ਤਰ੍ਹਾਂ ਦੇ ਮਸਲੇ ’ਤੇ ਕਲਮ ਚੱਲੇ, ਲਿਖੀਏ ਲਿਖਤਾਂ ਹੁਣ ਬੇਹਿਸਾਬ ਆਪਾਂ।

ਕਵਿਤਾ, ਕਹਾਣੀਆਂ ਤੇ ਲਿਖਕੇ ਲੇਖ ਸੋਹਣੇ, ‘ਜਾਚਕ’ ਲਿਆਈਏ ਹੁਣ ਇਨਕਲਾਬ ਆਪਾਂ।

ਗੁਰੂ ਦੇ ਬਚਨ

ਗੁਰੂ ਨਾਨਕ ਨੇ ਸੱਚ ਦੇ ਪਾਂਧੀਆਂ ਨੂੰ, ਸੁੱਚੇ ਸਚ ਦਾ ਮਾਰਗ ਦਿਖਾਲਿਆ ਏ।

ਸਤ, ਸੰਤੋਖ ਤੇ ਸਹਿਜ ਦਾ ਸਬਕ ਦੇ ਕੇ, ਜੀਵਨ ਪ੍ਰੇਮ ਕੁਠਾਲੀ ਵਿੱਚ ਢਾਲਿਆ ਏ।

ਜਿਸ ਨਾਲ ਮਨਾਂ ਦੇ ਵਿੱਚ ਪ੍ਰਕਾਸ਼ ਹੋ ਜਾਏ, ਅੰਦਰ ਨਾਮ ਵਾਲਾ ਦੀਵਾ ਬਾਲਿਆ ਏ।

ਠਾਠਾਂ ਮਾਰਦੇ ਕਿਸੇ ਦਰਿਆ ਵਾਂਗੂੰ, ਸਾਨੂੰ ਮੰਜ਼ਿਲ ਵੱਲ ਵਧਣਾ ਸਿਖਾਲਿਆ ਏ।

ਓਹ ਤਾਂ ਓਸ ਦੇ ਨਾਲ ਇਕਮਿਕ ਹੋ ਗਏ, ਧੁਰ ਅੰਦਰੋਂ ਜੀਹਨਾਂ ਨੇ ਭਾਲਿਆ ਏ।

ਸਦਾ ਲਈ ਓਹ ਸੁਰਖਰੂ ਹੋਏ ‘ਜਾਚਕ’, ਜੀਹਨਾਂ ਗੁਰਾਂ ਦੇ ਬਚਨਾਂ ਨੂੰ ਪਾਲਿਆ ਏ।

ਕੀਰਤਨ

‘ਕੀਰਤਨ ਨਿਰਮੋਲਕ ਹੀਰਾ’ ਲਿਖ ਕੇ ਤੇ, ਗੁਰੂ ਸਾਹਿਬਾਂ ਨੇ ਕੀਤਾ ਪਰਵਾਨ ਕੀਰਤਨ।

‘ਧੁਰ ਕੀ ਬਾਣੀ’ ਜਦ ਰਾਗਾਂ ਵਿੱਚ ਗਾਇਨ ਹੋਵੇ, ਹੋ ਜਾਂਦਾ ਏ ਓਦੋਂ ਮਹਾਨ ਕੀਰਤਨ।

ਆਉਂਦੈ ਕੋਈ ਅਗੰਮੀ ਸੁਆਦ ਅੰਦਰੋਂ, ਸੁਣੀਏ ਲਾ ਕੇ ਜਦੋਂ ਧਿਆਨ ਕੀਰਤਨ।

ਸੁਰਤੀ ਬਿਰਤੀ ਲਗਾ ਕੇ ਸਦਾ ਸੁਣੀਏ, ਕਰਦੇ ਜਦੋਂ ਨੇ ਰਾਗੀ ਸਾਹਿਬਾਨ ਕੀਰਤਨ।

ਰੱਬੀ ਰਜ਼ਾ

ਰਹਿੰਦਾ ਰੱਬੀ ਰਜ਼ਾ ਦੇ ਵਿੱਚ ਜਿਹੜਾ, ਮੈਂ ਮੈਂ ਛੱਡ ਕੇ ਤੂੰ ਤੂੰ ਕਹਿੰਦਾ।

ਬਿਨਾਂ ਬੋਲਿਆਂ ਵਾਹਿਗੁਰੂ ਹਰ ਵੇਲੇ, ਰੋਮ ਰੋਮ ਕਹਿੰਦਾ, ਲੂੰ ਲੂੰ ਕਹਿੰਦਾ।

ਆਉਂਦਾ ਜਦੋਂ ਅਗੰਮੀ ਸੁਆਦ ਅੰਦਰੋਂ, ਜੇਕਰ ਕੋਈ ਪੁਛੇ, ਹੂੰ ਹੂੰ ਕਹਿੰਦਾ।

ਦੁੱਖ ਕਿਸੇ ਦੇ ਅੱਗੇ ਫਰੋਲਦਾ ਨਹੀਂ, ਸਿਰਫ ਗੁਰੂ ਗਰੰਥ ਜੀ ਨੂੰ ਕਹਿੰਦਾ।

ਕਰੋਧ

ਸ਼ਕਲੋਂ ਬੜਾ ਕਰੋਧ ਕਰੂਪ ਹੁੰਦੈ, ਹੁਲੀਏ ਤਾਈਂ ਡਰਾਉਣਾ ਬਣਾ ਦਿੰਦਾ।

ਖਿੜੇ ਮੱਥੇ ਤੇ ਤਿਊੜੀ ਦਾ ਜਨਮ ਹੁੰਦੈ, ਅੱਗ ਪਾਣੀਆਂ ਤਾਈਂ ਇਹ ਲਾ ਦਿੰਦੈ।

ਫਨੀਅਰ ਸੱਪ ਵਾਂਗੂ ਨੱਕ ਸ਼ੂਕਦਾ ਏ, ਲੂੰ ਕੰਡੇ ਇਹ ਖੜੇ ਕਰਵਾ ਦਿੰਦੈ।

ਹੱਥਾਂ ਪੈਰਾਂ ਨੂੰ ਕੰਬਣੀ ਛੇੜ ਦਿੰਦੈ, ਤੇ ਜ਼ਬਾਨ ਤੇ ਤਾਈਂ ਥਥਲਾ ਦਿੰਦੈ।

 

ਕੰਡਾ ਕਰੋਧ ਦਾ ਬੜਾ ਹੀ ਤੰਗ ਕਰਦੈ, ਸਚਮੁੱਚ ਇਹ ਵਾਂਗੂੰ ਚੰਡਾਲ ਆਉਂਦੈ।

ਦੌਰਾ ਖੂਨ ਦਾ ਇਹਦੇ ਨਾਲ ਤੇਜ਼ ਹੁੰਦੈ, ਜਿੰਦਾਂ ਸਰੀਰ ’ਚ ਕੋਈ ਭੂਚਾਲ ਆਉਂਦੈ।

ਉਥਲ ਪੁਥਲ ਇਹ ਮਿੰਟਾਂ ’ਚ ਕਰ ਦਿੰਦੇ, ਤੱਪਦੇ ਪਾਣੀ ’ਚ ਜਿਵੇਂ ਉਬਾਲ ਆਉਂਦੈ।

ਇਹ ਤਾਂ ਸ਼ੁਰੂ ਤੋਂ ਅਕਲ ਦਾ ਰਿਹਾ ਦੁਸ਼ਮਣ, (ਕਿਉਂਕਿ) ਸ਼ੈਤਾਨ ਵੀ ਏਸਦੇ ਨਾਲ ਆਉਂਦੈ।

 

ਖੂਨ ਤਾਂਈਂ ਇਹ ਸਾੜ ਸੁਆਹ ਕਰਦੈ, ਭੂਤ, ਪ੍ਰੇਤ ਕੋਈ ਕਰੋਧੀ ’ਚ ਆਮ ਰਹਿੰਦੈ।

ਬਲੱਡ ਪ੍ਰੈਸਰ ਤੇ ਹੋਰ ਬਿਮਾਰੀਆਂ ਨਾਲ, ਉਹਦੇ ਜਿਸਮ ਦਾ ਚੱਕਾ ਫਿਰ ਜਾਮ ਰਹਿੰਦੈ।

ਅੰਦਰੋ ਅੰਦਰੀ ਹੀ ਕੁੜਦਾ ਓਹ ਰਹੇ ‘ਜਾਚਕ’, ਸਾਰੀ ਉਮਰ ਉਹ ਬੇਅਰਾਮ ਰਹਿੰਦੈ।

ਧੁਖਦੇ ਕੋਲੇ ਦੇ ਵਾਂਗ ਹੀ ਰਹੇ ਧੁਖਦਾ, ਬਣ ਕੇ ਇਸਦਾ ਜੋ ਗੁਲਾਮ ਰਹਿੰਦੈ।

ਸਿੱਖੀ ਸਿਦਕ

ਸਿੱਖੀ ਸਿਦਕ ਅਡੋਲ ਚਟਾਨ ਵਾਂਗੂੰ, ਇਹਦਾ ਕਰ ਕੋਈ ਵਿੰਗਾ ਨਹੀਂ ਵਾਲ ਸਕਦਾ।

ਇਹਨੂੰ ਆਰਾ ਨਹੀਂ ਕੋਈ ਵੀ ਚੀਰ ਸਕਦਾ, ਪਾਣੀ ਉਬਲਦਾ ਏਹਨੂੰ ਨਹੀਂ ਗਾਲ ਸਕਦਾ।

ਹਿਰਦਾ ਸਿੱਖ ਦਾ ਸਖ਼ਤ ਫੌਲਾਦ ਨਾਲੋਂ, ਇਹਨੂੰ ਅੱਗ ਨਾਲ ਕੋਈ ਨਹੀਂ ਢਾਲ ਸਕਦਾ।

ਅਮਰ ਖਾਲਸਾ ‘ਜਾਚਕਾ’ ਅਮਰ ਰਹਿੰਣੈ, ਇਹਨੂੰ ਖਾ ਨਹੀਂ ਕਦੇ ਵੀ ਕਾਲ ਸਕਦਾ।

ਅੱਜਕਲ

ਮਰਿਆ ਸੱਪ ਵੀ ਗਲੇ ਨਹੀਂ ਮਾਣ ਹੁੰਦਾ, ਚਿੰਬੜੇ ਪੰਥ ਨੂੰ ਜਿਊਂਦੇ ਨੇ ਸੱਪ ਅੱਜਕਲ।

ਡੰਗ ਮਾਰਣ ਲਈ ਪੰਥਕ ਸਰੀਰ ਉਤੇ, ਇਕ ਦੂਜੇ ਤੋਂ ਅੱਗੇ ਰਹੇ ਟੱਪ ਅੱਜਕਲ।

ਸਿੱਧੇ ਅਤੇ ਅਸਿੱਧੇ ਢੰਗ ਦੇ ਨਾਲ, ਪਾਈ ਹੋਈ ਐ ਬੜੀ ਹੀ ਖੱਪ ਅੱਜਕਲ।

ਦੋਖੀ ਪੰਥ ਦੇ ‘ਜਾਚਕਾ’ ਰਲ ਮਿਲ ਕੇ, ਸਿੱਖ ਕੌਮ ਦੀ ਸੰਘੀ ਰਹੇ ਨੱਪ ਅੱਜਕਲ।

ਚੜ੍ਹਦੀ ਕਲਾ

ਜਿਹੜਾ ਆਪ ਹੀ ਤਰਨਾ ਨਹੀਂ ਜਾਣਦਾ ਹੈ, ਕਿਦਾਂ ਡੁਬਦਿਆਂ ਨੂੰ ਉਹ ਹੈ ਤਾਰ ਸਕਦਾ।

ਢਹਿੰਦੀ ਕਲਾ ’ਚ ਰਹਿੰਦਾ ਮਨੁੱਖ ਜਿਹੜਾ, ਉਹ ਤਾਂ ਕਦੇ ਵੀ ਲੱਗ ਨਹੀਂ ਪਾਰ ਸਕਦਾ।

ਜੋ ਕੁਝ ਲਿਖਿਐ ਉਹ ਹੋ ਕੇ ਹੀ ਰਹਿਣੈ, ਕੁਦਰਤ ਅੱਗੇ ਕੋਈ ਦਮ ਨਹੀਂ ਮਾਰ ਸਕਦਾ।

ਪਰ ਚੜ੍ਹਦੀ ਕਲਾ ’ਚ ਰਹਿੰਦੈ ਮਨੁੱਖ ਜਿਹੜਾ,ਕਿਸੇ ਹੋਣੀ ਤੋਂ ਉਹ ਨਹੀਂ ਹਾਰ ਸਕਦਾ।

ਬਖ਼ਸ਼ਿਸ਼

ਜਿਹਦੇ ਦਿਲ ’ਚ ਆਪ ਉਹ ਵੱਸ ਜਾਂਦੈ, ਓਹਦੇ ਉੱਤੇ ਫਿਰ ਹੁੰਦੀ ਅਪਾਰ ਬਖ਼ਸ਼ਿਸ਼।

ਜਾਂ ਤਾਂ ਜਾਣਿਆ ਸੀ ਭੈਣ ਨਾਨਕੀ ਨੇ, ਜਾਂ ਫਿਰ ਜਾਣੀ ਸੀ ਰਾਏ ਬੁਲਾਰ ਬਖ਼ਸ਼ਿਸ਼।

ਜਿਹੜਾ ਪਾਪਾਂ ਦੇ ਬੇੜੇ ’ਚ ਡੁੱਬ ਰਿਹਾ ਸੀ, ਸੱਜਣ ਠੱਗ ਨੂੰ ਦਿੱਤਾ ਸੀ ਤਾਰ ਬਖ਼ਸ਼ਿਸ਼।

ਕੌਡੇ ਰਾਖਸ਼ ਜਿਹੇ ਮਾਨਸ ਖਾਣਿਆਂ ਤੇ, ਕਰਕੇ ਦਇਆ ਸੀ ਕੀਤੀ ਦਾਤਾਰ ਬਖ਼ਸ਼ਿਸ਼।