Home » ਸਿਧਾਂਤਕ ਕਵਿਤਾਵਾਂ » ਅਨੰਦ ਕਾਰਜ

ਅਨੰਦ ਕਾਰਜ

by Dr. Hari Singh Jachak
Anand Karaj

ਅਨੰਦ ਕਾਰਜ

ਅਨੰਦ ਕਾਰਜ

ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ, ਪਾਵਨ ਮੁੱਖ ’ਚੋਂ ਦਿੱਤੀਆਂ ਉਚਾਰ ਲਾਵਾਂ।

ਪੜ੍ਹੀਆਂ ਜਾਂਦੀਆਂ ਗੁਰੂ ਗਰੰਥ ਜੀ ’ਚੋਂ , ਚਾਰੋ ਫੇਰਿਆਂ ਨਾਲ ਇਹ ਚਾਰ ਲਾਵਾਂ।

ਮਾਨਵ ਮਨ ਦੀਆਂ ਚਾਰ ਤਬਦੀਲੀਆਂ ਨੂੰ, ਦੁਨੀਆਂ ਸਾਹਮਣੇ ਕਰਨ ਸਾਕਾਰ ਲਾਵਾਂ।

‘ਜੀਵ ਇਸਤਰੀ’ ਤੇ ‘ਪਤੀ ਪ੍ਰਮਾਤਮਾ’ ਨੂੰ, ਮੇਲ ਦਿੰਦੀਆਂ ਨੇ ਆਖਰਕਾਰ ਲਾਵਾਂ।

 

ਪਹਿਲੀ ਲਾਵ ਅੰਦਰ ਪ੍ਰਭੂ ਪਤੀ ਦੇ ਲਈ, ਜੀਵ ਇਸਤਰੀ ਦੇ ਅੰਦਰ ਜਾਪ ਹੁੰਦੈ।

ਦੂਜੀ ਲਾਵ ’ਚ ਓਸਦੀ ਯਾਦ ਕਾਰਣ, ਦੂਰ ਹਊਮੈ ਦੀ ਮੈਲ ਤੇ ਪਾਪ ਹੁੰਦੈ।

ਪ੍ਰਭੂ ਮਿਲਣ ਲਈ ਤੀਸਰੀ ਲਾਵ ਅੰਦਰ, ‘ਤੀਬਰ ਤਾਂਘ’ ਦਾ ਰਾਗ ਅਲਾਪ ਹੁੰਦੈ।

ਅਕਾਲ ਪੁਰਖ ਦੀ ਰਹਿਮਤ ਤੇ ਮਿਹਰ ਸਦਕਾ, ਚੌਥੀ ਲਾਂਵ ’ਚ ਪ੍ਰਭੂ ਮਿਲਾਪ ਹੁੰਦੈ।  

 

ਗੁਰਸਿੱਖ ਰੂਹਾਂ ਦਾ ਮੇਲ ਮਿਲਾਪ ਕਰਕੇ, ਬਣਾਉਂਦੈ ਸਦੀਵੀ ਸਬੰਧ ਆਨੰਦ ਕਾਰਜ।

‘ਏਕਾ ਨਾਰੀ ਜਤੀ ਹੋਇ’ ਮਹਾਂਵਾਕ ਦੇ ਲਈ, ਕਰਦੈ ਸਾਨੂੰ ਪਾਬੰਦ, ਅਨੰਦ ਕਾਰਜ।

ਜੀਵਨ ਭਰ ਜੋ ਕਦੇ ਨਾ ਟੁੱਟ ਸਕੇ, ਇਹ ਉਹ ਪਿਆਰ ਦੀ ਤੰਦ, ਅਨੰਦ ਕਾਰਜ।

ਸਿਰਫ ਦੋ ਸਰੀਰਾਂ ਦਾ ਮੇਲ ਨਹੀਂ ਇਹ, ਇਹ ਤਾਂ ਆਤਮਿਕ ਅਨੰਦ, ਅਨੰਦ ਕਾਰਜ।

 

ਅਨੰਦ ਕਾਰਜ ਦਾ ਹੈ ਸੰਸਕਾਰ ਜਿਹੜਾ, ਬਹੁਤ ਜਰੂਰੀ ਹੈ ਜੀਵਨ ਦਾ ਅੰਗ ਇਹ ਤਾਂ।

ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ, ਸਾਡੇ ਵਿਆਹ ਦਾ ਨਿਵੇਕਲਾ ਢੰਗ ਇਹ ਤਾਂ।

ਸਾਦੇ ਵਿਆਹ ਹੀ ਗੁਰਮਤਿ ਅਨੁਸਾਰ ਹੋਵਣ, ਅੱਜ ਦੇ ਸਮੇਂ ਦੀ ਮੁੱਖ ਹੈ ਮੰਗ ਇਹ ਤਾਂ।

ਨਿਰੀ ਪੁਰੀ ਨਹੀਂ ਸ਼ਾਦੀ ਦੀ ਰਸਮ ਕੋਈ, ਦੇਵੇ ਨਾਮ ਨਾਲ ਆਤਮਾ ਰੰਗ ਇਹ ਤਾਂ।

 

ਵਿਆਹ ਕੋਈ ਗੁਲਾਮੀ ਜਾਂ ਕੈਦ ਨਹੀਂ ਏ, ਇਹਨੂੰ ਸੁਖ ਤੇ ਖੁਸ਼ੀ ਦਾ ਮੂਲ ਸਮਝੋ।

ਪਾਵਨ ਪ੍ਰਮ ਪਵਿੱਤਰ ਹੈ ਇਹ ਨਾਤਾ, ਇਹਨੂੰ ਗੁਰਮਤਿ ਦੇ ਸਦਾ ਅਨੁਕੂਲ ਸਮਝੋ।

ਗ੍ਰਿਹਸਥ ਮਾਰਗ’ਚ ਜਿਥੋਂ ਪ੍ਰਵੇਸ਼ ਕਰਨੈ, ਓਸ ਮਾਰਗ ਦਾ ਮੁੱਢਲਾ ਸਕੂਲ ਸਮਝੋ।

‘ਏਕ ਜੋਤ ਦੁਇ ਮੂਰਤੀ’ ਹੋਣ ਦੋਵੇਂ, ‘ਧੁਰ ਸੰਜੋਗ’ ਦਾ ਪਹਿਲਾ ਅਸੂਲ ਸਮਝੋ।

 

ਪ੍ਰਮ ਆਨੰਦ ਦੀ ਪ੍ਰਾਪਤੀ ਹੋਏ ਜਿੱਥੋਂ, ਪਤੀ ਪਤਨੀ ਦਾ ਪ੍ਰੀਤ ਪ੍ਰਵਾਹ ਇਹ ਤਾਂ।

ਕਮਲ ਫੁੱਲ ਦੇ ਵਾਂਗ ਨਿਰਲੇਪ ਰਹਿਣੈ, ਗ੍ਰਿਹਸਤ ਗੱਡੀ ਲਈ ਗੁਰਮਤਿ ਦਾ ਰਾਹ ਇਹ ਤਾਂ।

ਇਕ ਦੂਜੇ ਦਾ ਦਿਲੋਂ ਸਤਿਕਾਰ ਕਰਨੈ, ਚੜ੍ਹਦੀ ਕਲਾ ਦੇ ਲਈ ਉਤਸ਼ਾਹ ਇਹ ਤਾਂ।

ਗੁਰੂ ਚਰਨਾਂ ’ਚ ਗੁਰੂ ਦੀ ਮਿਹਰ ਸਦਕਾ, ਗੁਰ ਮਰਿਆਦਾ ਨਾਲ ਹੁੰਦੈ ਵਿਆਹ ਇਹ ਤਾਂ।

 

ਦਾਜ ਦਹੇਜ ਤੇ ਫੋਕੇ ਅਡੰਬਰਾਂ ਜਿਹੇ, ਛੱਡੋ ਰਸਮਾਂ ਰਿਵਾਜਾਂ ਤੇ ਰੀਤੀਆਂ ਨੂੰ।

ਸਮਾਜ ਮੱਥੇ ਕਲੰਕ ਦੇ ਇਹ ਟਿੱਕੇ, ਛੱਡੀਏ ਲਾਹਨਤਾਂ ਅਤੇ ਬਦਨੀਤੀਆਂ ਨੂੰ।

ਚਾਦਰ ਵੇਖ ਜੋ ਪੈਰ ਪਸਾਰਦੇ ਨਹੀਂ, ਆਖਰ ਭੋਗਦੇ ਆਪਣੀਆਂ ਕੀਤੀਆਂ ਨੂੰ।

ਨੌਜਵਾਨ ਹੁਣ ਲੜਕੇ ਤੇ ਲੜਕੀਆਂ ਹੀ, ਰੋਕ ਸਕਦੇ ਅਜਿਹੀਆਂ ਕੁਰੀਤੀਆਂ ਨੂੰ।

 

ਆਖਾ, ਠਾਕਾ, ਕੁੜਮਾਈ ਤੇ ਸ਼ਗਨ ਕੋਲੋ, ਆਪੋ ਆਪਣਾ ਖਹਿੜਾ ਛੁੜਾਉ ਸਾਰੇ।

‘ਪੈਸੇ’ ਅਤੇ ‘ਪਿਆਲੇ’ ਤੋਂ ਦੂਰ ਰਹਿਕੇ, ਸਿੱਖ ਸਿਧਾਤਾਂ ਦੇ ਤਾਈ ਅਪਨਾਉ ਸਾਰੇ।

ਕਦੇ ਭੁਲ ਕੇ ਵਿਆਹ ਦੇ ਕਾਰਡਾਂ ’ਚ, ਆਪਣੀਆਂ ਜਾਤਾਂ ਨਾ ਕਦੇ ਲਿਖਵਾਉ ਸਾਰੇ।

ਗੁਰੂ ਗਰੰਥ ਜੀ ਦੇ ਪਾਵਨ ਸਰੂਪ ਤਾਂਈ, ਹੋਟਲਾਂ, ਕਲੱਬਾਂ ’ਚ ਲੈ ਨਾ ਜਾਉ ਸਾਰੇ।

 

ਗੁਰੂ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਸਾਹਵੇਂ, ਗਦੇਲਿਆਂ ਉੱਤੇ ਨਾ ਬੈਠੋ ਬਿਠਾਉ ਸਾਰੇ।

ਜੇਕਰ ਫੁਲਾਂ ਦੀ ਵਰਖਾ ਜ਼ਰੂਰ ਕਰਨੀ, ਗੁਰੂ ਸਾਹਿਬ ਜੀ ਤੇ ਹੀ ਵਰਸਾਉ ਸਾਰੇ।

ਗੁਰੂ ਚਰਨਾਂ ’ਚ ਬੈਠਣ ਦੇ ਵਕਤ ‘ਜਾਚਕ’, ਕਦੇ ਸਿਹਰੇ ਤੇ ਕਲਗੀ ਨਾ ਲਾਉ ਸਾਰੇ।

ਗੁਰਦੁਆਰੇ ’ਚ ਗੁਰੂ ਦੇ ਹੋ ਸਨਮੁੱਖ, ਅਨੰਦ ਕਾਰਜ ਦੀ ਰਸਮ ਨਿਭਾਉ ਸਾਰੇ।