Home » ਸਿਧਾਂਤਕ ਕਵਿਤਾਵਾਂ » ਸਿੱਖੀ ਜੀਵਨ ਜਾਚ

ਸਿੱਖੀ ਜੀਵਨ ਜਾਚ

by Dr. Hari Singh Jachak
Sikh Jeevan Jaach

ਸਿੱਖੀ ਜੀਵਨ ਜਾਚ

ਸਿੱਖੀ ਜੀਵਨ ਜਾਚ

ਸਿੱਖ ਉਹ ਜੋ ਚੱਲੇ ਗੁਰ ਸਿੱਖਿਆ ’ਤੇ, ਗੁਰੂ ਬਾਣੀ ਹੀ ਜੀਵਨ ਆਧਾਰ ਹੋਵੇ।

ਦਸਾਂ ਜੋਤਾਂ ਤੋਂ ਰੌਸ਼ਨੀ ਲਏ ਜਿਹੜਾ, ‘ਸ਼ਬਦ ਗੁਰੂ’ ਦੀ ਅੰਦਰ ਵਿਚਾਰ ਹੋਵੇ।

ਨਿਸ਼ਚਾ ਵਾਹਿਗੁਰੂ ਉੱਤੇ ਅਟੱਲ ਰੱਖੇ, ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਵੇ।

ਜੀਵਨ ਜੀਵੇ ਜੋ ਗੁਰਮਤਿ ਅਨੁਸਾਰ ਆਪਣਾ, ਬਾਣੀ ਬਾਣੇ ਦਾ ਪੂਰਨ ਸਤਿਕਾਰ ਹੋਵੇ।

 

ਸਿੱਖੀ ਮਾਰਗ ਦਾ ਹਰ ਸੁਚੇਤ ਪਾਂਧੀ, ਹਰਦਮ ਭਲਾ ਸਰਬੱਤ ਦਾ ਮੰਗਦਾ ਏ।

ਕਰਕੇ ਕਿਰਤ ਤੇ ਵੰਡ ਕੇ ਛੱਕ ਲੈਂਦਾ, ਆਪਾ ਨਾਮ ਦੇ ਰੰਗ ਵਿੱਚ ਰੰਗਦਾ ਏ।

ਸੇਵਾ ਸਿਮਰਨ ਨੂੰ ਜੀਵਨ ’ਚ ਧਾਰ ਕੇ ਤੇ, ਨੇਕੀ ਕਰਨ ਤੋਂ ਕਦੇ ਨਾ ਸੰਗਦਾ ਏ।

ਊਚ ਨੀਚ ਦਾ ਵਿਤਕਰਾ ਨਹੀਂ ਕਰਦਾ, ਭਰਮਾਂ ਵਹਿਮਾਂ ਨੂੰ ਛਿੱਕੇ ਤੇ ਟੰਗਦਾ ਏ।

 

ਜੀਵਨ ਜਾਚ ਜੇ ਸਿੱਖੀ ਦੀ ਸਿੱਖਣੀ ਜੇ, ਫਿਰ ਇਤਿਹਾਸ ਨੂੰ ਗਹੁ ਦੇ ਨਾਲ ਤੱਕੋ।

ਤੱਕੋ ਤਵੀ ਤੱਤੀ ਉੱਤੇ ਗੁਰੂ ਅਰਜਨ, ਚੌਂਕ ਚਾਂਦਨੀ ਆਇਆ ਭੂਚਾਲ ਤੱਕੋ।

ਆਰੇ ਨਾਲ ਚਿਰਦੇ, ਉਬਲਣ ਵਿੱਚ ਦੇਗਾਂ, ਮਤੀਦਾਸ ਦਿਆਲਾ ਅੰਗ ਪਾਲ ਤੱਕੋ।

ਹੁੰਦੇ ਵਿੱਚ ਚਮਕੌਰ ਸ਼ਹੀਦ ਤੱਕੋ, ਨੀਹਾਂ ਵਿੱਚ ਦੋ ਚਿਣੇ ਹੋਏ ਲਾਲ ਤੱਕੋ।

 

ਮਿਲੇ ਕੋਈ ਮਿਸਾਲ ਨਾ ਜੱਗ ਅੰਦਰ, ਜੋ ਜੋ ਪੂਰਨੇ ਸ਼ੁਰੂ ਤੋਂ ਪਾਏ ਸਿੰਘਾਂ।

ਮਾਸ ਨਾਲ ਜੰਬੂਰਾਂ ਤੁੜਵਾ ਲਿਆ ਸੀ, ਖੋਪਰ ਰੰਬੀਆਂ ਨਾਲ ਲੁਹਾਏ ਸਿੰਘਾਂ।

ਚੜ੍ਹਦੀ ਕਲਾ ਨਾਲ ਚੜ੍ਹੇ ਸਨ ਚਰਖੜੀ ਤੇ, ਸੀਸ ਤਲੀ ’ਤੇ ਹੱਸ ਟਿਕਾਏ ਸਿੰਘਾਂ।

ਹਰਿਮੰਦਰ ਦੀ ਬੇਅਦਬੀ ਕਰਨ ਬਦਲੇ, ਮੱਸੇ ਰੰਘੜ ਕਈ ਪਾਰ ਬੁਲਾਏ ਸਿੰਘਾਂ।

 

ਮੀਰ ਮੰਨੂੰ ਨੇ ਜ਼ੁਲਮ ਦੀ ਹੱਦ ਕੀਤੀ, ਬੱਚੇ ਸਦਾ ਦੀ ਨੀਂਦ ਸੁਆ ਕੇ ਤੇ।

ਟੋਟੇ ਜਿਗਰ ਦੇ ਜ਼ਾਲਮਾਂ ਕਰ ਟੋਟੇ, ਹਾਰ ਗਲਾਂ ’ਚ ਪਾਏ ਬਣਾ ਕੇ ਤੇ।

ਸਿੱਖੀ ਸਿਦਕ ਨਾ ਛੱਡਿਆ ਬੀਬੀਆਂ ਨੇ, ਅੱਖਾਂ ਸਾਹਮਣੇ ਬੱਚੇ ਕੁਹਾ ਕੇ ਤੇ।

ਸਦਾ ਵਾਸਤੇ ਸੁਰਖ਼ਰੂ ਹੋ ਗਈਆਂ, ਲੇਖੇ ਕੌਮ ਦੇ ਲਾਲਾਂ ਨੂੰ ਲਾ ਕੇ ਤੇ।

 

ਜਿਹਦੀ ਭਬਕ ਦੇ ਨਾਲ ਪਠਾਨ ਕੰਬੇ, ਨਲੂਏ ਜਿਹੇ ਸਰਦਾਰਾਂ ਦੀ ਲੋੜ ਜਾਪੇ।

ਪੈਦਾ ਕਰਨ ਜੋ ਅਣਖ ਦੇ ਕਈ ਸ਼ੋਅਲੇ, ਐਸੇ ਕਵੀ ਦਰਬਾਰਾਂ ਦੀ ਲੋੜ ਜਾਪੇ।

ਇੱਕ ਹੱਥ ਮਾਲਾ ਤੇ ਦੂਜੇ ਤਲਵਾਰ ਹੋਵੇ, ਐਸੇ ਸਿਪਾਹ ਸਲਾਰਾਂ ਦੀ ਲੋੜ ਜਾਪੇ।

ਜਿਹਨੂੰ ਸੁਣ ਕੇ ਰੌਂਗਟੇ ਖੜ੍ਹੇ ਹੋਵਣ, ਸੂਰਬੀਰਾਂ ਦੀਆਂ ਵਾਰਾਂ ਦੀ ਲੋੜ ਜਾਪੇ।

 

ਜ਼ਹਿਰੀ ਸੱਪਾਂ ਦੀਆਂ ਸਿਰੀਆਂ ਨੂੰ ਫੇਹਣ ਜਿਹੜੇ, ਬੀਰ ਬਾਂਕੇ ਬਲਕਾਰਾਂ ਦੀ ਲੋੜ ਜਾਪੇ।

ਲੁਕਣ ਮੀਟੀ ਜੋ ਮੌਤ ਦੇ ਨਾਲ ਖੇਡਣ, ਐਸੇ ਜਾਂ-ਨਿਸਾਰਾਂ ਦੀ ਲੋੜ ਜਾਪੇ।

ਪੰਥਕ ਮਾਲਾ ਦੇ ਬਣਨ ਅਨਮੋਲ ਮੋਤੀ, ਇਹੋ ਜਿਹੇ ਜਥੇਦਾਰਾਂ ਦੀ ਲੋੜ ਜਾਪੇ।

ਕਹਿਣੀ ਕਰਨੀ ਦੇ ਵਿੱਚ ਜੋ ਹੋਣ ਪੂਰੇ, ਐਸੇ ਉੱਚੇ ਕਿਰਦਾਰਾਂ ਦੀ ਲੋੜ ਜਾਪੇ।

 

ਲੈ ਕੇ ਆਸਰਾ ਗੁਰੂ ਗ੍ਰੰਥ ਜੀ ਦਾ, ‘ਗੁਰੂ ਡੰਮ’ ਨੂੰ ਠੱਲ੍ਹ ਹੁਣ ਪਾਉ ਸਿੰਘੋ।

ਆਪੋ ਆਪਣੇ ਘਰਾਂ ’ਚ ਬੱਚਿਆਂ ਨੂੰ, ਸਿੱਖੀ ਵਿਰਸੇ ਤੋਂ ਜਾਣੂ ਕਰਵਾਉ ਸਿੰਘੋ।

ਸਮਾਂ ਕਦੇ ਵੀ ਕਿਸੇ ਨੂੰ ਬਖ਼ਸ਼ਦਾ ਨਹੀਂ, ਸਿੱਖੀ ਨਾਲ ਸੁਆਸਾਂ ਨਿਭਾਉ ਸਿੰਘੋ।

ਸਿੱਖੀ ਧਰਮ ਦਾ ਕਰ ਪ੍ਰਚਾਰ ‘ਜਾਚਕ’, ਜਗਤ ਜਲੰਦੇ ’ਚ ਠੰਢ ਵਰਤਾਉ ਸਿੰਘੋ।