Kindly subscribe my YouTube Channel Dr Hari Singh Jachak
ਆਪ ਜੀ ਦਾ ਪਰਕਾਸ਼ ਗੁਰੂ ਹਰਗੋਬਿੰਦ ਜੀ ਦੇ ਵੱਡੇ ਸਾਹਿਬਜ਼ਾਦੇ, ਬਾਬਾ ਗੁਰਦਿਤਾ ਜੀ ਅਤੇ ਮਾਤਾ ਨਿਹਾਲ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਹੋਇਆ | ਆਪ ਜੀ ਦੇ ਦੋ ਪੁੱਤਰ ਬਾਬਾ ਰਾਮਰਾਏ ਅਤੇ ਸ੍ਰੀ ਹਰਿ ਕ੍ਰਿਸ਼ਨ ਸਨ |
ਆਪ ਬਹੁਤ ਹੀ ਕੋਮਲ ਹਿਰਦੇ ਦਾ ਮਾਲਕ ਸਨ। ਇਕ ਵਾਰ ਖੁਲ੍ਹੇ ਚੋਗੇ ਨਾਲ ਉਲਝ ਕੇ ਇਕ ਫੁੱਲ ਟਹਿਣੀ ਤੋਂ ਟੁੱਟ ਗਿਆ ਤਾਂ ਆਪ ਉਦਾਸ ਹੋ ਗਏ ਅਤੇ ਗੁਰੂ ਹਰਗੋਬਿੰਦ ਜੀ ਦੇ ਸਮਝਾਉਣ ਤੇ ਸਦਾ ਸੰਭਲ ਕੇ ਤੁਰਨ ਦੀ ਆਦਤ ਬਣਾ ਲਈ ਅਤੇ ਇਹ ਵੀ ਸਮਝ ਗਏ ਕਿ ਵੱਡੀ ਜਿੰਮੇਵਾਰੀ ਚੁਕੀਏ ਤਾਂ ਉਸਨੂੰ ਸੋਚ ਸਮਝ ਕੇ ਨਿਭਾਉਣਾ ਪੈਂਦਾ ਹੈ। ਆਪ ਜੀ ਕੇਵਲ 14 ਸਾਲ ਦੇ ਸਨ ਜਦੋਂ ਗੁਰਿਆਈ ਮਿਲੀ ਅਤੇ ਬਾਬਾ ਬੁਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਨੇ ਗੁਰਿਆਈ ਦੀ ਰਸਮ ਨਿਭਾਈ। ਆਪ ਜੀ ਕੋਲ 2200 ਸ਼ਸਤਰਧਾਰੀ ਜਵਾਨ ਰਿਹਾ ਕਰਦੇ ਸਨ ਪਰ ਆਪ ਨੇ ਕੋਈ ਜੰਗ ਨਾ ਲੜੀ। ਲੰਗਰ ਅਤੁੱਟ ਅਤੇ ਹਰ ਸਮੇਂ ਵਰਤਦਾ ਸੀ ਕਿਉਂਕਿ ਗੁਰੂ ਹਰਿ ਰਾਇ ਜੀ ਦਾ ਹੁਕਮ ਸੀ “ਭੁੱਖਾ ਕੋਈ ਨਾ ਰਹਿਣ ਪਾਏ”। ਲੋੜਵੰਦ ਨੂੰ ਉਸੇ ਵੇਲੇ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਜਾਵੇ। ਆਪ ਨੇ ਇਕ ਬੜਾ ਵੱਡਾ ਦਵਾਖਾਨਾ ਕੀਰਤਪੁਰ ਵਿਚ ਖੋਲ੍ਹਿਆ ਜਿਸ ਵਿਚ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ। ਇਥੋਂ ਹੀ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਲਈ ਲੋੜੀਂਦੀ ਦਵਾਈ ਪਰਾਪਤ ਹੋ ਸਕੀ ਸੀ।
ਗੁਰੂ ਹਰ ਰਾਇ ਸਾਹਿਬ ਜੀ ਨੇ ਵੀ ਆਪਣੇ ਦਾਦਾ ਅਤੇ ਪੜਦਾਦਾ ਜੀ ਵਾਂਗ ਔੜ ਅਤੇ ਕਾਲ ਦੇ ਸਮੇਂ ਗਰੀਬਾਂ ਦੀ ਮਦਦ ਜਾਰੀ ਰੱਖੀ। ਸ਼ਾਹਜਹਾਨ ਨੇ ਹੁਕਮ ਜਾਰੀ ਕਰ ਦਿਤੇ ਕਿ ਨਵੇਂ ਬਣੇ ਸਾਰੇ ਮੰਦਰ ਢਾਹ ਦਿਤੇ ਜਾਣ ਪਰ ਸਿੱਖ ਗੁਰ ਧਾਮਾਂ ਤੇ ਇਹ ਹੁਕਮ ਜਾਰੀ ਨਹੀਂ ਸਨ ਕਿਉਂਕਿ ਸਿੱਖ ਮੂਰਤੀ ਪੂਜਕ ਨਹੀਂ ਸਨ।1654 ਵਿਚ ਗੁਰੂ ਸਾਹਿਬ ਅੰਮ੍ਰਿਤਸਰ ਆਏ ਅਤੇ ਕੋਈ 6 ਮਹੀਨੇ ਇਥੇ ਰਹੇ। ਮਾਲਵੇ ਦੇ ਦੌਰੇ ਸਮੇਂ ਪਿੰਡ ਮਰਾਝ ਵਿਚ ਚੌਧਰੀ ਕਾਲਾ ਆਪਣੇ ਦੋ ਭਤੀਜਿਆਂ ਫੂਲ ਅਤੇ ਸੰਦਲੀ ਨੂੰ ਲੈਕੇ ਦਰਬਾਰ ਵਿਚ ਆਇਆ। ਇਹਨਾਂ ਦੇ ਮਾਂ-ਪਿਉ ਮਰ ਚੁੱਕੇ ਸਨ ਸੋ ਇਹਨਾਂ ਮੱਥਾ ਟੇਕ ਕੇ ਆਪਣੇ ਢਿੱਡ ਤੇ ਹੱਥ ਮਾਰਨੇ ਸ਼ੁਰੂ ਕਰ ਦਿਤੇ। ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਬਚਨ ਕੀਤਾ ਕਿ ਇਹਨਾਂ ਦੀ ਸੰਤਾਨ ਰਾਜ ਕਰੇਗੀ। ਇਹਨਾਂ ਪਰਚਾਰ ਦੌਰਿਆ ਦੇ ਸਮੇਂ ਹੀ ਸਤਿਗੁਰੂ ਜੀ ਆਪਣੇ ਵੱਡੇ ਭਰਾ ਦੇ ਲੜਕੇ ਦੇ ਵਿਆਹ ਤੇ ਕਰਤਾਰਪੁਰ ਆਏ।
ਦਾਰਾ ਸ਼ਿਕੋਹ ਗੁਰੂ ਜੀ ਵਲੋਂ ਗਰੀਬਾਂ ਦੀ ਮਦਦ ਤੋਂ ਬਹੁਤ ਖੁਸ਼ ਸੀ ਅਤੇ ਆਪ ਨੂੰ ਕਈ ਵਾਰੀਂ ਮਿਲਿਆ| ਧੀਰ ਮੱਲ ਗੁਰੂ ਸਾਹਿਬ ਜੀ ਦਾ ਵੱਡਾ ਭਰਾ ਸੀ ਪਰ ਗੁਰ ਗੱਦੀ ਉਸਨੂੰ ਨਾ ਮਿਲਨ ਕਰਕੇ ਉਹ ਗੁਰੂ ਸਾਹਿਬ ਦਾ ਦੁਸ਼ਮਣ ਬਣ ਗਿਆ। ਪਹਿਲਾਂ ਸ਼ਾਹਜਹਾਨ ਨੂੰ ਅਤੇ ਫਿਰ 1660 ਵਿਚ ਔਰੰਗਜ਼ੇਬ ਨੂੰ ਆਪਣੇ ਗੁਰਗੱਦੀ ਦੇ ਹੱਕ ਮਾਰੇ ਜਾਣ ਵਿਰੁਧ ਦਰਖਾਸਤ ਲਿਖ ਭੇਜੀ ਕਿ ਕਾਨੂੰਨ ਦੀ ਸਹਾਇਤਾ ਨਾਲ ਉਸਨੂੰ ਗੁਰ ਗੱਦੀ ਦਿਵਾਈ ਜਾਵੇ।
ਬਾਦਸ਼ਾਹ ਸ਼ਾਹ ਜਹਾਨ ਨੂੰ ਖੁਫੀਆ ਖਬਰਾਂ ਮਿਲ ਰਹੀਆਂ ਸਨ ਕਿ ਆਮ ਲੋਕਾਂ ਵਿਚ ਗੁਰੂ ਘਰ ਲਈ ਸਤਿਕਾਰ ਵੱਧ ਰਿਹਾ ਹੈ ਸੋ ਉਸਨੇ ਘਰੋਗੀ ਫੁੱਟ ਪਵਾਉਣ ਲਈ ਧੀਰਮਲ ਜੀ ਨੂੰ ਜਾਗੀਰ ਦੇ ਦਿੱਤੀ। ਜੂਨ 1658 ਵਿਚ ਔਰੰਗਜ਼ੇਬ ਨੇ ਆਪਣੇ ਪਿਉ (ਸ਼ਾਹ ਜਹਾਨ) ਨੂੰ ਨਜ਼ਰ-ਬੰਦ ਕਰ ਦਿਤਾ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ 1659 ਵਿਚ ਪੱਕੇ ਪੈਰੀਂ ਤਖਤ ਤੇ ਬੈਠ ਗਿਆ। ਧੀਰਮਲ ਦੀ ਦਰਖਾਸਤ ਤੇ 1660 ਵਿਚ ਔਰੰਗਜ਼ੇਬ ਨੇ ਗੁਰੂ ਹਰਿ ਰਾਇ ਜੀ ਨੂੰ ਦਿੱਲ਼ੀ ਆਉਣ ਦਾ ਸੱਦਾ ਭੇਜਿਆ। ਗੁਰੂ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਦਿੱਲੀ ਭੇਜਿਆ। ਪਰ ਰਾਮ ਰਾਇ ਜੀ ਦਿੱਲ਼ੀ ਦਰਬਾਰ ਦੀ ਸ਼ਾਹੀ ਚੜ੍ਹਤ ਤੋਂ ਪਰਭਾਵਿਤ ਹੋ ਗਏ ਅਤੇ ਗੁਰੂ ਨਾਨਕ ਦੇ ਘਰ ਦਾ ਓਟ ਆਸਰਾ ਛੱਡ ਬੈਠੇ। ਆਪ ਨੇ ਕਈ ਅਜ਼ਮਤਾਂ ਦਿਖਾਈਆਂ ਅਤੇ ਔਰੰਗਜ਼ੇਬ ਦਾ ਬਹੁਤ ਸਤਿਕਾਰ ਹਾਸਲ ਕਰ ਲਿਆ। ਅਸਲ ਵਿਚ ਔਰੰਗਜ਼ੇਬ ਰਾਮ ਰਾਇ ਜੀ ਨੂੰ ਇਸਲਾਮ ਵਿਚ ਲਿਆਉਣਾ ਚਾਹੁੰਦਾ ਸੀ। ਆਖਿਰ ਉਹ ਦਿਨ ਵੀ ਆਇਆ ਜਦੋਂ ਔਰੰਗਜ਼ੇਬ ਨੇ ਕਾਜ਼ੀਆਂ ਦੀ ਪ੍ਰੇਰਨਾ ਦੇਣ ਤੇ ਰਾਮ ਰਾਇ ਜੀ ਨੂੰ ਪੁੱਛਿਆ ਕਿ “ਮਿਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ” ਦਾ ਕੀ ਭਾਵ ਹੈ। ਰਾਮ ਰਾਇ ਜੀ ਸਿੱਖੀ ਸਿਦਕ ਤੋਂ ਡੋਲ ਗਏ ਅਤੇ ਆਖ ਦਿਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ “ਮਿਟੀ ਬੇਈਮਾਨ ਕੀ” ਉਚਾਰਿਆ ਸੀ। ਗੁਰੂ ਹਰਿ ਰਾਏ ਸਾਹਿਬ ਜੀ ਨੇ ਜਦੋਂ ਇਹ ਖਬਰ ਸੁਣੀ ਤਾਂ ਰਾਮ ਰਾਇ ਨੂੰ ਸੁਨੇਹਾ ਭੇਜ ਦਿਤਾ ਕਿ ਤੁਸੀ ਹੁਣ ਸਾਡੇ ਕੋਲ ਨਹੀਂ ਆਉਣਾ ਕਿਉਂਕਿ ਤੁਸੀਂ ਗੁਰੂ ਨਾਨਕ ਦੀ ਨਿਰਾਦਰੀ ਬਾਦਸ਼ਾਹ ਨਾਲ ਰਸੂਖ ਕਾਇਮ ਰੱਖਣ ਲਈ ਕੀਤੀ ਹੈ।
ਅੰਤ ਸਮਾਂ ਨੇੜੈ ਆਇਆ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਛੋਟੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਸੌਪ ਦਿੱਤੀ ਅਤੇ ਕੀਰਤਪੁਰ ਵਿਚ 6 ਅਕਤੂਬਰ 1661 ਨੂੰ ਜੋਤੀ ਜੋਤ ਸਮਾ ਗਏ। ਗੁਰੂ ਹਰਿ ਰਾਏ ਜੀ ਦੇ ਜੀਵਨ ਤੋਂ ਕਈ ਸਿਖਿਆਂਵਾਂ ਸਾਨੂੰ ਮਿਲਦੀਆਂ ਹਨ। ਜਿਵੇਂ ਗਰੀਬਾਂ ਦੀ ਲੋੜ ਵੇਲੇ ਮਦਦ ਕਰਨਾ ਅਤੇ ਉਹਨਾਂ ਨਾਲ ਸਾਂਝ ਪਾਉਣੀ, ਦੂਸਰੇ ਦੇ ਦੁਖ ਨੂੰ ਦੁਖ ਸਮਝਨਾ, ਗੁਰਬਾਣੀ ਦਾ ਹਰ ਪੱਖ ਤੋਂ ਸਤਿਕਾਰ ਕਰਨਾ (ਦੁਪੈਹਰ ਵੇਲੇ ਗੁਰਬਾਣੀ ਕੀਰਤਨ ਦੀਆਂ ਧੁਨਾਂ ਸੁਣ ਕੇ ਮੰਜੇ ਤੋਂ ਕਾਹਲੀ ਨਾਲ ਉੱਠੇ ਜਿਸ ਕਰਕੇ ਗੋਡੇ ਤੇ ਸੱਟ ਲੱਗ ਗਈ) ਅਤੇ ਆਪਣੇ ਵੱਡੇ ਪੁੱਤਰ ਨੂੰ ਗੁਰਬਾਣੀ ਦੀ ਇਕ ਪੰਗਤੀ ਬਦਲਣ ਦੀ ਸਜਾ ਇਹ ਦਿਤੀ ਕਿ ਸਦਾ ਲਈ ਉਸਦਾ ਤਿਆਗ ਕਰ ਦਿੱਤਾ। ਸਿੱਖ ਧਰਮ ਦੇ ਪਰਚਾਰ ਲਈ ਕਦੀ ਆਲਸ ਨੇੜੇ ਨਾ ਆਉਣ ਦਿੱਤਾ ਅਤੇ ਹਰ ਸੰਭਵ ਕੋਸ਼ਿਸ਼ ਕੀਤੀ। ਮਸੰਦਾਂ ਦੇ ਕਾਰਜ ਤੇ ਚੰਗੀ ਨਿਗਰਾਨੀ ਰਖੀ ਅਤੇ ਚੰਗੇ ਮਸੰਦਾਂ ਨੂੰ ਮਾਣ ਦਿੱਤਾ।ਐਸਾ ਇਕ ਮਸੰਦ ਹੋਇਆ ਹੈ ਭਾਈ ਭਗਵਾਨ ਬੋਧ, ਗਇਆ ਵਾਸੀ ਜਿਸਨੇ ਪਟਨੇ ਦੇ ਨੇੜੇ ਦਾਨਾਪੁਰ ਵਿਚ ਸਿੱਖੀ ਦਾ ਬਹੁਤ ਪਰਚਾਰ ਕੀਤਾ। ਦੂਸਰੇ ਭਾਈ ਫੇਰੂ ਜੀ ਦਾ ਨਾਮ ਸਿੱਖ ਇਤਿਹਾਸ ਵਿਚ ਆਉਂਦਾ ਹੈ ਜਿਸਦੀ ਸੇਵਾ ਤੋਂ ਗੁਰੂ ਗੋਬਿੰਦ ਸਿੰਘ ਜੀ ਵੀ ਖੁਸ਼ ਹੋਏ ਸਨ ਜਦ ਕਿ ਬਾਕੀ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਸਨ ਗੁਰੂ ਸਾਹਿਬ ਜੀ ਦੇ ਪਰਚਾਰ ਸਦਕਾ ਕਈ ਧਰਮੀ ਸਿੱਖ ਹੋਏ ਹਨ।
ਗੁਰੂ ਹਰਿ ਰਾਇ ਜੀ ਨੇ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਇਹ ਫੈਸਲਾ ਕੀਤਾ ਕਿ ਗੁਰ ਗੱਦੀ ਉੱਤੇ ਸਾਹਿਬਜ਼ਾਦਾ ਹਰਿ ਕ੍ਰਿਸ਼ਨ ਜੀ ਬੈਠਣਗੇ। 6 ਅਕਤੂਬਰ 1661 ਨੂੰ ਗੁਰੂ ਹਰਿ ਰਾਏ ਜੀ ਜੋਤੀ ਜੋਤ ਸਮਾ ਗਏ ਅਤੇ ਉਹਨਾਂ ਦਾ ਸਸਕਾਰ ਪਾਤਾਲਪੁਰੀ ਵਿਚ ਕੀਤਾ ਗਿਆ। ਗੁਰੂ ਹਰਿ ਰਾਏ ਜੀ ਬਾਬਤ ਕੰਨਿਘਮ ਨੇ ਲਿਖਿਆ ਹੈ ਕਿ ਉਹ ਹਲੀਮੀ ਵਿਚ ਹੀ ਸਾਰੀ ਕਾਰ ਕਰਦੇ ਸਨ। ਲਤੀਫ਼ ਨੇ ਸ਼ਾਤ ਚਿਤ, ਸੰਤੋਖੀ ਅਤੇ ਮਿਠ-ਬੋਲੜੇ ਲਿਖਿਆ ਹੈ ਅਤੇ ਗਰੀਨਲੀਜ਼ ਨੇ ‘ਗੌਸਪਲ ਆਫ਼ ਗੁਰੂ ਗ੍ਰੰਥ ਸਾਹਿਬ’ ਵਿਚ ਦਇਆ ਦੀ ਮੂਰਤ ਕਿਹਾ ਹੈ ਅਤੇ ਲਿਖਿਆ ਹੈ ਕਿ ਉਹਨਾਂ ਵਰਗਾ ਮਹਿਮਾਨ ਨਿਵਾਜ਼ ਕੋਈ ਨਹੀਂ ਸੀ।
ਉਨਾਂ ਦੇ ਪ੍ਰਕਾਸ਼ ਦਿਵਸ ਤੇ ਓਨਾ ਦੇ ਜੀਵਨ ਇਤਿਹਾਸ ਨਾਲ ਸਬੰਧਤ ਕਵਿਤਾ ਮਿੱਤਰ ਪਿਆਰਿਆਂ ਨੂੰ ਭੇਟ ਕਰ ਰਿਹਾ ਹਾਂ ਜੀਓ ।ਉਮੀਦ ਹੈ ਆਪ ਸਭ ਪੜ੍ਹ ਕੇ ਪਸੰਦ ਕਰੋਗੇ, ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
ਡਾ. ਹਰੀ ਸਿੰਘ ਜਾਚਕ