ਪ੍ਰੋ. ਪੂਰਨ ਸਿੰਘ ਜੀ
ਪ੍ਰੋ. ਪੂਰਨ ਸਿੰਘ ਜੀ
ਹੁੰਦੇ ਜੱਗ ਵਿੱਚ ਐਸੇ ਵਿਦਵਾਨ ਵਿਰਲੇ, ਜਿਹੋ ਜਿਹੇ ਮਹਾਨ ਵਿਦਵਾਨ ਹੈਸਨ।
ਇੰਗਲਿਸ਼, ਹਿੰਦੀ, ਪੰਜਾਬੀ ਦੇ ਨਾਲ ਓਹ ਤਾ, ਹੋਰ ਭਾਸ਼ਾਵਾਂ ਦਾ ਰੱਖਦੇ ਗਿਆਨ ਹੈਸਨ।
ਏਦਾ ਕਰਨਾ ਬਿਆਨ ਹੈ ਬਹੁਤ ਔਖਾ, ਜਿੱਦਾਂ ਕਲਮ ਨਾਲ ਕਰਦੇ ਬਿਆਨ ਹੈਸਨ।
ਲਗਨ, ਮਿਹਨਤ ਤੇ ਕਲਮ ਦੇ ਬਲਬੂਤੇ, ਸਾਹਿਤ ਜਗਤ ਵਿੱਚ ਹੋਏ ਪਰਵਾਨ ਹੈਸਨ।
ਕੁਦਰਤ ਅਤੇ ਰਹੱਸਵਾਦ ਬਾਰੇ, ਬੜਾ ਖੁੱਲ ਕੇ ਖੁੱਲਾ ਖਿਆਲ ਲਿਖਿਆ।
‘ਖੁੱਲੇ ਲੇਖ’ ਤੇ ‘ਖੁੱਲੇ ਘੁੰਡ’ ਅੰਦਰ, ਹਰ ਅੱਖਰ ਸੀ ਵਲਵਲੇ ਨਾਲ ਲਿਖਿਆ।
ਓਨਾ ‘ਖੁੱਲੇ ਅਸਮਾਨੀ ਰੰਗ’ ਅੰਦਰ, ਖੁੱਲੀ ਸੋਚ ਦੇ ਨਾਲ ਕਮਾਲ ਲਿਖਿਆ।
ਪੰਜਾਬ ਵਸਦਾ ਗੁਰਾਂ ਦੇ ਨਾਂ ਉਤੇ, ਓਨਾਂ ਜੋ ਲਿਖਿਆ, ਬੇਮਿਸਾਲ ਲਿਖਿਆ।
ਕਰਕੇ ਮਿਹਰ ਕੋਈ ਧੁਰੋਂ ਪ੍ਰਮਾਤਮਾ ਨੇ, ਬੁੱਧੀ ਬਖ਼ਸ਼ੀ ਸੀ ਬੜੀ ਬਿਬੇਕ ਉਸਨੂੰ।
ਪੜ੍ਹਿਆ ਪੂਰਬ ਤੇ ਪੱਛਮ ਦਾ ਸਾਹਿਤ ਸਾਰਾ, ਬੋਲੀ ਆਉਂਦੀ ਸੀ ਲਗਭਗ ਹਰੇਕ ਉਸਨੂੰ।
ਓਹ ਸਨ ਵਿਸ਼ਵ ਗਿਆਨ ਦੇ ਮਹਾਸਾਗਰ, ਸੁਝਦੇ ਪਾਵਨ ਵਿਚਾਰ ਸਨ ਨੇਕ ਉਸਨੂੰ।
ਜੀਵਨ ਜੀਵਿਆ ਗੁਰਮਤਿ ਅਨੁਸਾਰ ਓਨਾ, ਹੈਸੀ ਇਕ ਅਕਾਲ ਤੇ ਟੇਕ ਉਸਨੂੰ।
ਪਰਤਿਆ ਪੂਰਨ ਸਿੰਘ ਜਦੋਂ ਜਪਾਨ ਵਿੱਚੋਂ, ਦਾੜ੍ਹੀ, ਮੁੱਛਾਂ ਤੇ ਜੂੜਾ ਰਿਹਾ ਹੀ ਨਹੀਂ।
ਭਾਈ ਵੀਰ ਸਿੰਘ ਕੋਲ ਜਦ ਆਣ ਬੈਠਾ, ਓਨਾ ਮੁੱਖ ’ਚੋਂ, ਕੁਝ ਵੀ ਕਿਹਾ ਹੀ ਨਹੀਂ।
ਆਖਰ ਪੁੱਛਣ ਤੇ ਓਨਾ ਜੁਆਬ ਦਿੱਤਾ, ਤੂੰ ਤੇ ਲੱਗਦਾ ਹੁਣ ਸਿੱਖਾ ਜਿਹਾ ਹੀ ਨਹੀਂ।
ਤੇਰੇ ਨਾਲ ਮੈਂ ਗੱਲ ਹੈ ਕੀ ਕਰਨੀ, ਪੂਰਨ ਸਿੰਘਾ, ਤੂੰ ਪੂਰਨ ਹੁਣ ਰਿਹਾ ਹੀ ਨਹੀਂ।
ਸ਼ਬਦੀ ਬਾਣ ਸੀ ਸੀਨੇ ਦੇ ਵਿੱਚ ਵੱਜਾ, ਸਿੱਧਾ ਦਿਲ ਦੇ ਉਤੇ ਸੀ ਵਾਰ ਹੋਇਆ।
ਕਲਗੀਧਰ ਦੀ ਹੋ ਗਈ ਫੇਰ ਬਖ਼ਸ਼ਿਸ਼, ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਇਆ।
ਨੂਰੀ ਚਮਕ ਸੀ ਚਿਹਰੇ ਤੇ ਆਈ ‘ਜਾਚਕ’, ਅੰਦਰੋਂ ਬਾਹਰੋਂ ਸੀ ਸਰਸ਼ਾਰ ਹੋਇਆ।
ਹੋ ਗਿਆ ਅਧੂਰਾ ਸੀ ਕਿਸੇ ਕਾਰਣ, ਪੂਰਨ ਸਿੰਘ ਫਿਰ ‘ਪੂਰਨ’ ਸਰਦਾਰ ਹੋਇਆ।