ਹੋਲਾ ਮਹੱਲਾ
ਹੋਲਾ ਮਹੱਲਾ
ਦਸਮ ਪਿਤਾ ਨੇ ਆਪਣੇ ਖਾਲਸੇ ਨੂੰ, ਪਾਵਨ ਹੋਲਾ ਮਨਾਉਣ ਦੀ ਜਾਚ ਦੱਸੀ।
ਜਿਹੜੇ ਕਰਦੇ ਸਨ ਜ਼ੁਲਮ ਮਨੁੱਖਤਾ ਤੇ, ਉਹ ਦੁਸ਼ਟ ਮੁਕਾਉਣ ਦੀ ਜਾਚ ਦੱਸੀ।
ਬਦਲਣ ਲਈ ਗੁਲਾਮੀ ਦੀ ਸੋਚ ਤਾਂਈਂ, ਉਨ੍ਹਾਂ ਖੰਡਾ ਖੜਕਾਉਣ ਦੀ ਜਾਚ ਦੱਸੀ।
ਇਕ ਹੱਥ ਮਾਲਾ ਤੇ ਦੂਜੇ ਤਲਵਾਰ ਦੇ ਕੇ, ਦੇਗ ਤੇਗ ਚਲਾਉਣ ਦੀ ਜਾਚ ਦੱਸੀ।
ਔਰੰਗਜੇਬ ਸੀ ਉਦੋਂ ਫ਼ੁਰਮਾਨ ਕੀਤਾ, ਥਾਂ ਥਾਂ ’ਤੇ ਏਦਾਂ ਪ੍ਰਚਾਰ ਹੋਵੇ।
ਦੇਵਾਂ ਜਿਹਨੂੰ ਦਰਬਾਰੀ ਦਰਬਾਰ ਅੰਦਰ, ਪੱਗ ਬਣਨ ਦਾ ਉਹੀ ਹੱਕਦਾਰ ਹੋਵੇ।
ਨਾ ਕੋਈ ਚੜ੍ਹੇ ਘੋੜੇ, ਨਾ ਖੜਕਾਏ ਧੌਂਸੇ, ਕਿਸੇ ਹੱਥ ਨਾ ਕੋਈ ਹਥਿਆਰ ਹੋਵੇ।
ਉਹਨੂੰ ਸਦਾ ਦੀ ਨੀਂਦ ਸੁਆ ਦੇਵੋ, ਜਿਹੜਾ ਮੰਨਣ ਤੋਂ ਕਰਦਾ ਇਨਕਾਰ ਹੋਵੇ।
ਦਸਮ ਪਿਤਾ ਨੇ ਚੈਲਿੰਜ ਕਬੂਲ ਕੀਤਾ, ਉਹ ਤਾਂ ਘੋੜੇ ਤੇ ਫੌਜਾਂ ਰਖਾਉਣ ਲੱਗੇ।
‘ਮੁੱਖ ਤੇ ਹਰਿ ਤੇ ਚਿਤ ਮੈਂ ਯੁੱਧ ਵਾਲੇ, ਧੌਂਸੇ ਅਤੇ ਨਗਾਰੇ ਵਜਾਉਣ ਲੱਗੇ।
ਕਲਗੀਧਰ ਦੇ ਹੁਕਮ ਨੂੰ ਮੰਨ ਕੇ ਤੇ, ਸਿੰਘ ਦੂਹਰੇ ਦਸਤਾਰੇ ਸਜਾਉਣ ਲੱਗੇ।
ਲੋਕੀ ਰੰਗ ਦੀਆਂ ਹੋਲੀਆਂ ਖੇਡਦੇ ਨੇ, ਉਹ ਤਾਂ ਖੂਨ ਦੇ ਹੋਲੇ ਖਿਡਾਉਣ ਲੱਗੇ।
ਉਨ੍ਹਾਂ ਕਿਹਾ ਕਿ ਸ਼ਾਸਤਰ ਅਤੇ ਸ਼ਸ਼ਤਰ, ਕੌਮਾਂ ਜਿਉਂਦੀਆਂ ਦੇ ਮੁੱਖ ਅੰਗ ਸਿੰਘੋ।
ਘੋੜ ਸਵਾਰੀ ਤੇ ਖੇਡਾਂ ਦੇ ਨਾਲ ਸਿੱਖੋ, ਜੰਗੀ ਚਾਲ ਵਾਲੇ ਫੌਜੀ ਢੰਗ ਸਿੰਘੋ।
ਨਕਲੀ ਰੰਗ ਇਕ ਦੂਜੇ ਤੇ ਪਾਉਣ ਦੀ ਥਾਂ, ਨਾਮ ਰੰਗ’ਚ ਆਪਾ ਲਉ ਰੰਗ ਸਿੰਘੋ।
ਝੁਕਣਾ ਕਦੇ ਨਹੀਂ ਜਬਰ ਤੇ ਜ਼ੁਲਮ ਅੱਗੇ, ਹੱਕ ਸੱਚ ਲਈ ਕਰਨੀ ਏ ਜੰਗ ਸਿੰਘੋ।
ਸੁਣਕੇ ਸਾਹਿਬੇ ਕਮਾਲ ਦੀ ਗਰਜ ਓਦੋਂ, ਸੁੱਤੇ ਹੋਏ ਇਨਸਾਨ ਸੀ ਜਾਗ ਉੱਠੇ ।
ਭਾਜੜ ਪਾਉਣ ਲਈ ਭੇਡਾਂ ਦੇ ਵੱਗ ਤਾਂਈਂ, ਸ਼ੇਰ ਦਿਲ ਜਵਾਨ ਸੀ ਜਾਗ ਉੱਠੇ।
ਪੈਰਾਂ ਹੇਠ ਮਧੋਲੇ ਜੋ ਜਾ ਰਹੇ ਸੀ, ਦੱਬੇ ਕੁਚਲੇ ਅਰਮਾਨ ਸੀ ਜਾਗ ਉੱਠੇ।
ਖੇਡਣ ਲਈ ਤਲਵਾਰ ਦੀ ਨੋਕ ਉੱਤੇ, ਬੀਰ, ਬਾਂਕੇ ਬਲਵਾਨ ਸੀ ਜਾਗ ਉੱਠੇ।
ਦਸਮ ਪਿਤਾ ਦੀ ਪਾਵਨ ਅਗਵਾਈ ਹੇਠਾਂ, ਸਿੰਘ ਕਰਦੇ ਸੀ ਜੰਗੀ ਅਭਿਆਸ ਏਥੇ।
ਚੋਟਾਂ ਲਗਦੀਆਂ ਧੌਂਸੇ ਨਗਾਰਿਆਂ ਤੇ, ਵੇਖਣ ਵਾਲਾ ਨਜ਼ਾਰਾ ਸੀ ਖਾਸ ਏਥੇ।
ਹੱਲਾ ਸ਼ੇਰੀ ਉਹ ਦਿੰਦੇ ਸੀ ਯੋਧਿਆਂ ਨੂੰ, ਰਣ ਤੱਤੇ ’ਚ ਬੈਠ ਕੇ ਪਾਸ ਏਥੇ।
ਪੈਂਦੀ ਜਦੋਂ ਸੀ ਗੂੰਜ ਜੈਕਾਰਿਆਂ ਦੀ, ਗੂੰਜ ਉੱਠਦਾ ਸਾਰਾ ਅਕਾਸ਼ ਏਥੇ।
ਉਨ੍ਹਾਂ ਭਗਤੀ ਦੀ ਰੱਖਿਆ ਕਰਨ ਦੇ ਲਈ, ਕੀਤਾ ਸ਼ਕਤੀ ਦਾ ਨਾਲ ਸੰਚਾਰ ਹੈਸੀ।
ਫਤਹਿ ਕਰਨ ਲਈ ਖਾਸ ਅਸਥਾਨ ਤਾਂਈਂ, ਪੈਂਦੇ ਟੁੱਟ ਕੇ ਬਾਂਕੇ ਬਲਕਾਰ ਹੈਸੀ।
ਜਿਹੜੇ ਜਿੱਤਦੇ,ਪਾਤਸ਼ਾਹ ਆਪ ਹੱਥੀਂ, ਸਿਰੋਪਾ ਦੇ ਕੇ ਕਰਦੇ ਸਤਿਕਾਰ ਹੈਸੀ।
ਹੋਲੇ ਮਹੱਲੇ ਦੇ ਰੂਪ ’ਚ ਉਦੋਂ ਤੋਂ ਹੀ, ਜੰਗਾਂ ਯੁੱਧਾਂ ਦਾ ਬਣਿਆ ਤਿਉਹਾਰ ਹੈਸੀ।
ਡਿੱਗਿਆਂ ਢੱਠਿਆਂ ਮਨਾਂ ਦੇ ਵਿੱਚ ਇਹ ਤਾਂ, ਚੜ੍ਹਦੀ ਕਲਾ ਦਾ ਕਰੇ ਅਹਿਸਾਸ ਪੈਦਾ।
ਸਾਰੀ ਕੌਮ ਨੂੰ ਇੱਕ ਥਾਂ ਤੱਕ ਕੇ ਤੇ, ਪੰਥਕ ਏਕੇ ਦੀ ਹੁੰਦੀ ਏ ਆਸ ਪੈਦਾ।
ਢਾਡੀ ਵਾਰਾਂ ਜੁਸ਼ੀਲੀਆਂ ਤਾਂਈਂ ਸੁਣ ਕੇ, ਬੀਰ ਰਸ ਕੋਈ ਹੁੰਦਾ ਏ ਖਾਸ ਪੈਦਾ।
ਇਥੇ ਕਵੀਆਂ ਨੇ ‘ਜਾਚਕਾ’ ਕਲਮ ਵਿੱਚੋਂ, ਸੂਰਮਗਤੀ ਦਾ ਕੀਤੈ ਇਤਿਹਾਸ ਪੈਦਾ।
ਗੁੜਤੀ ਮਿਲੀ ਹੈ ਗੁਰੂ ਦਸ਼ਮੇਸ਼ ਜੀ ਤੋਂ, ਅੱਗ ਅਣਖ ਦੀ ਦੇਂਦਾ ਹੈ ਬਾਲ ਹੋਲਾ।
ਸੀਸ ਤਲੀ ਤੇ ਰੱਖ ਕੇ ਖੇਡਦੇ ਨੇ, ਦਸਮ ਪਿਤਾ ਦੇ ਲਾਡਲੇ ਲਾਲ ਹੋਲਾ।
ਸਾਨੂੰ ਸਾਰਾ ਇਤਿਹਾਸ ਹੀ ਦੱਸਦਾ ਏ, ਕਰਦਾ ਮੌਤ ਤਾਈਂ ਲਾਲੋ ਲਾਲ ਹੋਲਾ।
ਲੋਕੀ ਰੰਗ ਦੀਆਂ ਹੋਲੀਆਂ ਖੇਡਦੇ ਨੇ, ਸਿੰਘ ਖੇਡਦੇ ਖੂਨ ਦੇ ਨਾਲ ਹੋਲਾ।
ਦਸਮ ਪਿਤਾ ਨੇ ਬਖਸ਼ਿਆ ਹੈ ਜਿਹੜਾ, ਚੜ੍ਹਦੀ ਕਲਾ ਦਾ ਹੈ ਪਰਤੀਕ ਹੋਲਾ।
ਅਸੀਂ ਇਹਦੀ ਹਾਂ ਕਰਦੇ ਉਡੀਕ ਰਹਿੰਦੇ,ਓਧਰ ਕਰਦਾ ਏ ਸਾਡੀ ਉਡੀਕ ਹੋਲਾ।
ਓਵੇਂ ਓਵੇਂ ਹੈ ਖੋਲਦਾ ਖੂਨ ਸਾਡਾ, ਜਿਵੇਂ ਜਿਵੇਂ ਹੈ ਆਉਂਦਾ ਨਜਦੀਕ ਹੋਲਾ।
ਜਦੋ ਤੱਕ ਹੈ ‘ਜਾਚਕ’ ਸੰਸਾਰ ਰਹਿਣਾ, ਰਹਿਣਾ ਖਾਲਸੇ ਦਾ ਓਦੋਂ ਤੀਕ ਹੋਲਾ।