Home » ਸਿਧਾਂਤਕ ਕਵਿਤਾਵਾਂ » ਸਿੱਖਾਂ ਦੇ ਬਾਰਾਂ ਵੱਜ ਗਏ ਨੇ

ਸਿੱਖਾਂ ਦੇ ਬਾਰਾਂ ਵੱਜ ਗਏ ਨੇ

by Dr. Hari Singh Jachak
Sikha De Barah Vaj Gye Ne

ਸਿੱਖਾਂ ਦੇ ਬਾਰਾਂ ਵੱਜ ਗਏ ਨੇ

ਸਿੱਖਾਂ ਦੇ ਬਾਰਾਂ ਵੱਜ ਗਏ ਨੇ

ਸਿੱਖ ਇਤਿਹਾਸ ਤੋਂ ਨੇ ਅਣਜਾਣ ਜਿਹੜੇ, ਸਿੱਖਾਂ ਵਾਲਾ ਮਖੌਲ ਉਡਾਈ ਜਾਂਦੇ।

ਸੋਸ਼ਲ ਮੀਡੀਆ ਉੱਤੇ ਵੀ ਬਖਸ਼ਦੇ ਨਹੀਂ, ਸਿੱਖਾਂ ਬਾਰੇ ਨੇ ਚੁਟਕਲੇ ਪਾਈ ਜਾਂਦੇ।

ਸੰਤਾ ਬੰਤਾ ਤੇ ਹੋਰ ਕਈ ਨਾਂ ਰੱਖ ਕੇ, ਸਿੱਖ ਜਜ਼ਬਿਆਂ ਤਾਈਂ ਭੜਕਾਈ ਜਾਂਦੇ।

ਹਾਸੋਹੀਣੇ ਜਹੇ ਸਾਂਗ ਬਣਾ ਕੇ ਤੇ, ਟੀ ਵੀ, ਫ਼ਿਲਮਾਂ ’ਚ ਸਿੱਖ ਵਿਖਾਈ ਜਾਂਦੇ।

ਉਨੀ ਸੌ ਸੰਤਾਲੀ ਤੋਂ ਹੁਣ ਤੀਕਰ, ਭੁੱਲ ਸਾਰੀ ਹੀ ਇਹ ਲੋਕ-ਲੱਜ ਗਏ ਨੇ।

ਕਰਨਾ ਹੁੰਦਾ ਜਦ ਭੱਦਾ ਮਖੌਲ ਕੋਈ, ਕਹਿੰਦੇ ਸਿੱਖਾਂ ਦੇ ਬਾਰਾਂ ਵੱਜ ਗਏ ਨੇ।

 

ਬਾਰਾਂ ਵਜੇ ਦਾ ਕੀ ਇਤਿਹਾਸ ਸਾਡਾ, ਏਹਦੇ ਬਾਰੇ ਮੈਂ ਚਾਨਣਾ ਪਾਉਣ ਲੱਗਾਂ।

ਏਨ੍ਹਾਂ ਸ਼ਬਦਾਂ ਦੀ ਕੀ ਮਹਾਨਤਾ ਹੈ, ਕੁਝ ਕੁ ਮਿੰਟਾਂ ਦੇ ਵਿੱਚ ਸੁਣਾਉਣ ਲੱਗਾਂ।

ਭਾਰਤ ਦੇਸ਼ ਦੀ ਓਦੋਂ ਸੀ ਕੀ ਹਾਲਤ, ਸਭ ਦੇ ਸਾਹਮਣੇ ਓਹ ਲਿਆੳਣ ਲੱਗਾਂ।

ਸਿੱਖ ਕੌਮ ਦਾ ਸਦੀ ਸਤਾਰਵੀਂ ਦਾ, ਲਹੂ ਭਿੱਜਾ ਇਤਿਹਾਸ ਦੁਹਰਾਉਣ ਲੱਗਾਂ।

ਓਦੋਂ ਰਾਤ ਨੂੰ ਦੁਸ਼ਮਣ ਤੇ ਕਰ ਹਮਲਾ, ਸਿੰਘ ਵਿੱਚ ਮੈਦਾਨਾਂ ਦੇ ਗੱਜਦੇ ਸੀ।

ਨਾਨੀ ਚੇਤੇ ਕਰਵਾਉਂਦੇ ਸੀ ਜ਼ਾਲਮਾਂ ਨੂੰ, ਜਦੋਂ ਰਾਤ ਵੇਲੇ ਬਾਰਾਂ ਵੱਜਦੇ ਸੀ।

 

ਇਰਾਨ ਅਤੇ ਅਫ਼ਗਾਨ ਦੇ ਧਾੜਵੀ ਜਦ, ਸਾਡੀ ਆ ਆ ਕੇ ਫੱਟੀ ਪੋਚਦੇ ਸੀ।

ਅਹਿਮਦਸ਼ਾਹ ਅਬਦਾਲੀ ਤੇ ਕਈ ਨਾਦਿਰ, ਚਿੱੜੀ ਸੋਨੇ ਦੀ ਹੱਥਾਂ ’ਚ ਬੋਚਦੇ ਸੀ।

ਚੁੱਕ ਕੇ ਲੈ ਜਾਂਦੇ ਹਿੰਦੂ ਬੱਚੀਆਂ ਨੂੰ, ਅਸੀਂ ਦੇਖਦੇ ਸੀ, ਅਸੀਂ ਸੋਚਦੇ ਸੀ।

ਵੇਚ ਦੇਂਦੇ ਸਨ ਗਜ਼ਨੀ ਦੇ ਵਿੱਚ ਜਾ ਕੇ, ਮਾਸ ਓਨ੍ਹਾਂ ਦਾ ਓਹ ਫਿਰ ਨੋਚਦੇ ਸੀ।

ਭਾਰਤ ਉੱਤੇ ਜਦ ਹਮਲੇ ਸੀ ਆਣ ਕਰਦੇ, ਅੱਗੇ ਅੱਗੇ ਸਭ ਰਾਜੇ ਸਭ ਭੱਜਦੇ ਸੀ।

ਬਾਜ ਵਾਂਗ ਤਦ ਸਿੰਘ ਹੀ ਝਪਟਦੇ ਸੀ, ਜਦੋਂ ਰਾਤ ਦੇ ਬਾਰਾਂ ਵੱਜਦੇ ਸੀ।

 

ਨਾਦਰਸ਼ਾਹ ਜਦ ਦਿੱਲੀ ਤੇ ਕਰ ਹਮਲੇ, ਲੁੱਟ ਕੁੱਟ ਕੇ ਤੇ ਭੜਥੂ ਪਾ ਰਿਹਾ ਸੀ।

ਸੋਨਾ, ਹੀਰੇ ਜਵਾਹਰ ਤੇ ਲੁੱਟ ਮੋਹਰਾਂ, ਵਾਪਸ ਵੱਲ ਇਰਾਨ ਦੇ ਜਾ ਰਿਹਾ ਸੀ।

ਬਹੁਆਂ ਬੇਟੀਆਂ ਬੰਦੀ ਬਣਾ ਕੇ ਤੇ, ਨਾਲ ਆਪਣੇ ਓਹ ਲਿਜਾ ਰਿਹਾ ਸੀ।

ਓਸ ਵੇਲੇ ਦਲ ਖਾਲਸਾ ਅੜ ਅੱਗੋਂ, ਦੁਸ਼ਮਣ ਦਲਾਂ ਦੇ ਛੱਕੇ ਛੁਡਾ ਰਿਹਾ ਸੀ।

ਅੱਧੀ ਰਾਤ ਨੂੰ ਹੋਇਆ ਜੀ ਜਦੋਂ ਹਮਲਾ, ਦੁਸ਼ਮਣ ਦੁੰਮ ਦਬਾ ਕੇ ਭੱਜ ਗਏ ਸੀ।

ਸਿੰਘਾਂ ਹੱਥ ਸੀ ਸਾਰਾ ਮੈਦਾਨ ਆਇਆ, ਓਦੋਂ ਰਾਤ ਵਾਲੇ ਬਾਰਾਂ ਵੱਜ ਗਏ ਸੀ।

 

ਜਾਨ ਆਪਣੀ ਤਲੀ ਤੇ ਰੱਖ ਕੇ ਤੇ, ਭੜਥੂ ਜੰਗ’ਚ ਪਾਇਆ ਸੀ ਖਾਲਸੇ ਨੇ।

ਓਹਨੂੰ ਦਿਨੇ ਹੀ ਤਾਰੇ ਵਿਖਾ ਕੇ ਤੇ, ਚੰਗਾ ਸਬਕ ਸਿਖਾਇਆ ਸੀ ਖਾਲਸੇ ਨੇ।

ਬਹੂਆਂ ਬੇਟੀਆਂ ਤਾਈਂ ਛੁਡਵਾ ਕੇ ਤੇ, ਘਰੋ ਘਰੀ ਪਹੁੰਚਾਇਆ ਸੀ ਖਾਲਸੇ ਨੇ।

ਭਾਰਤ ਦੇਸ਼ ਦੀ ਇੱਜਤ ਤੇ ਆਬਰੂ ਨੂੰ, ਰਾਤਾਂ ਜਾਗ ਬਚਾਇਆ ਸੀ ਖਾਲਸੇ ਨੇ।

ਕੈਦ ਕੀਤੀਆਂ ਬਹੂਆਂ ਤੇ ਬੇਟੀਆਂ ਦੇ, ਸਿੰਘ ਆ ਕੇ ਤੇ ਪਰਦੇ ਕੱਜਦੇ ਸੀ।

ਘਰੋ ਘਰੀ ਸਨ ਓਨ੍ਹਾਂ ਨੂੰ ਭੇਜ ਦਿੰਦੇ, ਜਦੋਂ ਰਾਤ ਦੇ ਬਾਰ੍ਹਾਂ ਵੱਜਦੇ ਸੀ।

                                               

ਕਪੂਰ ਸਿੰਘ ਨਵਾਬ ਸੀ ਜਦੋਂ ਬਣਿਆ, ਆਪੋ ਵਿੱਚ ਪਿਆਰ ਸੀ ਖਾਲਸੇ ਦਾ।

ਫੇਰ ਜੱਸਾ ਸਿੰਘ ਆਹਲੂਵਾਲੀਆ ਵੀ, ਬਣ ਗਿਆ ਜਥੇਦਾਰ ਸੀ ਖਾਲਸੇ ਦਾ।

ਹਿੰਦੂ, ਮੁਸਲਮ ਸਭ ਬੜਾ ਸੀ ਮਾਣ ਕਰਦੇ, ਉਚਾ ਸੁੱਚਾ ਕਿਰਦਾਰ ਸੀ ਖਾਲਸੇ ਦਾ।

ਓਦੋਂ ਸਿੰਘਾਂ ਨੂੰ ਘਰੀਂ ਪਨਾਹ ਦੇ ਕੇ, ਕਰਦੇ ਸਾਰੇ ਸਤਿਕਾਰ ਸੀ ਖਾਲਸੇ ਦਾ।

ਸਿੰਘ ਓਨ੍ਹਾਂ ਦੀ ਇਜਤ ਦੇ ਬਣੇ ਰਾਖੇ, ਸਿਹਰੇ ਓਨ੍ਹਾਂ ਦੇ ਸਿਰਾਂ ਤੇ ਸੱਜਦੇ ਸੀ।

ਆਮ ਲੋਕ ਤਦ ਸੁੱਖ ਦੀ ਨੀਂਦ ਸੌਂਦੇ, ਜਦੋਂ ਰਾਤ ਦੇ ਬਾਰਾਂ ਵੱਜਦੇ ਸੀ।

 

ਦੁਸ਼ਮਣ ਦਲਾਂ ਦੀ ਗਿਣਤੀ ਸੀ ਬਹੁਤ ਜਿਆਦਾ, ਪਰ ਨਾ ਦਿਲ ਡੁਲਾਇਆ ਸੀ ਖਾਲਸੇ ਨੇ।

ਜੀਹਨਾਂ ਨਾਲ ਕੋਈ ਮੱਥਾ ਨਾ ਲਾ ਸਕਿਆ, ਮੱਥਾ ਓਨ੍ਹਾਂ ਨਾਲ ਲਾਇਆ ਸੀ ਖਾਲਸੇ ਨੇ।

ਪੈ ਗਏ ਸਿਰਾਂ ਦੇ ਮੁੱਲ ਸੀ ਖਾਲਸੇ ਦੇ, ਜੰਗਲ ਘਰ ਬਣਾਇਆ ਸੀ ਖਾਲਸੇ ਨੇ।

ਓਸ ਸਮੇਂ ‘ਗੁਰੀਲਾ ਯੁੱਧ’ ਵਾਲਾ, ਢੰਗ ਤਰੀਕਾ ਅਪਣਾਇਆ ਸੀ ਖਾਲਸੇ ਨੇ।

ਗੂੰਜ ਸੁਣ ਕੇ ਓਦੋਂ ਜੈਕਾਰਿਆਂ ਦੀ, ਸਿਰ ਤੇ ਪੈਰ ਰੱਖ ਕੇ ਦੁਸ਼ਮਣ ਭੱਜ ਗਏ ਨੇ।

ਕਹਿੰਦੇ ਛੇਤੀ ਬਿਆਸਾ ਨੂੰ ਪਾਰ ਕਰੀਏ, ਕਿਉਂਕਿ ਸਿੰਘਾਂ ਦੇ ਬਾਰਾਂ ਵੱਜ ਗਏ ਨੇ।

 

ਕਾਜੀ ਨੂਰ ਮੁਹੰਮਦ ਨੇ ਲਿਖਿਆ ਸੀ, ਸਿੰਘ ਹੌਸਲਾ ਕਦੇ ਵੀ ਹਾਰਦੇ ਨਹੀਂ।

ਕਰਦੇ ਇਜਤ ਨੇ ਇਹ ਤਾਂ ਬੀਬੀਆਂ ਦੀ, ਗਹਿਣੇ ਕਿਸੇ ਦੇ ਕਦੇ ਉਤਾਰਦੇ ਨਹੀਂ।

ਮਾੜਾ ਬੋਲ ਇਹ ਕਿਸੇ ਨੂੰ ਬੋਲਦੇ ਨਹੀਂ, ਪਰ ਮੰਦਾ ਬੋਲ ਵੀ ਕਦੇ ਸਹਾਰਦੇ ਨਹੀਂ।

ਜ਼ਾਲਮ ਤਾਈਂ ਇਹ ਕਦੇ ਵੀ ਛੱਡਦੇ ਨਹੀਂ, ਪਰ ਮਾੜੇ ਬੰਦੇ ਨੂੰ ਕਦੇ ਲਲਕਾਰਦੇ ਨਹੀਂ।

ਨਸ਼ੇ ਵਿੱਚ ਜਦ ਦੁਸ਼ਮਣ ਨੇ ਮਸਤ ਹੁੰਦੇ, ਆ ਕੇ ਵਾਂਗ ਬੱਦਲਾਂ ਸਿੰਘ ਗੱਜਦੇ ਨੇ।

ਲੁਕਣ ਲਈ ਨਹੀਂ ਓਨ੍ਹਾਂ ਨੂੰ ਥਾਂ ਮਿਲਦੀ, ਜਦੋਂ ਸਿੰਘਾਂ ਦੇ ਬਾਰਾਂ ਵੱਜਦੇ ਨੇ।

 

ਸਿੱਖ ਕੌਮ ਹੈ ਬੀਰ ਬਹਾਦਰਾਂ ਦੀ, ਇਹਦੀ ਸ਼ਾਨ ਦਾ ਸਦਾ ਖਿਆਲ ਰੱਖੋ।

ਨਾ ਹੀ ਡਰਨ, ਡਰਾਉਣ ਨਾ ਕਿਸੇ ਤਾਈਂ, ਪੱਲੇ ਬੰਨ੍ਹ ਕੇ ਇਹ ਗੱਲ ਨਾਲ ਰੱਖੋ।

ਚਾਲਾਂ ਪੁਠੀਆਂ ਏਸ ਨਾਲ ਨਾ ਖੇਡੋ, ਠੀਕ ਠਾਕ ਹਰ ਆਪਣੀ ਚਾਲ ਰੱਖੋ।

ਭੱਦੇ ਢੰਗ ਨਾਲ ਬੋਲਣ ਤੋਂ ਸਦਾ ਪਹਿਲਾਂ, ਆਪਣੀ ਇਜ਼ਤ ਦਾ ਆਪ ਖਿਆਲ ਰੱਖੋ।

ਜਿਹੜੇ ਬਾਜ ਨਹੀਂ ਆਉਂਦੇ ਫਿਰ ਪੈਣ ਥੱਪੜ, ਥੱਪੜ ਖਾ ਖਾ ਕੇ ਓਥੋਂ ਭੱਜ ਗਏੇ ਨੇ।

ਸਾਰੀ ਜ਼ਿੰਦਗੀ ਫੇਰ ਨਾ ਕਹਿਣ ‘ਜਾਚਕ’, ਕਿ ਸਿੱਖਾਂ ਦੇ ਬਾਰਾਂ ਵੱਜ ਗਏ ਨੇ।