ਪੰਥ ਰਤਨ ਭਾਈ ਸਾਹਿਬ ਡਾ: ਸ੍ਰ: ਇੰਦਰਜੀਤ ਸਿੰਘ ਜੀ
ਪੰਥ ਰਤਨ ਭਾਈ ਸਾਹਿਬ ਡਾ: ਸ੍ਰ: ਇੰਦਰਜੀਤ ਸਿੰਘ ਜੀ
ਮੂਸਾਖੇਲ ’ਚ ਜੀਹਨਾਂ ਦਾ ਜਨਮ ਹੋਇਆ, ਹੈਸਨ ਸ਼ੁਰੂ ਤੋਂ ਹੀ ਹੋਣਹਾਰ ਸੋਹਣੇ।
ਲੈ ਕੇ ਗੁਰਮਤਿ ਦੀਆਂ ਲੋਰੀਆਂ ਮਾਂ ਕੋਲੋਂ, ਪੜ੍ਹ ਲਿਖ ਕੇ ਬਣੇ ਸਰਦਾਰ ਸੋਹਣੇ।
ਸਾਰੀ ਉਮਰ ਹੀ ਖਾਲਸਾ ਪੰਥ ਜੀ ਦੀ, ਸੇਵਾ ਕਰਦੇ ਰਹੇ ਨਾਲ ਸਤਿਕਾਰ ਸੋਹਣੇ।
ਪੰਥਕ ਮਾਲਾ ਦੇ ਸਨ ਅਨਮੋਲ ਮੋਤੀ, ਸਿੱਖ ਜਗਤ ਦੇ ਰੋਸ਼ਨ ਮੀਨਾਰ ਸੋਹਣੇ।
ਭਰਵਾਂ ਦਾਹੜਾ ਤੇ ਅੱਖੀਆਂ ਨੂਰ ਭਰੀਆਂ, ਖਿੜੇ ਚਿਹਰੇ ਤੇ ਨੂਰੀ ਨੁਹਾਰ ਝਲਕੇ।
ਚਿੱਟਾ ਕੁੜਤਾ, ਪਜਾਮਾਂ ਸਨ ਸਦਾ ਪਾਉਂਦੇ, ਚਿੱਟੀ ਸੀਸ ਤੇ ਸੋਹਣੀ ਦਸਤਾਰ ਝਲਕੇ।
ਜਦੋਂ ਗੁਰਮਤਿ ਸਿਧਾਂਤਾਂ ਦੀ ਗੱਲ ਕਰਦੇ, ਬੋਲ ਬੋਲ ’ਚੋਂ ਗੁਰੂ ਪਿਆਰ ਝਲਕੇ।
ਪੰਥ ਰਤਨ ਡਾ: ਇੰਦਰਜੀਤ ਸਿੰਘ ਦੇ, ਪੰਥਕ ਕਾਰਜਾਂ ਵਿੱਚੋਂ ਕਿਰਦਾਰ ਝਲਕੇ।
ਲੋਕ ਕਹਿੰਦੇ ਸਨ ਉਸਨੂੰ ਕਰਮਯੋਗੀ, ਨੇਕ ਦਿਲ ਤੇ ਵਧੀਆ ਇਨਸਾਨ ਹੈਸੀ।
ਜਿਥੇ ਕਿਤੇ ਵੀ ਸੇਵਾ ਦਾ ਕੁੰਭ ਲੱਗਾ, ਖੁਲ੍ਹੇ ਦਿਲ ਨਾਲ ਦਿੱਤਾ ਉਸ ਦਾਨ ਹੈਸੀ।
ਜਿਹੜੀ ਜਿਹੜੀ ਵੀ ਪੰਥ ਨੇ ਲਾਈ ਸੇਵਾ, ਖਿੜੇ ਮੱਥੇ ਉਸ ਕੀਤੀ ਪ੍ਰਵਾਨ ਹੈਸੀ।
ਕੌਮ ਉਸ ਤੇ ਬੜਾ ਸੀ ਮਾਣ ਕਰਦੀ, ਉਹਨੂੰ ਕੌਮ ਤੇ ਬੜਾ ਹੀ ਮਾਣ ਹੈਸੀ।
ਬੈਂਕਰਾਂ ਵਿਚੋਂ ਸੀ ਉਹ ਨਿਪੁੰਨ ਬੈਂਕਰ, ਰੱਖਿਆ ਬੈਂਕ ਦਾ ਸਾਰਾ ਹਿਸਾਬ ਸੋਹਣਾ।
ਸਾਬਤ ਸੂਰਤ ਦੇ ਤਾਈਂ ਰੁਜ਼ਗਾਰ ਦੇਣੈ, ਲਿਆ ਸ਼ੁਰੂ ਤੋਂ ਸੀ ਖਵਾਬ ਸੋਹਣਾ।
ਸਾਰੀ ਉਮਰ ਸੀ ਜੀਹਨੇ ਖੁਸ਼ਬੋ ਵੰਡੀ, ਖਿੜਿਆ ਹੋਇਆ ਸੀ ਫੁੱਲ ਗੁਲਾਬ ਸੋਹਣਾ।
ਤਾਹੀਉਂ ਕੌਮ ਨੇ ਸਾਜਨਾ ਦਿਵਸ ਉੱਤੇ, ਪੰਥ ਰਤਨ ਦਾ ਦਿੱਤਾ ਖਿਤਾਬ ਸੋਹਣਾ।
ਸਾਰੀ ਉਮਰ ਸੀ ਉਨ੍ਹਾਂ ਸੰਘਰਸ਼ ਕੀਤਾ, ਚਲਦੇ ਰਹੇ ਸਨ ਖੰਡੇ ਦੀ ਧਾਰ ਉੱਤੇ।
ਉਚਾ ਸੁੱਚਾ ਹਮੇਸ਼ਾਂ ਕਿਰਦਾਰ ਰੱਖਿਆ, ਸਾਨੂੰ ਮਾਣ ਏ ਉਹਦੇ ਕਿਰਦਾਰ ਉੱਤੇ।
ਸਮੇਂ ਸਮੇਂ ਕੈਲੰਡਰਾਂ ਰਾਹੀਂ ਉਨ੍ਹਾਂ, ਖਰਚਾ ਕੀਤਾ ਸੀ ਧਰਮ ਪ੍ਰਚਾਰ ਉੱਤੇ।
ਸਤਾਸੀ ਸਾਲ ਓਹ ਦੁਨੀਆਂ ਵਿੱਚ ਰਹਿ ‘ਜਾਚਕ’, ਚਲਾ ਗਿਆ ਸੀ ਸਿੰਘ ਸਰਦਾਰ ਉੱਤੇ।