Home » ਸਿੱਖ ਵਿਦਵਾਨ ਤੇ ਨਾਮਵਰ ਸ਼ਖ਼ਸੀਅਤਾਂ » ਸੰਤ ਅਤਰ ਸਿੰਘ ਜੀ

ਸੰਤ ਅਤਰ ਸਿੰਘ ਜੀ

by Dr. Hari Singh Jachak
Sant Atar Singh Ji

ਸੰਤ ਅਤਰ ਸਿੰਘ ਜੀ

ਸੰਤ ਅਤਰ ਸਿੰਘ ਜੀ

ਭਾਈ ਕਰਮ ਸਿੰਘ ਦੇ ਅਤਰ ਸਿੰਘ ਪੁੱਤਰ, ਹੈਸਨ ਸ਼ੁਰੂ ਤੋਂ ਹੀ ਹੋਣਹਾਰ ਸੋਹਣੇ।

ਧੁਰ ਦਰਗਾਹ ਤੋਂ ਸਨ ਵਰੋਸਾਏ ਹੋਏ, ਸਿੱਖ ਕੌਮ ਦੇ ‘ਸੰਤ’ ਸਰਦਾਰ ਸੋਹਣੇ।

ਸਾਰੀ ਉਮਰ ਹੀ ਗੁਰੂ ਕੀਆਂ ਸੰਗਤਾਂ ਨੂੰ, ਦੱਸੇ ਗੁਰਮਤਿ ਦੇ ਪਾਵਨ ਵਿਚਾਰ ਸੋਹਣੇ।

ਪੰਥਕ ਮਾਲਾ ਦੇ ਸਨ ਅਨਮੋਲ ਮੋਤੀ, ਸਿੱਖ ਜਗਤ ਦੇ ਰੋਸ਼ਨ ਮੀਨਾਰ ਸੋਹਣੇ।

 

ਰੱਬੀ ਰੰਗ’ਚ ਰਹਿ ਕੇ ਮਸਤ ਉਨ੍ਹਾਂ, ਕੀਤਾ ਸਿਮਰਨ ਤੇ ਭਾਰੀ ਤਪੱਸਿਆ ਸੀ।

ਸ਼ਬਦ ਸੁਰਤ ਦੀ ਧੁਰੋਂ ਸੀ ਤਾਰ ਜੁੜ ਗਈ, ਰੱਬੀ ਮਿਹਰਾਂ ਦਾ ਮੀਂਹ ਕੋਈ ਵੱਸਿਆ ਸੀ।

ਚਾਨਣ ਚਾਨਣ ਸੀ ਹੋ ਗਿਆ ਧੁਰ ਅੰਦਰੋਂ, ਦੁਨਿਆਵੀ ਕੂੜ ਹਨੇਰਾ ਸਭ ਨੱਸਿਆ ਸੀ।

ਸਮਾਂ ਆਉਣ ਤੇ ਸਿਮਰਨ ਦੀ ਜੁਗਤ ਤਾਈਂ, ਗੁਰੂ ਸੰਗਤਾਂ ਨੂੰ, ਸੰਤਾਂ ਦੱਸਿਆ ਸੀ।

 

ਗੁਰੂ ਸੰਗਤਾਂ ਵਿੱਚ ਹੀ ਬੈਠਦੇ ਸਨ, ਵੱਖਰਾ ਆਸਨ ਲਗਾਇਆ ਨਾ ਕਦੇ ਸੰਤਾਂ।

ਗੁਰੂ ਗ੍ਰੰਥ ਜੀ ਦੀ ਪਾਵਨ ਹਾਜ਼ਰੀ ’ਚ, ਚਰਨੀਂ ਮੱਥਾ ਟਿਕਵਾਇਆ ਨਾ ਕਦੇ ਸੰਤਾਂ।

ਨਾ ਚਲਾਈ ਕੋਈ ਅੱਡ ਪ੍ਰੰਪਰਾ ਸੀ, ਵੰਡ ਵਿਤਕਰਾ ਪਾਇਆ ਨਾ ਕਦੇ ਸੰਤਾਂ।

ਅੰਮ੍ਰਿਤ ਛੱਕਣ ਲਈ ਸਿੰਘਾਂ ਤੇ ਬੀਬੀਆਂ ਨੂੰ, ਵੱਖੋ ਵੱਖ ਬਿਠਾਇਆ ਨਾ ਕਦੇ ਸੰਤਾਂ।

 

ਮਹਾਂਪੁਰਖ ਦੀ ਸੰਗਤ ਦੇ ਵਿਚ ਰਹਿ ਕੇ, ਸੱਚੇ ਨਾਮ ਦੀ ਕੀਤੀ ਪੜ੍ਹਾਈ ਉਨ੍ਹਾਂ।

ਅੱਧੀ ਉਮਰ ਸਮਾਧੀ ’ਚ ਲੀਨ ਰਹਿਕੇ, ਨਾਮ ਸਿਮਰਨ ਦੀ ਕੀਤੀ ਕਮਾਈ ਉਨ੍ਹਾਂ।

ਨਾਮ ਰੰਗ’ਚ ਰੰਗ ਕੇ ਸੰਗਤਾਂ ਨੂੰ, ਰੱਬੀ ਰੰਗ ਦੀ ਮੌਜ ਵਿਖਾਈ ਉਨ੍ਹਾਂ।

ਸਾਰੇ ਦੇਸ਼ ਦੇ ਲੋਕ ਸਨ ਮਾਣ ਕਰਦੇ, ਧੁਰ ਦਰਗਾਹੋਂ ਸੀ ਪਾਈ ਵਡਿਆਈ ਉਨ੍ਹਾਂ।

 

ਬਨਾਰਸ ਹਿੰਦੂ ਵਰਸਿਟੀ ਦੀ ਇਸੇ ਕਾਰਣ, ਸੰਤਾਂ ਕੋਲੋਂ ਸੀ ਨੀਂਹ ਰਖਵਾਈ ਉਨ੍ਹਾਂ।

ਜਾਰਜ ਪੰਚਮ ਦੇ ਦਿੱਲੀ ਦਰਬਾਰ ਵੇਲੇ, ਰੱਬੀ ਰੰਗ’ਚ ਬਾਣੀ ਸੀ ਗਾਈ ਉਨ੍ਹਾਂ।

ਰੱਖਿਆ ਗੁਰਮਤਿ ਸਿਧਾਂਤਾਂ ਨੂੰ ਸਦਾ ਸਾਹਵੇਂ, ਥਾਂ ਥਾਂ ਗੁਰਮਤਿ ਦੀ ਲਹਿਰ ਚਲਾਈ ਉਨ੍ਹਾਂ।

ਸੀ ਸਿਰਤਾਜ ਉਹ ਸਿੱਖ ਪ੍ਰਚਾਰਕਾਂ ਦੇ, ਜ਼ਿੰਦਗੀ ਸਾਰੀ ਪ੍ਰਚਾਰ ’ਚ ਲਾਈ ਉਨ੍ਹਾਂ।

 

ਵਿਦਿਅਕ ਜਾਗਰਤੀ ਲਹਿਰ ਚਲਾ ਕੇ ਤੇ, ਥਾਂ ਥਾਂ ਕਾਲਜ ਸਕੂਲ ਖੁਲਵਾਉਣ ਆਏ।

ਸਾਰੇ ਦੇਸ਼ ’ਚ ਲੱਖਾਂ ਹੀ ਸੰਗਤਾਂ ਨੂੰ, ‘‘ਸ਼ਬਦ ਗੁਰੂ’’ ਦੇ ਲੜ ਸੀ ਲਾਉਣ ਆਏ।

ਸੜਦੇ ਤਪਦੇ ਤੇ ਦੁਖਦੇ ਹਿਰਦਿਆਂ ’ਚ, ਕੀਰਤਨ ਰਾਹੀਂ ਸਨ ਠੰਢ ਵਰਤਾਉਣ ਆਏ।

ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਜਾ ਕੇ, ਅੰਮ੍ਰਿਤ ਛਕਣ ਦੀ ਲਹਿਰ ਚਲਾਉਣ ਆਏ।

 

ਚੌਦਾਂ ਲੱਖ ਦੇ ਲਗਭੱਗ ਰੂਹਾਂ ਤਾਈਂ, ਸਾਬਤ ਸੂਰਤ ਸਨ ਸਿੰਘ ਸਜਾਉਣ ਆਏ।

ਪੰਥ ਰਤਨ ਦਸ਼ਮੇਸ਼ ਦੇ ਲਾਡਲੇ ਉਹ, ਗੁਰ ਮਰਿਯਾਦਾ ਨੂੰ ਲਾਗੂ ਕਰਵਾਉਣ ਆਏ।

ਮੰਤਰ ਮੁਗਧ ਕਰ ਗੁਰੂ ਦੀਆਂ ਸੰਗਤਾਂ ਨੂੰ, ਅਰਸ਼ੀ ਪ੍ਰੀਤਮ ਦੇ ਜਲਵੇ ਦਿਖਾਉਣ ਆਏ।

ਸਚਮੁੱਚ ਕੌਮ ਦੇ ਹੀਰੇ ਸਨ ਸੰਤ ਜੀ ਤਾਂ, ਜੀਵਨ ਪੰਥ ਦੇ ਲੇਖੇ ਜੋ ਲਾਉਣ ਆਏ।

 

ਦਿੱਤੇ ਪਾਵਨ ਉਪਦੇਸ਼ ਜੋ ਮਹਾਂਪੁਰਖਾਂ, ਧਿਆਨ ਉਨ੍ਹਾਂ ਵੱਲੇ ਧਰਨਾ ਚਾਹੀਦਾ ਏ।

 ਨਿੱਤਨੇਮ ਹਰ ਸਿੱਖ ਦੀ ਹੈ ਪੂੰਜੀ, ਹਰ ਰੋਜ਼ ਇਹਨੂੰ ਕਰਨਾ ਚਾਹੀਦਾ ਏ।

ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ, ਗੁਰੂ ਚਰਨਾਂ ’ਚ ਧਰਨਾ ਚਾਹੀਦਾ ਏ।

ਨਾਮ ਸਿਮਰਨ ਅਭਿਆਸ ’ਚ ਲੀਨ ਰਹਿ ਕੇ, ਸਾਨੂੰ ਜੀਉਂਦਿਆਂ ਹੀ ਮਰਨਾ ਚਾਹੀਦਾ ਏ।

 

 ਹਰ ਵੇਲੇ ਸਨ ਉਹ ਅਰਦਾਸ ਕਰਦੇ, ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਵੇ।

ਫੁੱਟ ਚੰਦਰੀ ਸਾਨੂੰ ਜੋ ਚੰਬੜੀ ਏ, ਗੁਰੂ ਕਰੇ ਇਹ ਦੂਰ ਬਲਾ ਹੋਵੇ।

ਅਕਾਲ ਤਖ਼ਤ ਤੇ ਰਲ ਮਿਲ ਬਹਿਣ ਕੱਠੇ, ਸਭ ਦੇ ਦਿਲਾਂ ’ਚ ਪੈਦਾ ਵਲਵਲਾ ਹੋਵੈ।

ਹਰ ਮੈਦਾਨ ਫਿਰ ਮਿਲੇਗੀ ਫਤਹਿ ਇਹਨੂੰ, ਐਸੀ ਰੱਬ ਵੱਲੋਂ ਜਾਹਰੀ ਕਲਾ ਹੋਵੇ।

 

ਮਸਤੂਆਣੇ ਦਾ ਇਹ ਜੋ ਗੁਰੂ ਸਾਗਰ, ਬਣਾਇਆ ਉਨ੍ਹਾਂ ਇਹ ਤਪ ਅਸਥਾਨ ਕੇਂਦਰ।

ਇਕ ਸਦੀ ਤੋਂ ਪਹਿਲਾਂ ਸੰਤ ਜੀ ਨੇ ਪ੍ਰਗਟ ਕੀਤਾ ਸੀ ਵਿੱਚ ਜਹਾਨ ਕੇਂਦਰ।

ਸਤਾਈ ਸਾਲ ਸਨ ਸੰਤ ਜੀ, ਰਹੇ ਏਥੇ, ਰਿਹਾ ਉਨ੍ਹਾਂ ਦੀ ਜਿੰਦ ਤੇ ਜਾਨ ਕੇਂਦਰ।

ਏਸ ਤਪ ਅਸਥਾਨ ਤੇ ਖੋਲਿਆ ਸੀ, ਵਿਦਿਆ ਪ੍ਰੇਮੀ ਨੇ ਵਿਦਿਆ ਦਾਨ ਕੇਂਦਰ।

 

ਹੈ ਦੁਨਿਆਵੀ ਤੇ ਆਤਮਕ ਵਿਦਿਆ ’ਚ, ਪਾਇਆ ਬੜਾ ਭਾਰੀ ਯੋਗਦਾਨ ਕੇਂਦਰ।

ਸਚਮੁੱਚ ਇਹ ਪੂਰੇ ਹੀ ਮਾਲਵੇ ਦਾ, ਬਣ ਗਿਆ ਸੀ ਤੀਰਥ ਅਸਥਾਨ ਕੇਂਦਰ।

ਚੜ੍ਹਦੀ ਕਲਾ ਨਾਲ ਸਿੱਖੀ ਤੇ ਵਿਦਿਆ ਦਾ, ਚਲ ਰਿਹਾ ਅੱਜ ਵੀ ਇਹ ਮਹਾਨ ਕੇਂਦਰ।

ਭਾਰੀ ਰੌਣਕਾਂ ਲੱਗੀਆਂ ਦੱਸ ਰਹੀਆਂ, ਹੋਇਆ ਪੰਥ ਦੇ ਵਿੱਚ ਪ੍ਰਵਾਨ ਕੇਂਦਰ।

 

ਬ੍ਰਹਮ ਗਿਆਨੀ ਸੰਤ ਅਤਰ ਸਿੰਘ ਬਾਰੇ, ਸਮਕਾਲੀ ਕਲਮਾਂ ਨੇ ਸੋਹਣਾ ਬਿਆਨ ਲਿਖਿਐ।

ਮੰਨੇ ਪ੍ਰਮੰਨੇ ਵਿਦਵਾਨਾਂ ਨੇ ਉਨ੍ਹਾਂ ਤਾਈਂ, ਵੀਹਵੀਂ ਸਦੀ ਦਾ ਪੁਰਸ਼ ਮਹਾਨ ਲਿਖਿਐ।

‘ਜਾਚਕ’ ਪੰਥ ਦੇ ਸਨ ਅਨਮੋਲ ਹੀਰੇ, ਭਾਈ ਕਾਨ੍ਹ ਸਿੰਘ ਨਾਭਾ ਵਿਦਵਾਨ ਲਿਖਿਐ।

ਸੰਤ ਤੇਜਾ ਸਿੰਘ ਨੇ ਜੀਵਨ ਸੰਤ ਜੀ ਦਾ, ਵੇਰਵੇ ਸਹਿਤ ਹੋ ਅੰਤਰ ਧਿਆਨ ਲਿਖਿਐ।