Home » ਸਿਧਾਂਤਕ ਕਵਿਤਾਵਾਂ » ਜ਼ਫ਼ਰਨਾਮਾ

ਜ਼ਫ਼ਰਨਾਮਾ

by Dr. Hari Singh Jachak
Zafarnama

ਜ਼ਫ਼ਰਨਾਮਾ

ਜ਼ਫ਼ਰਨਾਮਾ

ਜ਼ਫ਼ਰਨਾਮਾ ਨੂੰ ਕਹਿੰਦੇ ਹਾਂ ਜਿੱਤਨਾਮਾ, ਆਪ ਲਿਖਿਆ ਇਹ ਦਸਮ ਦਾਤਾਰ ਪੱਤਰ।

ਔਰੰਗਜੇਬ ਸੀ ਹਿੱਲ ਗਿਆ ਧੁਰ ਅੰਦਰੋਂ, ਪੜ੍ਹਿਆ ਜਦੋਂ ਓਨ੍ਹੇ ਵਾਰ ਵਾਰ ਪੱਤਰ।

ਸਿੱਧਾ ਵੱਜਾ ਕਲੇਜੇ ’ਚ ਤੀਰ ਵਾਂਗੂੰ, ਜੀਉਂਦੇ ਜੀਅ ਉਸਨੂੰ ਦਿੱਤਾ ਮਾਰ ਪੱਤਰ।

ਰਹਿੰਦੀ ਦੁਨੀਆਂ ਤੱਕ ‘ਜਾਚਕਾ’ ਅਮਰ ਰਹਿਣੈ, ਦਸਮ ਪਿਤਾ ਦਾ ਇਹ ਸ਼ਾਹਕਾਰ ਪੱਤਰ।

 

ਜ਼ਫ਼ਰਨਾਮੇ ’ਚ ਔਰੰਗਜੇਬ ਤਾਈਂ, ਖਰੀਆਂ ਖਰੀਆਂ ਸੁਣਾਈਆਂ ਸੀ ਪਾਤਸ਼ਾਹ ਨੇ।

ਓਹਦੇ ਜੀਉਂਦਿਆਂ ਜੀਅ ਹੀ ਓਸ ਦੀਆਂ, ਖੂਬ ਧਜੀਆਂ ਉਡਾਈਆਂ ਸੀ ਪਾਤਸ਼ਾਹ ਨੇ।

ਨਾਹਰਾ ਹੱਕ ਇਨਸਾਫ ਦਾ ਲਾ ਕੇ ਤੇ, ਕੰਧਾਂ ਕੂੜ ਦੀਆਂ ਢਾਈਆਂ ਸੀ ਪਾਤਸ਼ਾਹ ਨੇ।

ਸਹਿਮੀ ਸਿਸਕਦੀ ਸਦੀਆਂ ਦੀ ਜ਼ਿੰਦਗੀ ਨੂੰ, ਜੀਵਨ ਜਾਚਾਂ ਸਿਖਾਈਆਂ ਸੀ ਪਾਤਸ਼ਾਹ ਨੇ।

 

ਸਭ ਤੋਂ ਪਹਿਲਾਂ ਹੈ ਕੀਤੀ ਅਕਾਲ ਉਸਤਤਿ, ਫਿਰ ਔਰੰਗੇ ਦਾ ਜ਼ੁਲਮ ਬਿਆਨ ਕੀਤਾ।

ਖਾ ਕੇ ਝੂਠੀਆਂ ਕਸਮਾਂ ਕੁਰਾਨ ਦੀਆਂ, ਅਸਾਂ ਨਾਲ ਧੋਖਾ ਬੇਈਮਾਨ ਕੀਤਾ।

ਦਸ ਲੱਖ ਫੌਜ ਚੜ੍ਹਾ ਕੇ ਚਾਲੀਆਂ ਤੇ, ਤੂੰ ਤਾਂ ਸਮਝਿਆ ਬੜਾ ਨੁਕਸਾਨ ਕੀਤਾ।

ਸਾਰੀ ਦੁਨੀਆਂ ਹੀ ਲਾਹਨਤਾਂ ਪਾਊ ਤੈਨੂੰ, ਚੰਗਾ ਕੰਮ ਨਹੀਂ ਤੂੰ ਹੁਕਮਰਾਨ ਕੀਤਾ।

 

ਜ਼ਫ਼ਰਨਾਮੇ ’ਚ ਪਾਤਸ਼ਾਹ ਲਿਖਦੇ ਨੇ, ਚਾਲੀ ਸਿੰਘ ਤੇ ਮੇਰੇ ਸਨ ਲਾਲ ਏਧਰ।

ਤੇਰੀ ਲੱਖਾਂ ਦੀ ਗਿਣਤੀ ਵਿੱਚ ਫੌਜ ਓਧਰ, ਭੁੱਖਣ ਭਾਣੇ ਪਰ ਸਿੰਘ ਸਨ ਨਾਲ ਏਧਰ।

ਭਖਿਆ ਵੇਖ ਕੇ ਰਣ ਮੈਦਾਨ ਓਧਰ, ਚੜ੍ਹਿਆ ਚਿਹਰਿਆਂ ਉਤੇ ਜਲਾਲ ਏਧਰ।

ਵੱਡੇ ਵੱਡੇ ਸੀ ਤੇਰੇ ਜਰਨੈਲ ਓਧਰ, ਪਰ ਮੇਰੇ ਸਿੰਘਾਂ ਨੇ ਕੀਤੀ ਕਮਾਲ ਏਧਰ।

 

ਕੱਚੀ ਗੜ੍ਹੀ ’ਚ ਦਾਖਲ ਜਦ ਹੋਣ ਲੱਗਾ, ਨਾਹਰ ਖਾਂ ਇਕ ਪੌੜੀ ਲਗਾ ਕੇ ਤੇ।

ਓਹਦੇ ਤਾਈਂ ਮੈਂ ਓਥੇ ਹੀ ਚਿੱਤ ਕੀਤਾ, ਬੱਸ ਇਕੋ ਹੀ ਤੀਰ ਚਲਾ ਕੇ ਤੇ।

ਕੀਤੀ ਜੁਅਰਤ ਜਦ ਗਨੀ ਖਾਂ ਹੈਸੀ, ਸਿਰ ਭੰਨਿਆ ਗੁਰਜ ਘੁੰਮਾ ਕੇ ਤੇ।

ਤੀਜਾ ਓਨ੍ਹਾਂ ਦਾ ਇਕ ਮਰਦੂਦ ਸਾਥੀ, ਨੱਸ ਗਿਆ ਸੀ ਜਾਨ ਬਚਾ ਕੇ ਤੇ।

 

ਸਿੰਘ ਝਪਟੇ ਸਨ ਤੇਰੀ ਫੌਜ ਉਤੇ, ਗੁੱਸੇ ਵਿੱਚ ਝਪਟੇ ਜਖਮੀ ਸ਼ੇਰ ਜਿੱਦਾਂ।

ਡਿੱਗਣ ਦੁਸ਼ਮਣ ਇਉਂ ਰਣ ਮੈਦਾਨ ਅੰਦਰ, ਡਿੱਗਣ ਬੇਰੀ ਤੋਂ ਪੱਕੇ ਹੋਏ ਬੇਰ ਜਿੱਦਾਂ।

ਚੜ੍ਹੀਆਂ ਲਾਸ਼ਾਂ ਤੇ ਲਾਸ਼ਾਂ ਸਨ ਚਹੁੰ ਪਾਸੀਂ, ਲੱਗੇ ਦਾਣਿਆਂ ਦੇ ਹੁੰਦੇ ਢੇਰ ਜਿੱਦਾਂ।

ਏਦਾਂ ਕੋਈ ਨਹੀਂ ਲੜਿਆ ਸੰਸਾਰ ਅੰਦਰ, ਸਿੰਘ ਸੂਰਮੇ ਲੜੇ ਦਲੇਰ ਜਿੱਦਾਂ।

 

ਤਾੜੀ ਮਾਰ ਲਲਕਾਰ ਮੈਂ ਕਿਹਾ ਸਭ ਨੂੰ, ਫੜ ਲਉ ਹਿੰਦ ਦਾ ਪੀਰ ਮੈਂ ਚੱਲਿਆ ਜੇ।

ਹੁਕਮ ਖਾਲਸੇ ਦਾ ਮੈਂ ਨਹੀਂ ਮੋੜ ਸਕਿਆ, ਹੋ ਕੇ ਬੜਾ ਦਿਲਗੀਰ, ਮੈਂ ਚੱਲਿਆ ਜੇ।

ਆਪਣੇ ਦਿਲ ਦੀਆਂ ਦਿਲ ਦੇ ਵਿੱਚ ਲੈ ਕੇ, ਹੋ ਮਜਬੂਰ ਅਖੀਰ, ਮੈਂ ਚੱਲਿਆ ਜੇ।

ਪਕੜ ਲਓ ਜੇ ਤੁਸੀਂ ਹੋ ਪਕੜ ਸਕਦੇ, ਘੇਰੇ ਤੁਸਾਂ ਤੇ ਚੀਰ ਮੈਂ ਚੱਲਿਆ ਜੇ।

 

ਔਰੰਗਜੇਬ ਨੂੰ ਪਾਤਸ਼ਾਹ ਲਿਖਦੇ ਨੇ, ਸਿੰਘਾਂ ਕਦੇ ਝੁਕਾਇਆਂ ਨਹੀਂ ਝੁਕ ਸਕਣਾ।

ਸੂਰਜ ਸਿੱਖੀ ਦਾ ਚਮਕੂ ਸੰਸਾਰ ਅੰਦਰ, ਜ਼ੁਲਮੀ ਬੱਦਲਾਂ ਹੇਠ ਨਹੀਂ ਲੁੱਕ ਸਕਣਾ।

ਰਹੂ ਸਿੱਖੀ ਦਾ ਵਹਿਣ ਇਹ ਸਦਾ ਵਗਦਾ, ਕਿਸੇ ਸੋਕੇ ਤੋਂ ਇਹ ਨਹੀਂ ਸੁੱਕ ਸਕਣਾ।

‘ਜਾਚਕ’ ਹੋ ਗਏ ਪੁੱਤ ਸ਼ਹੀਦ ਭਾਵੇਂ, ਪਰ ਸਿੰਘਾਂ ਕਦੇ ਮੁਕਾਇਆਂ ਨਹੀਂ ਮੁੱਕ ਸਕਣਾ।