Home » ਸਿਧਾਂਤਕ ਕਵਿਤਾਵਾਂ » ਗ੍ਰਿਹਸਤ

ਗ੍ਰਿਹਸਤ

by Dr. Hari Singh Jachak
Grihast

ਗ੍ਰਿਹਸਤ

ਗ੍ਰਿਹਸਤ

ਪਾਵਨ ਗੁਰੂ ਗਰੰਥ ਮਹਾਰਾਜ ਅੰਦਰ, ਗ੍ਰਿਹਸਤ ਤਾਂਈਂ ਵਡਿਆਇਆ ਏ ਪਾਤਸ਼ਾਹ ਨੇ।

ਆਪ ਜੀਅ ਕੇ ਦੁਨੀਆਂ ’ਚ ਸਫਲ ਜੀਵਨ, ਸਾਨੂੰ ਜਿਊਣਾ ਸਿਖਾਇਆ ਏ ਪਾਤਸ਼ਾਹ ਨੇ।

ਵਿੱਚ ਗ੍ਰਿਹਸਤ ਦੇ ਕਿਦਾਂ ਉਦਾਸ ਰਹਿਣੈ, ਉਹ ਵੀ ਮਾਰਗ ਵਿਖਾਇਆ ਏ ਪਾਤਸ਼ਾਹ ਨੇ।

ਕਿਦਾਂ ਰਹਿਣਾਂ ਏ ਕਮਲ ਦੇ ਫੁੱਲ ਵਾਂਗੂੰ, ਇਹ ਵੀ ਸਾਨੂੰ ਸਮਝਾਇਆ ਏ ਪਾਤਸ਼ਾਹ ਨੇ।

 

ਕਬਿਤ ਸਯੱਈਆਂ ’ਚ ਭਾਈ ਗੁਰਦਾਸ ਲਿਖਿਐ, ਕਿਵੈਂ ਗ੍ਰਿਹਸਤ ਦਾ ਉਤਮ ਸਥਾਨ ਹੁੰਦੈ।

ਵਿੱਚ ਪਰਬਤਾਂ ਜਿਵੇਂ ਸੁਮੇਰ ਪਰਬਤ, ਬਿਰਛਾਂ ਵਿੱਚੋਂ ਜਿਓ ਚੰਦਨ ਮਹਾਨ ਹੁੰਦੈ।

ਸ਼ੇਰਾਂ ਵਿੱਚੋਂ ਜਿਉਂ ਹੁੰਦਾ ਏ ਸ਼ੇਰ ਬੱਬਰ, ਗਿਆਨਾਂ ਵਿੱਚੋਂ ਸ਼ਰੇਸ਼ਟ ਗੁਰ ਗਿਆਨ ਹੁੰਦੈ।

ਏਸੇ ਤਰ੍ਹਾਂ ਹੀ ਕਰੀਏ ਜਦ ਧਰਮ ਅਧਿਅਨ, ਸਾਰੇ ਧਰਮਾਂ ਵਿੱਚ ਗ੍ਰਿਹਸਤ ਪ੍ਰਧਾਨ ਹੁੰਦੈ।

 

ਪਤੀ ਚੰਨ ਤੇ ਪਤਨੀ ਚਕੋਰ ਹੋਵੇ, ਪਤੀ ਭੌਰ ਤੇ ਪਤਨੀ ਗੁਲਜ਼ਾਰ ਹੋਵੇ।

ਜੀਵਨ ਜੀਊਣ ਉਹ ਮਹਿਕਦੇ ਫੁੱਲ ਵਾਂਗੂੰ,ਨਾ ਕੋਈ ਦੋਹਾਂ ’ਚੋਂ ਚੁਭਵਾਂ ਖਾਰ ਹੋਵੇ।

ਪਤੀ ਪਤਨੀ ਦੇ ਨਾਮ ਦੀ ਜਪੇ ਮਾਲਾ, ਪਤੀ ਪਤਨੀ ਦੇ ਗਲ ਦਾ ਹਾਰ ਹੋਵੇ।

ਇਕ ਨੂੰ ਚੁੱਭੇ ਕੰਡਾ, ਪੀੜ ਹੋਏ ਦੂਜੇ, ਐਸੀ ਪ੍ਰੇਮ ਵਾਲੀ ਇਕੋ ਤਾਰ ਹੋਵੇ।

 

‘ਏਕ ਜੋਤ ਦੋਇ ਮੂਰਤੀ’ ਹੋਣ ਜਿਥੇ, ਓਥੇ ਵਧੀਆ ਹੈ ਚਲਦੀ ਗ੍ਰਿਹਸਤ ਗੱਡੀ।

ਸਫਰ ਕਰਨ ਦਾ ਬੜਾ ਆਨੰਦ ਆਊਂਦੈ, ਭਾਰ ਸਾਰਾ ਹੀ ਝੱਲਦੀ ਗ੍ਰਿਹਸਤ ਗੱਡੀ।

ਦੋਵੇਂ ਪਹੀਏ ਜੇ ਏਸ ਦੇ ਠੀਕ ਚੱਲਣ, ਫਿਰ ਨਾ ਹਿੱਲਦੀ ਹੱਲਦੀ ਗ੍ਰਿਹਸਤ ਗੱਡੀ।

ਇਕ ਪਹੀਆ ਜੇ ਕਿਧਰੇ ਖਰਾਬ ਹੋ ਜਾਏ, ਠੱਲਣ ਨਾਲ ਨਾ ਠੱਲਦੀ ਗ੍ਰਿਹਸਤ ਗੱਡੀ।

 

ਪਤੀ ਜਿਨ੍ਹਾਂ ਦੇ ਨੇ ਨਸ਼ਈ ਹੁੰਦੇ, ਉਹ ਤਾਂ ਰੱਤ ਦੇ ਹੰਝੂ ਵਗਾਉਂਦੀਆਂ ਨੇ।

ਪਤਾ ਨਹੀਂ ਸ਼ਰਾਬੀ ਨੇ ਕਦੋਂ ਆਉਣੈ, ਤਾਰੇ ਗਿਣਦਿਆਂ ਰਾਤਾਂ ਲੰਘਾਉਂਦੀਆਂ ਨੇ।

ਭਾਂਡੇ ਸਦਾ ਹੀ ਓਥੇ ਤਾਂ ਖੜਕਦੇ ਨੇ, ਜਿਥੇ ਨਸ਼ੇ ਦੀਆਂ ਬੋਤਲਾਂ ਆਉਂਦੀਆਂ ਨੇ।

ਗ੍ਰਿਹਸਤ ਜੀਵਨ ਦੇ ਤਾਂਈਂ ਬਰਬਾਦ ਕਰਕੇ, ਅੱਗ ਅਮਨ ਤੇ ਚੈਨ ਨੂੰ ਲਾਉਂਦੀਆਂ ਨੇ।

 

ਜਿਥੇ ਕਿਧਰੇ ਗ੍ਰਿਹਸਤ ’ਚ ਆਏ ਦਿਕਤ, ਯਾਦ ਰੱਖੀਏ ਉਨ੍ਹਾਂ ਹੱਡ ਬੀਤੀਆਂ ਨੂੰ।

ਨਸ਼ਿਆਂ ਅਤੇ ਪਿਆਲੇ ਤੋਂ ਦੂਰ ਰਹੀਏ, ਨੇੜੇ ਲੱਗਣ ਨਾ ਦੇਈਏ ਕੁਰੀਤੀਆਂ ਨੂੰ।

ਆਪਣੇ ਵਿੱਤ ਅਨੁਸਾਰ ਗੁਜਰਾਨ ਕਰੀਏ , ਦਿਲ ਵਿੱਚ ਧਾਰ ਕੇ ਚੰਗੀਆਂ ਨੀਤੀਆਂ ਨੂੰ।

ਚਾਦਰ ਵੇਖ ਜੋ ਪੈਰ ਪਸਾਰਦੇ ਨਹੀਂ , ਉਹ ਫਿਰ ਭੋਗਦੇ ਆਪਣੀਆਂ ਕੀਤੀਆਂ ਨੂੰ।

 

ਗ੍ਰਿਹਸਤ ਮਾਰਗ ਦਾ ਹਰ ਸੁਚੇਤ ਪਾਂਧੀ, ਹਰਦਮ ਭਲਾ ਸਰਬੱਤ ਦਾ ਮੰਗਦਾ ਏ।

ਕਰਕੇ ਕਿਰਤ ਤੇ ਵੰਡ ਕੇ ਛਕ ਲੈਂਦਾ, ਆਪਾ ਨਾਮ ਦੇ ਰੰਗ ਵਿੱਚ ਰੰਗਦਾ ਏ।

ਊਚ ਨੀਚ ਦਾ ਵਿਤਕਰਾ ਨਹੀਂ ਕਰਦਾ, ਵਹਿਮਾਂ ਭਰਮਾਂ ਨੂੰ ਛਿਕੇ ਤੇ ਟੰਗਦਾ ਏ।

ਸੇਵਾ ਸਿਮਰਨ ਨੂੰ ਜੀਵਨ ’ਚ ਧਾਰ ਕੇ ਤੇ, ਨੇਕੀ ਕਰਨ ਤੋਂ ਕਦੇ ਨਾ ਸੰਗਦਾ ਏ।

 

ਉਹ ਘਰ ਨਹੀਂ ਕਦੇ ਵੀ ਨਰਕ ਬਣਦਾ ,ਸੱਸ ਨੂੰਹ ਦਾ ਜਿਥੇ ਪਿਆਰ ਹੋਵੇ।

ਜਿਥੇ ਪਤਨੀ ਨੂੰ ਸਮਝਿਆ ਜਾਏ ਸਾਥਣ, ਅਤੇ ਮਾਂ ਦਾ ਪੂਰਨ ਸਤਿਕਾਰ ਹੋਵੇ।

‘ਨੂੰਹ’ ‘ਸੱਸ’ ਨੂੰ ਆਪਣੀ ਮਾਂ ਸਮਝੇ, ਸੱਸ ਨੂੰ ‘ਨੂੰਹ’  ’ਚੋਂ ਧੀ ਦਾ ਦੀਦਾਰ ਹੋਵੇ।

ਕਲਾ ਕਲੇਸੋਂ ਗ੍ਰਿਹਸਤ ਉਹ ਮੁਕਤ ਰਹਿੰਦੈ, ‘ਜਾਚਕ’ ਸੁਖੀ ਉਹ ਸਾਰਾ ਪਰਵਾਰ ਹੋਵੇ।