Home » ਸਿਧਾਂਤਕ ਕਵਿਤਾਵਾਂ » ਸਿੱਖੀ ਮੇਰੀ ਜਾਨ

ਸਿੱਖੀ ਮੇਰੀ ਜਾਨ

by Dr. Hari Singh Jachak
Sikhi Meri Jaan

ਸਿੱਖੀ ਮੇਰੀ ਜਾਨ

ਸਿੱਖੀ ਮੇਰੀ ਜਾਨ

ਗੁਰਾਂ ਜੋ ਸਾਨੂੰ ਮਾਰਗ ਦੱਸਿਆ, ਉਸ ਤੇ ਚਲਦੇ ਰਹਿਣਾ।

ਸੇਵਾ ਸਿਮਰਨ ਨੇਕੀ ਵਾਲਾ, ਹੈ ਬਹੁਮੁੱਲਾ ਗਹਿਣਾ ।

ਕਾਮ ਕਰੋਧ ਤੇ ਲੋਭ ਮੋਹ ਤੋਂ, ਸਦਾ ਹੀ ਬਚ ਕੇ ਰਹਿਣਾ ।

ਨਾ ਕਿਸੇ ਤੇ ਜ਼ੁਲਮ ਹੈ ਕਰਨਾ, ਨਾ ਹੀ ਜ਼ੁਲਮ ਨੂੰ ਸਹਿਣਾ ।

ਜਿੰਨਾ ਮਾਣ ਵੀ ਕਰੀਏ ਥੋੜਾ, ਵਿਰਸਾ ਬੜਾ ਮਹਾਨ।

ਸਿੱਖੀ ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ।

 

ਜੋ ਅੰਮ੍ਰਿਤ ਨੂੰ ਛੱਕ ਲੈਂਦਾ ਹੈ, ਭਲਾ ਉਹ ਸਭ ਦਾ ਮੰਗੇ।

ਕਰਕੇ ਕਿਰਤ ਤੇ ਵੰਡ ਕੇ ਛੱਕਦੈ, ਨਾਮ ’ਚ ਆਪਾ ਰੰਗੇ।

ਵਹਿਮਾਂ, ਭਰਮਾਂ ਪਾਖੰਡਾਂ ਨੂੰ, ਛਿੱਕੇ ਉਤੇ ਟੰਗੇ।

ਓਹਦੇ ਤਾਈਂ ਸਬਕ ਸਿਖਾਉਂਦੈ, ਜੇਹੜਾ ਜਾਣ ਕੇ ਖੰਘੇ।

ਸੂਲੀਆਂ ਉਤੇ ਚੜ੍ਹ ਕੇ ਵੀ ਇਹ, ਸਿੰਘ  ਸੂਰਮੇ ਗਾਣ।

ਸਿੱਖੀ ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ।

 

ਗੁਰੂ ਗਰੰਥ ਨੇ ਗੁਰੂ ਅਸਾਡੇ, ਇਸ ਵਿੱਚ ਸ਼ੱਕ ਨਾ ਕੋਈ।

ਦੁਨੀਆਂ ਦੇ ਵਿੱਚ ਵੰਡ ਰਹੀ ਹੈ, ਗੁਰਬਾਣੀ ਖੁਸ਼ਬੋਈ।

ਓਟ ਆਸਰਾ ਜੋ ਵੀ ਲੈਦਾ, ਮਿਲਦੀ ਉਸਨੂੰ ਢੋਈ।

ਜਨਮ ਜਨਮ ਦੇ ਪਾਪਾਂ ਵਾਲੀ, ਮੈਲ ਹੈ ਜਾਂਦੀ ਧੋਈ।

ਧੁਰ ਕੀ ਬਾਣੀ ਦਾ ਅਸਾਂ ਨੂੰ, ਮਿਲਿਆ ਧੁਰੋਂ ਵਰਦਾਨ।

ਸਿੱਖੀ ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ।

 

ਠੰਡਕ ਚੰਦ ਦੀ, ਨਿੱਘ ਸੂਰਜ ਦਾ, ਸੰਤ ਸਿਪਾਹੀ ਰੱਖਦੇ।

ਗੁਰੂ ਪਿਆਰੇ ਸਿੰਘਾਂ ਦੇ ਨੇ, ਚਿਹਰੇ ਰਹਿੰਦੇ ਭਖਦੇ।

ਤਾਰਿਆਂ ਵਾਗੂੰ ਚਮਕਣ ਤਾਰੇ, ਦਸਮ ਪਿਤਾ ਦੀ ਅੱਖ ਦੇ।

ਸਿਰ ਤੇ ਭਾਜੀ ਚਾੜ੍ਹਣ ਜਿਹੜੇ, ਮਜਾ ਓਹ ਓਸਦਾ ਚੱਖ ਦੇ।

ਸਮੇਂ ਸਮੇਂ ਤੇ ਕਿਹਾ ਸੂਰਿਆਂ, ਹੋਣ ਵੇਲੇ ਕੁਰਬਾਨ।

ਸਿੱਖੀ ਸਾਡੀ ਜਾਨ, ਸਾਡੀ ਜਾਨ, ਸਾਡੀ ਜਾਨ, ਸਾਡੀ ਜਾਨ।

                                                                               

ਮਿਲੇ ਮਿਸਾਲ ਨਾ ਦੁਨੀਆਂ ਵਿੱਚ, ਜੋ ਸਿੰਘ ਪੂਰਨੇ ਪਾ ਗਏ।

ਮਾਸ ਜੰਬੂਰਾਂ ਨਾਲ ਤੇ ਖੋਪਰ, ਰੰਬੀਆਂ ਨਾਲ ਲੁਹਾ ਗਏ।

ਚਰਖੜੀਆਂ ਤੇ ਹੱਸ ਹੱਸ ਚੜ੍ਹ ਗਏ, ਬੰਦ ਬੰਦ ਕਟਵਾ ਗਏ।

ਸਿੱਖ ਕੌਮ ਦੇ ਸਿੰਘ ਸੂਰਮੇ, ਤਲੀ ਤੇ ਸੀਸ ਟਿਕਾ ਗਏ।

ਬੱਚਿਆਂ ਦੇ ਗਲ ਹਾਰ ਪੁਆ ਕੇ, ਬੀਬੀਆਂ ਗੁਣਗੁਣਾਨ।

ਸਿੱਖੀ ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ।

 

ਸਿੱਖ ਕੌਮ ਨੇ ਦੁਨੀਆਂ ਅੰਦਰ, ਸਦਾ ਹੀ ਫਲਣਾ ਫੁਲਣਾ।

ਡੇਹਰਾ ਸਾਹਬ ਤੇ ਚੌਕ ਚਾਂਦਨੀ, ਸਾਨੂੰ ਕਦੇ ਨਹੀਂ ਭੁਲਣਾ।

ਸਿੱਖੀ ਦੇ ਪਹਿਰੇਦਾਰਾਂ ਦੇ, ਤੁੱਲ ਕਿਸੇ ਨਹੀਂ ਤੁਲਣਾ।

ਆਖਰ ਇਸ ਸੰਸਾਰ ਦੇ ਉਤੇ, ਕੇਸਰੀ ਝੰਡਾ ਝੁਲਣਾ।

ਚਾਰੇ ਲਾਲ ਗੁਰਾਂ ਦੇ ਕਹਿ ਕੇ, ਹੋਏ ‘ਜਾਚਕ’ ਕੁਰਬਾਨ।।

ਸਿੱਖੀ ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ, ਮੇਰੀ ਜਾਨ।