ਪੰਥ ਰਤਨ ਭਾਈ ਜਸਬੀਰ ਸਿੰਘ ਜੀ ਖਾਲਸਾ ਵਲੋਂ ਕੁਝ ਬਚਨ
ਪੰਥ ਰਤਨ ਭਾਈ ਜਸਬੀਰ ਸਿੰਘ ਜੀ ਖਾਲਸਾ ਵਲੋਂ ਕੁਝ ਬਚਨ
‘ਪੰਥ ਰਤਨ’ ਭਾਈ ਜਸਬੀਰ ਸਿੰਘ ਜੀ ਦੇ, ਪਾਵਨ ਬਚਨਾਂ ਤੇ ਰੋਸ਼ਨੀ ਪਾਉਣ ਲੱਗਾਂ।
ਅਕਾਲ ਆਸ਼ਰਮ ’ਚ ਜੀਹਨਾਂ ਨਿਵਾਸ ਕੀਤਾ, ਓਹਦਾ ਪਾਵਨ ਇਤਿਹਾਸ ਦੁਹਰਾਉਣ ਲੱਗਾਂ।
ਜੋ ਕੁਝ ਲਿਖਿਆ ਏ ਵੀਰ ਹਰਬੰਸ ਸਿੰਘ ਨੇ, ਓਹਨਾਂ ਵਿਚੋਂ ਹੀ ਕੁਝ ਦੁਹਰਾਉਣ ਲੱਗਾਂ।
ਜੀਹਨਾਂ ਜੀਵਨ ਹੀ ਬਦਲ ਕੇ ਰੱਖ ਦਿੱਤੇ, ਓਹਨਾਂ ਬਾਰੇ ਮੈਂ ਕਵਿਤਾ ਸੁਣਾਉਣ ਲੱਗਾਂ।
ਕਹਿੰਦੇ ਰਹਿੰਦੇ ਸਨ ਗੁਰੂ ਕੀਆਂ ਸੰਗਤਾਂ ਨੂੰ, ਨਾਮ ਬਾਣੀ ਨੂੰ ਕਦੇ ਵਿਸਾਰਨਾ ਨਾ।
ਟੇਕ ਰਖਣੀ ਇਕ ਅਕਾਲ ਉਤੇ, ਸਿੱਖੀ ਸਿਦਕ ’ਚੋਂ ਕਦੇ ਵੀ ਹਾਰਨਾ ਨਾ।
ਸ਼ਬਦ ਗੁਰੂ ਦੇ ਨਾਲ ਹੈ ਜੁੜੇ ਰਹਿਣਾ, ਦੇਹਧਾਰੀਆਂ ਨੂੰ ਗੁਰੂ ਧਾਰਨਾ ਨਾ।
ਚੰਗੇ ਕੰਮਾਂ ਲਈ ਕਦੇ ਨਹੀਂ ਦੇਰ ਕਰਨੀ, ਮਾੜੇ ਕੰਮਾਂ ਨੂੰ ਕਦੇ ਚਿਤਾਰਨਾ ਨਾ।
ਕਈ ਤਰ੍ਹਾਂ ਦਾ ਸਿਮਰਨ ਹਾਂ ਅਸੀਂ ਕਰਦੇ, ਸਾਰੇ ਸਿਮਰਨਾਂ ਤੋਂ ਉਤੇ ਨਾਮ ਸਿਮਰਨ।
ਚੰਚਲ ਮਨ ਦੇ ਘੋੜੇ ਇਸ ਅੱਥਰੇ ਨੂੰ, ਸਦਾ ਲਈ ਹੈ ਪਾਉਂਦਾ ਲਗਾਮ ਸਿਮਰਨ।
ਥੱਕ ਟੁੱਟ ਕੇ ਅਸੀਂ ਅਰਾਮ ਕਰਦੇ, ਪਰ ਭਗਤ ਜਨਾਂ ਦਾ ਹੈ ਬਿਸਰਾਮ ਸਿਮਰਨ।
ਇਕ ਪਲ ਵੀ ਓਹਨੂੰ ਵਿਸਾਰਦੇ ਨਹੀਂ, ਕਰਦੇ ਸੁਭ੍ਹਾ,ਦੁਪਿਹਰੇ ਤੇ ਸ਼ਾਮ ਸਿਮਰਨ।
ਨਾਮ ਸਿਮਰਨ ਹਨੇਰਾ ਜਦ ਦੂਰ ਕਰਦੈ, ਜੀਵਨ ਵਿੱਚ ਫਿਰ ਪਾਵਨ ਪ੍ਰਕਾਸ਼ ਹੁੰਦੈ।
ਅੰਮ੍ਰਿਤ ਵੇਲੇ ਨੂੰ ਜਿਹੜਾ ਸੰਭਾਲ ਲੈਂਦੈ, ਓਹਦੇ ਦੁਖ ਦਲਿਦਰ ਦਾ ਨਾਸ ਹੁੰਦੈ।
ਸ਼ੁਭ ਗੁਣਾਂ ਵਾਲੇ ਬੂਟੇ ਉਗਦੇ ਨੇ, ਜਿਹੜੇ ਹਿਰਦੇ ’ਚ ਬਾਣੀ ਦਾ ਵਾਸ ਹੁੰਦੈ।
ਬੇੜੇ ਓਸੇ ਦੇ ਹੀ ਪਾਰ ਲੱਗਦੇ ਨੇ, ਜੀਹਦਾ ਗੁਰੂ ਤੇ ਪੂਰਨ ਵਿਸ਼ਵਾਸ਼ ਹੁੰਦੈ।
ਗੁਰੂ ਨਾਲੋਂ ਬੇਮੁਖ ਜੋ ਰੀਤ ਕਰਦੀ, ਆਪਣੇ ਆਪ ਤੋਂ ਦੂਰ ਉਹ ਰੀਤ ਰੱਖੀਏ।
ਨਾਲ ਪ੍ਰੀਤ ਦੇ ਪ੍ਰਭੂ ਮਿਲਾਪ ਹੁੰਦੈ, ਸੱਚੇ ਗੁਰੂ ਨਾਲ ਦਿਲੋਂ ਪ੍ਰੀਤ ਰੱਖੀਏ।
ਝੂਠੇ ਆਸਰੇ ਦੁਨੀਆਂ ਦੇ ਛੱਡ ਕੇ ਤੇ, ਸ਼ਬਦ ਗੁਰੂ ਤੇ ਪੂਰਨ ਪ੍ਰਤੀਤ ਰੱਖੀਏ।
ਕਿਰਤ ਕਰੀਏ ਤੇ ਵੰਡ ਕੇ ਛਕ ਲਈਏ, ਸਦਾ ਨਾਲ ‘ਨਿਰੰਜਨ ਦੇ ਚੀਤ’ ਰੱਖੀਏ।
ਦਾਤਾਂ ਦਿੱਤੀਆਂ ਦਾਤੇ ਨੇ ਅਸਾਂ ਤਾਈਂ, ਇਹ ਸਭ ਓਸੇ ਦੀਆਂ ਜਾਹਰਾ ਨਿਸ਼ਾਨੀਆਂ ਨੇ।
ਪਰ ਦਾਤਾ ਭੁੱਲ ਕੇ ਦਾਤਾਂ ਨਾਲ ਮੋਹ ਪਾਇਐ, ਭਾਵੇਂ ਪਤੈ ਕਿ ਇਹ ਬਿਗਾਨੀਆਂ ਨੇ।
ਪਲਾਂ ਵਿੱਚ ਹੀ ਵਾਪਸ ਵੀ ਲੈ ਸਕਦੈ, ਸਮਝੋ ਲਾਭ ਦੀ ਥਾਂ ਫਿਰ ਹਾਨੀਆਂ ਨੇ।
ਦਾਤਾਂ ਮਾਣੋ ਪਰ ਦਾਤਾ ਵੀ ਯਾਦ ਰੱਖੋ, ਇਹ ਸਭ ਓਸੇ ਦੀਆਂ ਮਿਹਰਬਾਨੀਆਂ ਨੇ।
ਜੁੜੇ ਹੋਏ ਨੇ ਗੁਰੂ ਦੇ ਨਾਲ ਜਿਹੜੇ, ਓਨ੍ਹਾਂ ਗੁਰਮੁਖਾਂ ਦੀ ਸੰਗਤ ਮਾਨਣੀ ਏ।
ਪੂਰਨਮਾਸ਼ੀ ਦੇ ਵਾਂਗ ਹੀ ਹੋਏ ਮੱਸਿਆ, ਕਾਲੀ ਰਾਤ ਵੀ ਓਨ੍ਹਾਂ ਲਈ ਚਾਨਣੀ ਏ।
ਮਨਮੁਖਾਂ ਦੀ ਮੱਤ ਨੂੰ ਛਾਣ ਦੇਂਦੀ, ਨਾਮ ਬਾਣੀ ਦੀ ਓਨ੍ਹਾਂ ਕੋਲ ਛਾਨਣੀ ਏ।
ਸ਼ਬਦ ਗੁਰੂ ’ਚ ਮਨ ਨੂੰ ਜੋੜਨਾ ਏ, ਪੱਕੀ ਤਰ੍ਹਾਂ ਇਹ ਗੱਲ ਵੀ ਜਾਨਣੀ ਏ।
ਜੀਵਨ ਜੀਉਂਦੇ ਜੋ ਪਰਉਪਕਾਰ ਵਾਲਾ, ਦੁਨੀਆਂ ਵਿੱਚ ਉਹ ਵਿਰਲੇ ਮਨੁੱਖ ਹੁੰਦੇ।
ਪੱਥਰ ਮਾਰਨ ਤੇ ਅੱਗੋਂ ਨੇ ਫਲ ਦਿੰਦੇ, ਹਿਰਦੇ ਗੁਰਮੁਖਾਂ ਦੇ ਵਾਗੂੰ ਰੁੱਖ ਹੁੰਦੇ।
ਸੰਗਤ ਮਾਨਦੇ ਜਿਹੜੇ ਨੇ ਗੁਰਮੁਖਾਂ ਦੀ, ਦੂਰ ਓਹਨਾਂ ਦੇ ਸਾਰੇ ਹੀ ਦੁੱਖ ਹੁੰਦੇ।
ਮਨਮੁਖ ਕਾਂ ਉਹ ਤਾਂ ਗੁਰਮੁਖ ਹੰਸ ਬਣਦੇ, ਜੀਹਨਾਂ ਵੱਲ ਨੇ ਓਹਨਾਂ ਦੇ ਮੁੱਖ ਹੁੰਦੇ।
ਆਪਣੀ ਮੰਜਿਲ ਤੇ ਪਹੁੰਚਣਾ ਚਾਹੋ ਜੇਕਰ, ਥਾਂ ਥਾਂ ਤੇ ਅਟਕਣਾ ਛੱਡ ਦੇਵੋ।
ਡਾਹ ਕੇ ਮੰਜੀਆਂ ਅੱਜ ਵੀ ਕਈ ਬੈਠੇ, ਜਾ ਕੇ ਨੇੜੇ ਵੀ ਫਟਕਣਾ ਛੱਡ ਦੇਵੋ।
ਕਦੇ ਏਸ ਟਾਹਣੀ, ਕਦੇ ਓਸ ਟਾਹਣੀ, ਪੁੱਠੇ ਹੋ ਕੇ ਲਟਕਣਾ ਛੱਡ ਦੇਵੋ।
ਰੱਖੋ ਓਟ ਬਸ ਪੁਰਖ ਅਕਾਲ ਉਤੇ, ਦਰ ਦਰ ਤੇ ਭਟਕਣਾ ਛੱਡ ਦੇਵੋ।
ਪੰਥ ਰਤਨ ਭਾਈ ਸਾਹਿਬ ਜੀ ਦੀ, ਸੁਰਤੀ ਜੁੜੀ ਰਹੀ ਸਦਾ ਨਿਰੰਕਾਰ ਦੇ ਨਾਲ।
ਨਾਮ ਬਾਣੀ ਨਾਲ ਜੋੜਿਆ ਸੰਗਤਾਂ ਨੂੰ, ਨਿਸ਼ਕਾਮ ਕੀਰਤਨ ਤੇ ਗੁਰਮਤਿ ਪ੍ਰਚਾਰ ਦੇ ਨਾਲ।
ਪਾਵਨ ਬਚਨ ਜੋ ਮੁੱਖ ’ਚੋਂ ਨਿਕਲਦੇ ਸੀ, ਸੰਗਤਾਂ ਸੁਣਦੀਆਂ ਬੜੇ ਪਿਆਰ ਦੇ ਨਾਲ।
ਭਾਈ ਸਾਹਿਬ ਭਾਈ ਹਰਬੰਸ ਸਿੰਘ ਨੇ, ਸਾਂਭ ਲਏ ਉਹ ਬੜੇ ਸਤਿਕਾਰ ਦੇ ਨਾਲ।
ਲੈ ਕੇ ਧੁਰੋਂ ਕੋਈ ਬਖਸ਼ਿਸ਼ਾਂ ਭਾਈ ਸਾਹਿਬ, ਆਏ ਸਾਂਝੀਆਂ ਕਰਨ ਸੰਸਾਰ ਦੇ ਨਾਲ।
ਭਾਈ ਸਾਹਿਬ ਨੇ ਇਕ ਥਾਂ ਬਚਨ ਕੀਤੇ, ਉਹ ਵੀ ਸੁਣਿਓ ਹੁਣ ਤੁਸੀਂ ਸਤਿਕਾਰ ਦੇ ਨਾਲ।
ਤਨ ਜਾਗਿਆ ਜੱਗ ਦੇ ਨਾਲ ਜੁੜਦੈ, ਮਨ ਜਾਗਿਆ ਜੁੜੇ ਵੀਚਾਰ ਦੇ ਨਾਲ।
ਐਪਰ ਜਦੋਂ ਵੀ ਆਤਮਾਂ ਜਾਗਦੀ ਏ, ਇਹ ਤਾਂ ਜੁੜਦੀ ਏ ਸਦਾ ਨਿਰੰਕਾਰ ਦੇ ਨਾਲ।
ਨਾਮ ਸਿਮਰਨ ਦੀ ਰਹੇ ਕਮਾਈ ਕਰਦੇ, ਤੁਰ ਗਏ ਸੱਚ ਦਾ ਕਰਦੇ ਵਪਾਰ ਆਖਰ।
ਅਖੰਡ ਪਾਠਾਂ ਦੀ ਲੜੀ ਸੀ ਪਈ ਚੱਲਦੀ, ਚਲੇ ਗਏ ਉਹ ਛੱਡ ਵਿਚਕਾਰ ਆਖਰ।
ਚੋਦਾਂ ਅਕਤੂਬਰ ਦੋ ਹਜ਼ਾਰ ਛੇ ਦੇ ਦਿਨ, ਗੁਰਪੁਰੀ ਨੂੰ ਗਏ ਸਿਧਾਰ ਆਖਰ।
ਸੱਜਲ ਨੈਣਾਂ ਨਾਲ ‘ਜਾਚਕ’ ਸੰਗਤਾਂ ਨੇ, ਭਾਈ ਸਾਹਿਬ ਦਾ ਕੀਤਾ ਸਸਕਾਰ ਆਖਰ।