ਦਸਤਾਰ ਦੀ ਮਹਾਨਤਾ
ਦਸਤਾਰ ਦੀ ਮਹਾਨਤਾ
ਪੱਗ ਪਗੜੀ ਨਿਸ਼ਾਨੀ ਰਹੀ ਅਣਖ ਦੀ ਇਹ, ਚੱਲਿਆ ਆਇਐ ਰਿਵਾਜ ਗੁਰ ਖਾਲਸਾ ਜੀ।
ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ, ਸਾਡੇ ਸਿਰਾਂ ਦਾ ਤਾਜ, ਗੁਰ ਖਾਲਸਾ ਜੀ।
ਲਹੂ ਭਿੱਜੇ ਇਤਿਹਾਸ ਤੋਂ ਪਤਾ ਲੱਗਦੈ, ਸਾਡੀ ਸਿੱਖੀ ਦਾ ਰਾਜ, ਗੁਰ ਖਾਲਸਾ ਜੀ।
ਸਾਡੀ ਆਨ ਇਹ ਤਾਂ, ਸਾਡੀ ਸ਼ਾਨ ਇਹ ਤਾਂ, ਸਾਡੀ ਪੰਥਕ ਆਵਾਜ਼ ਗੁਰ ਖਾਲਸਾ ਜੀ।
ਕਲਗੀਧਰ ਦੇ ਹੁੰਦੇ ਨੇ ਖਾਸ ਦਰਸ਼ਨ, ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ।
ਲੱਖਾਂ ਵਿੱਚੋਂ ਪਛਾਣਿਆ ਜਾਏ ਕੱਲਾ, ਸਿੱਖੀ ਝਲਕਦੀ ਦਿੱਸੇ ਦਸਤਾਰ ਵਿੱਚੋਂ।
ਕੱਢੀ ਤੇਗ ਮਿਆਨ ’ਚੋਂ ਗੁਰੂ ਦਸਵੇਂ, ਸੂਰੇ ਚੁਣਨ ਲਈ ਭਰੇ ਦਰਬਾਰ ਵਿੱਚੋਂ।
ਉਚੀ ਗਰਜ ਕੇ ਮੁੱਖੋਂ ਫ਼ੁਰਮਾਨ ਕੀਤਾ, ਲਉ ਜਨਮ ਤਲਵਾਰ ਦੀ ਧਾਰ ਵਿੱਚੋ।
ਔਖੀ ਘਾਟੀ ਤੇ ਮੁਸ਼ਕਲ ਸੀ ਬੜਾ ਪੈਂਡਾ, ਪੂਰੇ ਨਿਤਰੇ ਪੰਜ ਲਲਕਾਰ ਵਿੱਚੋਂ।
ਸਜੀਆਂ ਹੋਈਆਂ ਦਸਤਾਰਾਂ ਸੀ ਸੀਸ ਉੱਤੇ, ਨਿਕਲੇ ਪਹਿਨ ਕੇ ਪੂਰੇ ਕਕਾਰ ਵਿੱਚੋਂ।
ਬਖਸ਼ੀ ਗੁਰਾਂ ਨੇ ਅੰਮ੍ਰਿਤ ਦੀ ਦਾਤ ਪਹਿਲਾਂ, ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ।
ਪੰਜੇ ਹੋਏ ਪ੍ਰਵਾਨ ਸੰਸਾਰ ਅੰਦਰ, ਸਿੱਖੀ ਝਲਕਦੀ ਦਿੱਸੀ ਦਸਤਾਰ ਵਿੱਚੋਂ।
ਉਸ ਪਾਵਨ ਵਿਸਾਖੀ ਤੇ ਪਾਤਸ਼ਾਹ ਨੇ, ਪਰਗਟ ਕੀਤਾ ਨਿਆਰਾ ਗੁਰ ਖਾਲਸਾ ਸੀ।
ਸਾਬਤ ਸੂਰਤ ਦਸਤਾਰ ਸੀ ਸਿਰ ਉੱਤੇ, ਲੱਗਦਾ ਬੜਾ ਪਿਆਰਾ ਗੁਰ ਖਾਲਸਾ ਸੀ।
ਖਾਸ ਰੂਪ ਅੰਦਰ ਕਲਗੀਧਰ ਜੀ ਦਾ, ਬਣਿਆ ਅੱਖਾਂ ਦਾ ਤਾਰਾ, ਗੁਰ ਖਾਲਸਾ ਸੀ।
ਬਰਫ ਵਾਂਗ ਠੰਢਾ ਨਾਲ ਸਜਣਾਂ ਦੇ, ਦੁਸ਼ਮਣ ਲਈ ਅੰਗਿਆਰਾ, ਗੁਰ ਖਾਲਸਾ ਸੀ।
ਏਸ ਧਰਤੀ ਤੇ ਪੂਰਨ ਮਨੁੱਖ ਇਹ ਤਾਂ, ਪਰਗਟ ਸਮੇਂ ਦੀ ਹੋਇਆ ਪੁਕਾਰ ਵਿੱਚੋਂ।
ਚਿਹਰੇ ਉੱਤੇ ਨੂਰਾਨੀ ਕੋਈ ਨੂਰ ਹੈਸੀ, ਸਿੱਖੀ ਝਲਕਦੀ ਦਿੱਸੀ ਦਸਤਾਰ ਵਿੱਚੋਂ।
ਦਸਮ ਪਿਤਾ ਨੇ ਕਿਹਾ ਸੀ ਖਾਲਸੇ ਨੂੰ, ਕਦੇ ਤੁਸਾਂ ਨੂੰ ਆਂਚ ਨਹੀਂ ਆ ਸਕਦੀ।
ਜਦ ਤੱਕ ਰਹੂ ਨਿਆਰਾ ਸਰੂਪ ਕਾਇਮ, ਥੋੜੀ ਹੋਂਦ ਨੂੰ ਹੋਣੀ ਨਹੀਂ ਖਾ ਸਕਦੀ।
ਏਸ ਦੁਨੀਆਂ ਦੀ ਕਿਤੇ ਵੀ ਕੋਈ ਤਾਕਤ, ਇਸ ਦਸਤਾਰ ਨੂੰ ਹੱਥ ਨਹੀਂ ਪਾ ਸਕਦੀ।
ਚਲ ਪਏ ਜੇ ਬਿਪਰਨ ਕੀ ਰੀਤ ਸਿੰਘੋ, ਕੋਈ ਤਾਕਤ ਨਹੀਂ ਥੋਨੂੰ ਬਚਾ ਸਕਦੀ।
ਕੇਸਾਂ ਸੁਆਸਾਂ ਦੇ ਨਾਲ ਨਿਭਾਉ ਸਿੱਖੀ, ਨਿਆਰੇ ਰਹੋ ਇਸ ਸਾਰੇ ਸੰਸਾਰ ਵਿੱਚੋਂ।
ਸਜਾਓ ਸੀਸ ਤੇ ਸੋਹਣੀ ਦਸਤਾਰ ਐਸੀ, ਕਿ ਸਿੱਖੀ ਝਲਕਦੀ ਦਿੱਸੇ ਦਸਤਾਰ ਵਿੱਚੋਂ।
ਅਣਖੀ ਰੂਪ ਦਸਤਾਰ ਦਾ ਵੇਖਣਾ ਜੇ, ਸਿੰਘ ਚਰਖੜੀਆਂ ਦੇ ਉੱਤੇ ਚੜੇ ਵੇਖੋ।
ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ, ਲਾੜੀ ਮੌਤ ਪਰਨਾਉਣ ਲਈ ਖੜ੍ਹੇ ਵੇਖੋ।
ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ, ਮੁੱਖੋਂ ਸ਼ਬਦ ਗੁਰਬਾਣੀ ਦੇ ਪੜ੍ਹੇ ਵੇਖੋ।
ਕੇਸਾਂ ਸੁਆਸਾਂ ਨਾਲ ਸਿੱਖੀ ਨਿਭਾਉਣ ਵੇਲੇ, ਤਾਰੂ ਸਿੰਘ ਨੂੰ ਚਾਅ ਨੇ ਚੜ੍ਹੇ ਵੇਖੋ।
ਸਮੇਂ ਸਮੇਂ ਤੇ ਕਰ ਕਰ ਜ਼ੁਲਮ ਜ਼ਾਲਮ, ਉਪਰੋਂ ਜਿੱਤੇ ਪਰ ਗਏ ਸਨ ਹਾਰ ਵਿਚੋਂ।
ਸਿੰਘ ਹੋਏ ਪਰ ਦੂਣ ਸਵਾਏ ਇਧਰ, ਸਿੱਖੀ ਝਲਕਦੀ ਦਿੱਸੀ ਦਸਤਾਰ ਵਿੱਚੋਂ।
ਜਦੋਂ ਸ਼ੇਰੇ ਪੰਜਾਬ ਦਾ ਰਾਜ ਹੈਸੀ, ਸਾਬਤ ਸੂਰਤ ਸਨ ਸਿੰਘ ਵਰਿਆਮ ਸੋਹਣੇ।
ਸਿਰਾਂ ਉੱਤੇ ਦਸਤਾਰ ਸਨ ਸਭ ਬੰਨਦੇ, ਦੇ ਰਹੇ ਸਿੱਖੀ ਦਾ ਸਨ ਪੈਗਾਮ ਸੋਹਣੇ।
ਕਰਵਾਉਂਦੇ ਰਹੇ ਦਸਤਾਰ ਮੁਕਾਬਲੇ ਉਹ, ਇਹਦੇ ਲਈ ਸਨ ਕੀਤੇ ਇੰਤਜ਼ਾਮ ਸੋਹਣੇ।
ਸਜਾਉਂਦੇ ਸੀਸ ਤੇ ਸੋਹਣੀ ਦਸਤਾਰ ਜਿਹੜੇ, ਹੱਥੀਂ ਆਪਣੀਂ ਦਿੰਦੇ ਇਨਾਮ ਸੋਹਣੇ।
ਧੁੰਮਾਂ ਪਈਆਂ ਸਨ ਸ਼ੇਰੇ ਪੰਜਾਬ ਦੀਆਂ, ਆਉਂਦੇ ਲੋਕ ਸਨ ਸਾਰੇ ਸੰਸਾਰ ਵਿੱਚੋਂ।
ਓਹਦੇ ਸਮੇਂ ਤਦ ਪੂਰੇ ਪੰਜਾਬ ਅੰਦਰ, ਸਿੱਖੀ ਝਲਕਦੀ ਦਿੱਸੀ ਦਸਤਾਰ ਵਿੱਚੋਂ।
ਛਿੜਿਆ ਜਦੋਂ ਸੰਸਾਰ ਦਾ ਯੁਧ ਪਹਿਲਾ, ਹਰ ਥਾਂ ਹੋਣੀ ਨੇ ਕਾਰੇ ਵਰਤਾਏ ਹੈਸਨ।
ਤਦੋਂ ਫੌਜ ਅੰਗਰੇਜ਼ੀ ਵਿੱਚ ਸਿੱਖ ਫੌਜੀ, ਜੂਝ ਮਰਨ ਲਈ ਜੰਗ’ਚ ਆਏ ਹੈਸਨ।
ਬਚਨ ਲਈ ਤਦ ਬੰਬਾਂ ਤੇ ਗੋਲੀਆਂ ਤੋਂ, ਲੋਹ ਟੋਪ ਅੰਗਰੇਜ਼ਾਂ ਨੇ ਪਾਏ ਹੈਸਨ।
ਪਰ ਸਿੱਖ ਫੌਜੀਆਂ ਰਣ ਮੈਦਾਨ ਅੰਦਰ, ਸਿਰ ਤੇ ਦੂਹਰੇ ਦਸਤਾਰੇ ਸਜਾਏ ਹੈਸਨ।
ਕਿਹਾ ਗੋਰਿਆਂ ਸਿਰਾਂ ਤੇ ਟੋਪ ਪਾ ਲਓ, ਸਿੱਖ ਫੌਜੀਆਂ ਕੀਤਾ ਇਨਕਾਰ ਵਿੱਚੋਂ।
ਆਪਣੇ ਮੁੱਖੋਂ ਜੈਕਾਰੇ ਬੁਲਾ ਕਹਿੰਦੇ, ਸਿੱਖੀ ਝਲਕਦੀ ਦਿਸੇ ਦਸਤਾਰ ਵਿੱਚੋਂ।
ਭੁੱਲੇ ਭਟਕੇ ਹੋਏ ਨੌਜਵਾਨ ਸਾਡੇ, ਪਾਵਨ ਕੇਸਾਂ ਨੂੰ ਕਤਲ ਕਰਵਾਈ ਫਿਰਦੇ।
ਕੇਸਾਂ ਸੁਆਸਾਂ ਨਾਲ ਸਿੱਖੀ ਨਿਭਾਉਣ ਵਾਲਾ, ਲਹੂ ਭਿੱਜਾ ਇਤਿਹਾਸ ਭੁਲਾਈ ਫਿਰਦੇ।
ਸੁੰਦਰ, ਸੋਹਣੀ ਦਸਤਾਰ ਨੂੰ ਛੱਡ ਕੇ ਤੇ, ਅਜਕਲ ਸਿਰਾਂ ਤੇ ਟੋਪੀਆਂ ਪਾਈ ਫਿਰਦੇ।
ਮੁਛ ਫੁੱਟ ਗਭਰੂ ਸਿਰਾਂ ਤੇ ਬੰਨ੍ਹ ਪਟਕੇ, ਏਸੇ ਵਿੱਚ ਹੀ ਸਮਝੀ ਵਡਿਆਈ ਫਿਰਦੇ।
ਸਿਰ ਸ਼ਰਮ ਨਾਲ ਜਾਂਦਾ ਏ ਝੁਕ ‘ਜਾਚਕ’, ਲੰਘਦੇ ਤੱਕੀਦਾ ਜਦੋਂ ਬਜ਼ਾਰ ਵਿੱਚੋਂ।
ਪਟਕੇ ਵਿੱਚੋਂ ਸਰਦਾਰੀ ਤਾਂ ਬੋਲਦੀ ਨਹੀਂ, ਇਹ ਤੇ ਬੋਲਦੀ ਸਿਰਫ ਦਸਤਾਰ ਵਿੱਚੋਂ।
ਇਸ ਦਸਤਾਰ ਦੀ ਕੀ ਮਹਾਨਤਾ ਹੈ, ਏਹਦੇ ਬਾਰੇ ਵੀ ਚਾਨਣਾ ਪਾਓ ਸਾਰੇ।
ਆਪੋ ਆਪਣੇ ਘਰਾਂ ’ਚ ਬੱਚਿਆਂ ਨੂੰ, ਸਿੱਖੀ ਵਿਰਸੇ ਤੋਂ ਜਾਣੂ ਕਰਵਾਓ ਸਾਰੇ।
ਪਾਵਨ ਕੇਸਾਂ ਦੀ ਸਾਂਭ ਸੰਭਾਲ ਕਰਨੀ, ਇਹਦੇ ਵੱਲ ਧਿਆਨ ਲਗਾਓ ਸਾਰੇ।
ਛੋਟੀ ਉਮਰ ਦੇ ਵਿੱਚ ਭੁਝੰਗੀਆਂ ਦੇ, ਸਿੱਖ ਤੇ ਸੁੰਦਰ ਦਸਤਾਰੇ ਸਜਾਓ ਸਾਰੇ।
ਵੱਜ ਰਹੀ ਹੈ ਖਤਰੇ ਦੀ ਕੋਈ ਘੰਟੀ, ਅਸਾਂ ਬਚਣਾ ਏ ਏਸ ਦੀ ਮਾਰ ਵਿੱਚੋਂ।
ਕੋਨੇ ਕੋਨੇ ’ਚ ‘ਜਾਚਕ’ ਸੰਸਾਰ ਅੰਦਰ, ਸਿੱਖੀ ਝਲਕਦੀ ਦਿਸੇ ਦਸਤਾਰ ਵਿਚੋਂ।