‘ਪੰਥ ਰਤਨ’ ਭਾਈ ਜਸਬੀਰ ਸਿੰਘ ਜੀ ਖਾਲਸਾ
‘ਪੰਥ ਰਤਨ’ ਭਾਈ ਜਸਬੀਰ ਸਿੰਘ ਜੀ ਖਾਲਸਾ
ਧੁਰ ਦਰਗਾਹ ਤੋਂ ਸਨ ਵਰੋਸਾਏ ਹੋਏ, ਹੈਸਨ ਸ਼ੁਰੂ ਤੋਂ ਹੀ ਹੋਣਹਾਰ ਉਹ ਤਾਂ।
ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਰਹਿਕੇ, ਨਾਮ ਬਾਣੀ ਨਾਲ ਹੋਏ ਸਰਸ਼ਾਰ ਉਹ ਤਾਂ।
ਗੁਰੂ ਸ਼ਬਦ ਦਾ ਕਰਦੇ ਰਹੇ ਕਥਾ ਕੀਰਤਨ, 40 ਸਾਲ ਤੀਕਰ ਲਗਾਤਾਰ ਉਹ ਤਾਂ।
ਪੰਥਕ ਮਾਲਾ ਦੇ ਸਨ ਅਨਮੋਲ ਮੋਤੀ, ਸਿੱਖ ਜਗਤ ਦੇ ਰੌਸ਼ਨ ਮੀਨਾਰ ਉਹ ਤਾਂ।
ਰਸਨਾ ਵਿੱਚ ਅਨੋਖਾ ਕੋਈ ਰਸ ਹੈਸੀ, ਬੋਲ ਬੋਲ ’ਚੋਂ ਗੁਰੂ ਪਿਆਰ ਝਲਕੇ।
ਭਰਵਾਂ ਦਾਹੜਾ ਤੇ ਅੱਖਾਂ ਸੀ ਨਾਮ ਰਤੀਆਂ, ਬੰਨ੍ਹੀ ਸੀਸ ’ਤੇ ਸੋਹਣੀ ਦਸਤਾਰ ਝਲਕੇ।
ਕਰਦੇ ਸ਼ਬਦ ਦੀ ਜਦੋਂ ਵਿਆਖਿਆ ਸੀ, ਨੂਰੀ ਚਿਹਰੇ ਤੋਂ ਨੂਰੀ ਨੁਹਾਰ ਝਲਕੇ।
ਕੀਰਤਨ ਮੂਰਤੀ ਭਾਈ ਜਸਬੀਰ ਸਿੰਘ ਦੇ, ਪੰਥਕ ਕਾਰਜਾਂ ਵਿੱਚੋਂ ਕਿਰਦਾਰ ਝਲਕੇ।
ਸੰਗਤ ਕੀਤੀ ਸੀ ਸ਼ੁਰੂ ਤੋਂ ਗੁਰਮੁਖਾਂ ਦੀ, ਸਚਮੁੱਚ ਵਡਭਾਗੀ ਸਨ ਭਾਈ ਸਾਹਿਬ।
ਰਹੇ ਗ੍ਰਿਹਸਤ ’ਚ ਕਮਲ ਦੇ ਫੁੱਲ ਵਾਂਗੂੰ, ਕੋਈ ਰੂਹ ਸੁਭਾਗੀ ਸਨ ਭਾਈ ਸਾਹਿਬ।
ਕੀਤੀ ਕੀਰਤਨ ਦੀ ਹੋ ਨਿਸ਼ਕਾਮ ਸੇਵਾ, ਅਸਲ ਵਿੱਚ ਤਿਆਗੀ ਸਨ ਭਾਈ ਸਾਹਿਬ।
ਕੀਰਤਨ ਕਰਦਿਆਂ ਸਿਮਰਨ ਅਭਿਆਸ ਚੱਲਦਾ, ਰੋਮ ਰੋਮ ’ਚੋਂ ਰਾਗੀ ਸਨ ਭਾਈ ਸਾਹਿਬ।
ਗੁਰੂ ਸੰਗਤਾਂ ਵਿੱਚ ਹੀ ਬੈਠਦੇ ਸੀ, ਵੱਖਰਾ ਆਸਨ ਲਗਾਇਆ ਨਾ ਵੀਰ ਜੀ ਨੇ।
ਨਾ ਚਲਾਈ ਕੋਈ ਅੱਡ ਪ੍ਰੰਪਰਾ ਸੀ, ਵੰਡ ਵਿਤਕਰਾ ਪਾਇਆ ਨਾ ਵੀਰ ਜੀ ਨੇ।
ਸੁਣ ਕੇ ਕਿਸੇ ਦੇ ਬੋਲ ਕੁਬੋਲ ਅੱਗੋਂ, ਕੌੜਾ ਬਚਨ ਅਲਾਇਆ ਨਾ ਵੀਰ ਜੀ ਨੇ।
ਮਾਇਆ ਚਰਨਾਂ ਦੀ ਦਾਸੀ ਸੀ ਰਹੀ ਹਰਦਮ, ਮੋਹ ਮਾਇਆ ਨਾਲ ਪਾਇਆ ਨਾ ਵੀਰ ਜੀ ਨੇ।
ਗੁਰਦੁਆਰਾ ਜੋ ਹੈ ਅਕਾਲ ਆਸ਼ਰਮ, ਰਿਹਾ ਉਨ੍ਹਾਂ ਦੀ ਜਿੰਦ ਤੇ ਜਾਨ ਕੇਂਦਰ।
ਉਨੀ ਸੌ ਤਿਰਾਸੀ ਦੇ ਵਿੱਚ ਉਨ੍ਹਾਂ, ਪਰਗਟ ਕੀਤਾ ਸੀ ਵਿੱਚ ਜਹਾਨ ਕੇਂਦਰ।
24 ਸਾਲ ਸਨ ਆਪ ਜੀ ਰਹੇ ਏਥੇ, ਕੀਤਾ ਸਿਮਰਨ ਇਸ ਤੱਪ ਅਸਥਾਨ ਕੇਂਦਰ।
ਭਾਰੀ ਰੌਣਕਾਂ ਲੱਗੀਆਂ ਦੱਸ ਰਹੀਆਂ, ਹੋਇਆ ਪੰਥ ਦੇ ਵਿੱਚ ਪਰਵਾਨ ਕੇਂਦਰ।
ਵਿੱਚ ਜੰਗਲ ਦੇ ਮੰਗਲ ਲਗਾਉਣ ਖਾਤਰ, ਲਿਆ ਉਨ੍ਹਾਂ ਸਥਾਨ ਇਹ ਭਾਲ ਸੋਹਣਾ।
ਚੈਰੀਟੇਬਲ ਫਿਰ ਟਰੱਸਟ ਬਣਾ ਕੇ ਤੇ, ਖੋਲਿਆ ‘ਨੇਤਰਾਂ ਦਾ ਹਸਪਤਾਲ’ ਸੋਹਣਾ।
ਉੱਚ ਪੱਧਰੀ ਇਹਦਾ ਵਿਕਾਸ ਹੋਇਆ, ਬਣ ਗਿਆ ‘ਮਲਟੀ ਸਪੈਸ਼ਲ’ ਵੀ ਨਾਲ ਸੋਹਣਾ।
ਗੁਰੂ ਦਰ ਨਾਲ ਜੋੜਨ ਲਈ ਸੰਗਤਾਂ ਨੂੰ, ਹੁੰਦਾ ਗੁਰਮਤਿ ਸਮਾਗਮ ਹਰ ਸਾਲ ਸੋਹਣਾ।
ਜਿਹੜਾ ਜਿਹੜਾ ਵੀ ਉਨ੍ਹਾਂ ਦੇ ਕੋਲ ਆਉਂਦਾ, ਉਹਨੂੰ ਨਾਮ ਦੇ ਰੰਗ’ਚ ਰੰਗਦੇ ਸੀ।
ਜਾਤਾਂ ਪਾਤਾਂ ਦੇ ਵਿਤਕਰੇ ਛੱਡ ਕੇ ਤੇ, ਵਹਿਮਾਂ ਭਰਮਾਂ ਨੂੰ ਛਿੱਕੇ ’ਤੇ ਟੰਗਦੇ ਸੀ।
ਸੇਵਾ ਸਿਮਰਨ ਦੀ ਦੱਸਦੇ ਜਾਚ ਸਭ ਨੂੰ, ਨੇਕੀ ਕਰਨ ਤੋਂ ਕਦੇ ਨਾ ਸੰਗਦੇ ਸੀ।
ਏਸ ਪਾਵਨ ਅਸਥਾਨ ’ਤੇ ਬੈਠ ਕੇ ਤੇ, ਭਲਾ ਸਦਾ ਸਰਬੱਤ ਦਾ ਮੰਗਦੇ ਸੀ।
ਜਿੰਮੇਵਾਰੀ ਇਸ ਧਾਰਮਿਕ ਸੰਸਥਾ ਦੀ, ਜਿਉਂਦੇ ਜੀਅ ਹੀ ਉਨ੍ਹਾਂ ਸੰਭਾਲ ਦਿੱਤੀ।
ਭਾਈ ਸਾਹਿਬ ਦਵਿੰਦਰ ਸਿੰਘ ਹੁਰਾਂ ਤਾਂਈਂ, ਉਨ੍ਹਾਂ ਪਿਆਰ ਸਤਿਕਾਰ ਦੇ ਨਾਲ ਦਿੱਤੀ।
ਨਾਮ ਰੰਗ’ਚ ਰੰਗੀ ਇਸ ਆਤਮਾ ਨੂੰ, ਹੱਥੀਂ ਸੌਂਪ ਕੇ ਕਰ ਕਮਾਲ ਦਿੱਤੀ।
ਦਿੱਬ ਦਰਿਸ਼ਟੀ ਨਾਲ ਫੈਸਲਾ ਲੈ ਏਦਾਂ, ਕਾਇਮ ਜੱਗ’ਚ ਕਰ ਮਿਸਾਲ ਦਿੱਤੀ।
ਐਸਾ ਸਿੱਖ ਸਕਾਲਰ, ਫਿਲਾਸਫਰ ਸੀ, ਦੁਨੀਆਂ ਵਿੱਚ ਜੋ ਹੋਇਆ ਪ੍ਰਵਾਨ ਸੋਹਣਾ।
ਸਮੇਂ ਸਮੇਂ ’ਤੇ ਕੀਰਤਨ ਨਾਲ ‘ਜਾਚਕ’, ਰੱਖਿਆ ਖਿੱਚ ਕੇ ਸਾਡਾ ਧਿਆਨ ਸੋਹਣਾ।
ਜੀਉਂਦੇ ਜੀਅ ਹੀ ਖਾਲਸਾ ਪੰਥ ਅੰਦਰ, ਉਹਦਾ ਕੀਰਤਨ ਹੋਇਆ ਪ੍ਰਵਾਨ ਸੋਹਣਾ।
ਜਾਣ ਪਿਛੋਂ ਵੀ ਤਖ਼ਤ ਅਕਾਲ ਵੱਲੋਂ,‘ਪੰਥ ਰਤਨ’ਦਾ ਮਿਲਿਆ ਸਨਮਾਨ ਸੋਹਣਾ।