ਕੇਸਾਂ ਦੀ ਮਹਾਨਤਾ
ਕੇਸਾਂ ਦੀ ਮਹਾਨਤਾ
ਕਲਗੀਧਰ ਨੇ ਕਿਹਾ ਸੀ ਖਾਲਸੇ ਨੂੰ, ਕਦੇ ਤੁਸਾਂ ਨੂੰ ਆਂਚ ਨਹੀਂ ਆ ਸਕਦੀ।
ਜਦ ਤਕ ਰਹੂ ਨਿਆਰਾ ਸਰੂਪ ਕਾਇਮ, ਥੋਡੀ ਹੋਂਦ ਨੂੰ ਹੋਣੀ ਨਹੀਂ ਖਾ ਸਕਦੀ।
ਏਸ ਦੁਨੀਆ ਦੀ ਕਿਤੇ ਵੀ ਕੋਈ ਤਾਕਤ, ਇਸ ਦਸਤਾਰ ਨੂੰ ਹੱਥ ਨਹੀਂ ਪਾ ਸਕਦੀ।
ਚੱਲ ਪਏ ਜੇ ਬਿਪਰਨ ਕੀ ਰੀਤ ਸਿੰਘੋ, ਕੋਈ ਤਾਕਤ ਨਹੀਂ ਥੋਨੂੰ ਬਚਾ ਸਕਦੀ।
ਨਹੁੰ ਮਾਸ ਦਾ ਜਿਵੇਂ ਸੰਬੰਧ ਹੁੰਦੈ, ਹਰ ਸੁਆਲ ਦਾ ਹੁੰਦੈ ਜੁਆਬ ਜਿੱਦਾਂ।
ਹਰ ਕੋਈ ਸਿੱਖ ਨੂੰ ਚਿਹਰੇ ਤੋਂ ਪੜ੍ਹ ਸਕਦੇ, ਪੜ੍ਹੀ ਜਾਂਦੀ ਏ ਖੁਲ੍ਹੀ ਕਿਤਾਬ ਜਿੱਦਾਂ।
ਪਤਿਤ ਸਿੱਖ ਤਾਂ ਇਸ ਤਰ੍ਹਾਂ ਜਾਪਦਾ ਏ, ਟੁੱਟੀ ਤਾਰ ਤੋਂ ਬਿਨਾਂ ਰਬਾਬ ਜਿੱਦਾਂ।
ਡਿੱਗ ਪੈਂਦਾ ਏ ਟੀਸੀ ਤੋਂ ਖੱਡ ਅੰਦਰ, ਡਿੱਗੇ ਟਹਿਣੀ ਤੋਂ ਫੁੱਲ ਗੁਲਾਬ ਜਿੱਦਾਂ।
ਦੇਣੀ ਹੁੰਦੀ ਸੀ ਮੌਤ ਦੀ ਸਜ਼ਾ ਜਿਸ ਨੂੰ, ਮੁੰਨ ਦੇਂਦੇ ਸੀ ਉਸ ਦੇ ਵਾਲ ਇਥੇ।
ਕੰਸ, ਰੁਕਮਣੀ ਤੇ ਪਰਸ ਰਾਮ ਵਾਲੀ, ਮਿਲੇ ਵਿਚ ਇਤਿਹਾਸ ਮਿਸਾਲ ਇਥੇ।
ਵਾਂਝਾ ਹੁੰਦਾ ਸੀ ਆਤਮਕ ਸ਼ਕਤੀਆਂ ਤੋਂ, ਦਾੜ੍ਹੀ ਕੇਸ ਕਟਾਉਣ ਦੇ ਨਾਲ ਇਥੇ।
ਸਮਾਂ ਬੀਤਣ ਤੇ ਕੇਸ ਮੁੰਨਾਉਣ ਵਾਲੀ, ਭੈੜੀ ਚਲ ਪਈ ਸੀ ਭੇਡ ਚਾਲ ਇਥੇ।
ਦਾੜ੍ਹੀ ਕੇਸ ਨਹੀਂ ਕਦੇ ਉਗਾਏ ਜਾਂਦੇ, ਇਹ ਤਾਂ ਕੁਦਰਤ ਦਾ ਹੈਨ ਵਰਦਾਨ ਸਿੰਘੋ।
ਸਾਬਤ ਸੂਰਤ ਉਹ ਰੂਹਾਂ ਨੇ ਸਦਾ ਰਹੀਆਂ, ਹੋਇਆ ਜਿਨ੍ਹਾਂ ਨੂੰ ਆਤਮਿਕ ਗਿਆਨ ਸਿੰਘੋ।
ਮਹਾਂਪੁਰਖ, ਪੈਗੰਬਰ ਤੇ ਗੁਰੂ ਸਾਰੇ, ਕੇਸਾਧਾਰੀ ਹੋਏ ਵਿਚ ਜਹਾਨ ਸਿੰਘੋ।
ਸਦਾ ਬਣੇ ਕਸਵੱਟੀ ਇਹ ਖਾਲਸੇ ਦੀ,ਇੱਜ਼ਤ, ਅਣਖ ਤੇ ਕੌਮੀ ਨਿਸ਼ਾਨ ਸਿੰਘੋ।
ਦਿਨ ਵਿਸਾਖੀ ਦੇ ਗੁਰੂ ਦਸਮੇਸ਼ ਜੀ ਨੇ, ਪਰਗਟ ਕੀਤਾ ਨਿਆਰਾ ਗੁਰ ਖਾਲਸਾ ਸੀ।
ਸਾਬਤ ਸੂਰਤ ਦਸਤਾਰ ਸੀ ਸਿਰ ਉੱਤੇ, ਲਗਦਾ ਬੜਾ ਪਿਆਰਾ ਗੁਰ ਖਾਲਸਾ ਸੀ।
ਖਾਸ ਰੂਪ ਅੰਦਰ ਕਲਗੀਧਰ ਜੀ ਦਾ, ਬਣਿਆ ਅੱਖਾਂ ਦਾ ਤਾਰਾ ਗੁਰ ਖਾਲਸਾ ਸੀ।
ਬਰਫ ਵਾਂਗ ਠੰਢਾ ਨਾਲ ਸੱਜਣਾਂ ਦੇ, ਦੁਸ਼ਮਣ ਲਈ ਅੰਗਿਆਰਾ ਗੁਰ ਖਾਲਸਾ ਸੀ।
ਸਾਬਤ ਸੂਰਤ, ਦਸਤਾਰ ਤੇ ਕੇਸ ਬਾਰੇ, ਬਾਣੀ ਵਿੱਚ ਵੀ ਗੁਰੂ ਸਾਹਿਬਾਨ ਲਿਖਿਐ।
ਨੰਦ ਲਾਲ ਜੀ ਨੇ ਆਪਣੀ ਗਜ਼ਲ ਅੰਦਰ, ਕੇਸਾਂ ਬਾਰੇ ਇਹ ਅਹਿਮ ਬਿਆਨ ਲਿਖਿਐ।
ਦਸਮ ਪਿਤਾ ਦੇ ਇਕ ਇਕ ਵਾਲ ਦਾ ਮੁੱਲ, ਇਕ ਇਕ ਨਹੀਂ, ਦੋ ਦੋ ਜਹਾਨ ਲਿਖਿਐ।
ਰਹਿਤਨਾਮਿਆਂ ਵਿੱਚ ਵੀ ਥਾਂ ਥਾਂ ਤੇ, ਪਾਵਨ ਕੇਸਾਂ ਨੂੰ ਸਿੱਖੀ ਦੀ ਸ਼ਾਨ ਲਿਖਿਐ।
ਦਸਮ ਪਿਤਾ ਨੇ ਆਖਿਆ ਪੀਰ ਤਾਈਂ, ਮੱਦਦ ਤੁਸਾਂ ਹੋ ਕੇ ਅੰਗ ਸੰਗ ਕੀਤੀ।
ਥੋਡੇ ਪੁਤਾਂ ਮੁਰੀਦਾਂ ਨੇ ਯੁੱਧ ਅੰਦਰ, ਸ਼ਹੀਦੀ ਪਾ ਕੇ ਤੇ ਦੁਨੀਆਂ ਦੰਗ ਕੀਤੀ।
ਮੰਗੋ ਜੋ ਕੁਝ ਪੀਰ ਜੀ ਮੰਗਣਾ ਜੇ, ਮੇਰੀ ਸਹੁੰ, ਜੇ ਰਤਾ ਵੀ ਸੰਗ ਕੀਤੀ।
‘ਅੜੇ ਕੇਸਾਂ ਸਮੇਤ’ ਹੀ ਪੀਰ ਉਦੋਂ, ਦਸਮ ਪਿਤਾ ਤੋਂ ‘ਕੰਘੇ ਦੀ ਮੰਗ’ ਕੀਤੀ।
ਤਾਰੂ ਸਿੰਘ ਨੂੰ ਜ਼ਕਰੀਏ ਆਖਿਆ ਸੀ, ਕਹਿਣਾ ਮੰਨ ਤੂੰ ਹੋ ਸੁਚੇਤ ਮੇਰਾ।
ਸਿੱਖੀ ਰੂਪ ਤਿਆਗ ਦੇ ਸਦਾ ਦੇ ਲਈ, ਏਸੇ ਵਿੱਚ ਏ ਤੇਰਾ ਤੇ ਹੇਤ ਮੇਰਾ।
ਕਿਹਾ ਸਿੰਘ ਨੇ ਅੱਗੋਂ ਲਲਕਾਰ ਕੇ ਤੇ, ਤੂੰ ਨਹੀਂ ਜਾਣ ਸਕਦਾ, ਸਿੱਖੀ ਭੇਤ ਮੇਰਾ।
ਕੱਲੇ ਕੇਸ ਨਹੀਂ ਕਤਲ ਇਹ ਹੋ ਸਕਣੇ, ਲਾਹ ਲੈ ਖੋਪਰ ਤੂੰ ਕੇਸਾਂ ਸਮੇਤ ਮੇਰਾ।
ਅਹਿਮਦ ਸ਼ਾਹ ਅਬਦਾਲੀ ਨੇ ਆਣ ਕੇ ਤੇ, ਪੈਰ ਜਦੋਂ ਪੰਜਾਬ ਵਿੱਚ ਧਰ ਦਿੱਤਾ ।
ਬਾਬਾ ਆਲਾ ਸਿੰਘ ਫੁਲਕੀਆਂ ਮਿਸਲ ਵਾਲਾ, ਫੜ ਕੇ ਉਸ ਨੇ ਕੈਦ ਸੀ ਕਰ ਦਿੱਤਾ।
ਖਤਮ ਕਰਨ ਲਈ ਸਿੱਖੀ ਸਰੂਪ ਉਹਦਾ, ਕਤਲ ਕੇਸਾਂ ਨੂੰ ਕਰਨ ਦਾ ਡਰ ਦਿੱਤਾ।
ਕਲਗੀਧਰ ਦੀ ਮੋਹਰ ਬਚਾਉਣ ਖਾਤਿਰ, ਲੱਖ ਰੁਪਈਆ ਜੁਰਮਾਨਾ ਉਸ ਭਰ ਦਿੱਤਾ।
ਵਿਛੜੀ ਜਿੰਦਾਂ ਨੂੰ ਜਦੋਂ ਦਲੀਪ ਮਿਲਿਆ, ਧਾਹਾਂ ਮਾਰ ਕੇ ਰੋਈ ਮਜ਼ਬੂਰ ਮਾਤਾ।
ਜੂੜਾ ਪੁੱਤ ਦੇ ਸਿਰ ਨਾ ਵੇਖ ਕੇ ਤੇ, ਹੋ ਗਈ ਟੁੱਟ ਕੇ ਸੀ ਚਕਨਾਚੂਰ ਮਾਤਾ।
ਅੱਗੋਂ ਕਿਹਾ ਉਸ ਮਾਂ ਦੇ ਚਰਨ ਫੜ ਕੇ, ਕੀਤਾ ਗੋਰਿਆਂ ਸਿੱਖੀਂ ਤੋਂ ਦੂਰ ਮਾਤਾ।
ਅੰਮ੍ਰਿਤ ਛੱਕ ਕੇ ਸਜੂੰ ਮੈਂ ਸਿੰਘ ਪੂਰਾ, ਸਹੁੰ ਖਾਂਦਾ ਹਾਂ ਤੇਰੇ ਹਜ਼ੂਰ ਮਾਤਾ।
ਪਰਤਿਆ ਪੂਰਨ ਸਿੰਘ ਜਦੋਂ ਜਪਾਨ ਵਿੱਚੋਂ, ਦਾੜ੍ਹੀ, ਮੁੱਛਾਂ ਤੇ ਜੂੜਾ ਰਿਹਾ ਹੀ ਨਹੀਂ।
ਭਾਈ ਵੀਰ ਸਿੰਘ ਕੋਲ ਜਦ ਆਣ ਬੈਠਾ, ਉਨ੍ਹਾਂ ਮੁੱਖ ’ਚੋਂ ਕੁਝ ਵੀ ਕਿਹਾ ਹੀ ਨਹੀਂ।
ਆਖਰ ਪੁੱਛਣ ਤੇ ਉਸ ਜਵਾਬ ਦਿੱਤਾ, ਤੂੰ ਤੇ ਲਗਦਾ ਹੁਣ ਸਿੱਖਾਂ ਜਿਹਾ ਹੀ ਨਹੀਂ।
ਤੇਰੇ ਨਾਲ ਮੈਂ ਗੱਲ ਹੈ ਕੀ ਕਰਨੀ, ਪੂਰਨ ਸਿੰਘਾ ਤੂੰ ਪੂਰਨ ਹੁਣ ਰਿਹਾ ਹੀ ਨਹੀਂ।
ਕਿਹਾ ਡਾਕਟਰ ਨੇ ਸੰਤ ਕਰਤਾਰ ਸਿੰਘ ਜੀ, ਕਰਨਾ ਪੈਣੈ ਉਪਰੇਸ਼ਨ ਹਜ਼ੂਰ ਮੈਨੂੰ।
ਇਹਦੇ ਬਿਨਾਂ ਕੋਈ ਚਾਰਾ ਨਹੀਂ ਰਿਹਾ ਬਾਕੀ, ਲਾਹੁਣੇ ਪੈਣੈ ਨੇ ਵਾਲ ਜਰੂਰ ਮੈਨੂੰ।
ਅੱਗੋਂ ਕਿਹਾ ਦਸ਼ਮੇਸ਼ ਦੇ ਲਾਡਲੇ ਨੇ, ਕਰੀਂ ਸਿੱਖੀ ਤੋਂ ਤੂੰ ਨਾ ਦੂਰ ਮੈਨੂੰ।
ਕੇਸ ਕਤਲ ਕਰਵਾ ਕੇ ਬਚਣ ਨਾਲੋਂ, ਡਾਕਟਰ ਸਾਹਿਬ ਏ ਮਰਨਾ ਮਨਜ਼ੂਰ ਮੈਨੂੰ।
ਪ੍ਰਸਿੱਧ ਇਤਿਹਾਸਕਾਰ ‘ਤਿਆਨਬੀ’ ਨੇ, ਇਤਿਹਾਸ ਮਨੁੱਖਤਾ ਦਾ ਦਿੱਤੈ ਲਿਖ ਸੋਹਣਾ।
ਇਕ ਔਰਤ ਜਦ ਕੀਤਾ ਸੁਆਲ ਉਸ ਨੂੰ, ਸਾਰੀ ਦੁਨੀਆਂ ’ਚੋਂ ਕਿਸ ਦਾ ਦਿੱਖ ਸੋਹਣਾ।
ਅੱਗੋਂ ਦਿੱਤਾ ਸੀ ਝੱਟ ਜੁਆਬ ਉਹਨੇ, ਦਾੜ੍ਹੀ ਕੇਸਾਂ ਵਾਲਾ ਪੂਰਨ ਸਿੱਖ ਸੋਹਣਾ।
ਦਾੜ੍ਹੀ ਮੁੱਛਾਂ ਬਗੈਰ ਪਰ ਬਦਸੂਰਤ, ਜਿਹੜਾ ਹੁੰਦਾ ਸੀ ਕਦੇ ਉਹ ਸਿੱਖ ਸੋਹਣਾ।
ਸਿੱਧ ਕੀਤੈ ਵਿਗਿਆਨ ਦੀ ਖੋਜ ਨੇ ਵੀ, ਵਿਟਾਮਿਨ ‘ਡੀ’ ਪੈਦਾ ਕਰਦੇ ਵਾਲ ਸਿੰਘੋ।
ਚੋਟੀ ਉਤੇ ਜੋ ਜੂੜਾ ਇਹ ਸੋਭਦਾ ਏ, ਸੂਰਜੀ ਸ਼ਕਤੀ ਨੂੰ ਲੈਂਦੇ ਸੰਭਾਲ ਸਿੰਘੋ।
ਸਰਦੀ, ਗਰਮੀ ਜਾਂ ਛਾਂ ਤੇ ਧੁੱਪ ਕੋਲੋਂ, ਬਚਾਉਂਦੇ ਦਿਮਾਗ ਤਾਈਂ ਬਣਕੇ ਢਾਲ ਸਿੰਘੋ।
ਸਾਡੀਆਂ ਅੱਖਾਂ ਦੀ ਜੋਤ ਏ ਘੱਟ ਜਾਂਦੀ, ਦਾੜ੍ਹੀ ਮੁੱਛਾਂ ਕਟਾਉਣ ਦੇ ਨਾਲ ਸਿੰਘੋ।
ਸਿੱਖ ਇਤਿਹਾਸ ਤੋਂ ਨੇ ਅਣਜਾਣ ਜਿਹੜੇ, ਪਾਵਨ ਕੇਸਾਂ ਨੂੰ ਕਤਲ ਕਰਵਾਈ ਫਿਰਦੇ।
ਜੀਹਨੇ ਸਾਰਾ ਸਰਬੰਸ ਕੁਰਬਾਨ ਕੀਤਾ, ਕਲਗੀਧਰ ਤੋਂ ਮੂੰਹ ਭੁਆਈ ਫਿਰਦੇ।
ਸਿੱਖੀ ਕੇਸੀਂ ਸੁਆਸੀਂ ਨਿਭਾਉਣ ਵਾਲਾ, ਲਹੂ ਭਿੱਜਾ ਇਤਿਹਾਸ ਭੁਲਾਈ ਫਿਰਦੇ।
ਸਾਬਤ ਸੂਰਤ ਇਹ ਰੱਬ ਦੀ ਭੰਨ ਕੇ ਤੇ, ਏਸੇ ਵਿਚ ਹੀ ਸਮਝੀ ਵਡਿਆਈ ਫਿਰਦੇ।
ਸਿੱਖੀ ਮਹਿਲ ਦੇ ਸੁੰਦਰ ਮੁਨਾਰਿਆਂ ਨੂੰ, ਨਾਲ ਕੈਂਚੀਆਂ ਇਹ ਨੇ ਢਾਈ ਫਿਰਦੇ।
ਕਈ ਪੁੱਤ ਗੁਰਸਿੱਖਾਂ ਦੇ ਪਤਿਤ ਹੋ ਕੇ, ਚਿੱਟੀ ਪੱਗ ਨੂੰ ਦਾਗ ਨੇ ਲਾਈ ਫਿਰਦੇ।
ਕੇਸ ਕਤਲ ਕਰਾਉਂਦੇ ਨੇ ਬੋਝ ਕਹਿ ਕੇ, ਐਪਰ ਤਨ ਦਾ ਬੋਝ ਉਠਾਈ ਫਿਰਦੇ।
ਸੁੰਦਰ, ਸੋਹਣੀ ਦਸਤਾਰ ਨੂੰ ਛੱਡ ਕੇ ਤੇ, ਅੱਜ ਕਲ ਸਿਰਾਂ ਤੇ ਟੋਪੀਆਂ ਪਾਈ ਫਿਰਦੇ।
ਪਾਵਨ ਕੇਸਾਂ ਦਾ ਪੂਰਨ ਸਤਿਕਾਰ ਕਰਨੈ, ਇਹਨੂੰ ਸਮਝ ਕੇ ਸਿੱਖੀ ਦੀ ਮੋਹਰ ਆਪਾਂ।
ਭਰਵੱਟੇ ਕੱਟਦੀਆਂ ਸਿੱਖ ਬੀਬੀਆਂ ਨੂੰ, ਕਰਨ ਦਈਏ ਨਾ ਪਾਪ ਇਹ ਘੋਰ ਆਪਾਂ।
ਸੀਸ ਉੱਤੇ ਸਜਾਉਣੀ ਦਸਤਾਰ ਸੋਹਣੀ, ਨੰਗੇ ਸਿਰ ਨਹੀਂ ਤੁਰਨੀ ਕੋਈ ਤੋਰ ਆਪਾਂ।
ਰਹਿਣੈ ‘ਜਾਚਕਾ’ ਸਦਾ ਹੀ ਸ਼ੇਰ ਬਣ ਕੇ, ਨਹੀਂ ਗਿੱਦੜ ਜਾਂ ਬਣਨਾ ਕੁਝ ਹੋਰ ਆਪਾਂ।
ਸਿੱਖ ਜਦੋਂ ਵੀ ਕਿਤੇ ਅਰਦਾਸ ਕਰਦੈ, ਗੁਰੂ ਸਾਹਬ ਕੋਲੋਂ ਕੇਸ ਦਾਨ ਮੰਗਦੈ।
ਸਮੇਂ ਸਮੇਂ ਉਤੇ ਔਖੀ ਘੜੀ ਅੰਦਰ, ਚੜ੍ਹਦੀ ਕਲਾ ਤੇ ਸਿੱਖੀ ਦੀ ਸ਼ਾਨ ਮੰਗਦੈ।
ਆਏ ਆਂਚ ਨਾ ਸਿੱਖੀ ਸਰੂਪ ਉੱਤੇ, ਸਿੰਘ ਸਦਾ ਇਮਤਿਹਾਨ ਦੌਰਾਨ ਮੰਗਦੈ।
ਸਿੱਖੀ ਕੇਸਾਂ ਸੁਆਸਾਂ ਦੇ ਨਾਲ ਨਿਭ ਜਾਏ, ‘ਜਾਚਕ’ ਗੁਰੂ ਤੋਂ ਇਹ ਵਰਦਾਨ ਮੰਗਦੈ।