(ਗੁਰਪੁਰਵਾਸੀ) ਪੰਥਕ ਕਵੀ ਸਰਦਾਰ ਪ੍ਰੀਤਮ ਸਿੰਘ ਕਾਸਦ
(ਗੁਰਪੁਰਵਾਸੀ) ਪੰਥਕ ਕਵੀ ਸਰਦਾਰ ਪ੍ਰੀਤਮ ਸਿੰਘ ਕਾਸਦ
ਜੀਹਦੇ ਨਾਂ ਤੇ ਮੈਨੂੰ ਸਨਮਾਨ ਮਿਲਿਐ, ਉਸ ਕਵੀ ਕਮਾਲ ਦੀ ਗੱਲ ਕਰੀਏ।
ਹੀਰੇ ਲਾਲਾਂ ਤੋਂ ਕੀਮਤੀ ਸ਼ੇਅਰ ਜਿਸਦੇ, ਓਸ ਬੇਮਿਸਾਲ ਦੀ ਗੱਲ ਕਰੀਏ।
ਪ੍ਰੀਤਮ ਸਿੰਘ ਕਾਸਦ ਹੈਸੀ ਨਾਂ ਜਿਸਦਾ, ਓਹਦੀ ਘਾਲੀ ਹੋਈ ਘਾਲ ਦੀ ਗੱਲ ਕਰੀਏ।
ਕੀਤੀ ਸਾਹਿਤ ਦੀ ਸੇਵਾ ਜਿਸ ਉਪਰ ਸਾਰੀ, ਓਸ ਗੁਰੂ ਕੇ ਲਾਲ ਦੀ ਗੱਲ ਕਰੀਏ।
ਸਪਤ ਸ੍ਰਿੰਗ ਇਸ ਕਵੀਆਂ ਦੀ ਸਭਾ ਤਾਈਂ, ਕਾਸਦ ਜਿਹਾ ਸਰਪਰਸਤ ਮਹਾਨ ਮਿਲਆ।
ਅਮਰਜੀਤ ਸਿੰਘ ਅਮਰ ਹੈ ‘ਧੁਰਾ’ ਮਿਲਿਆ, ਰਾਬਿੰਦਰ ਸਿੰਘ ਮਸਰੂਰ ਪ੍ਰਧਾਨ ਮਿਲਿਆ।
ਉਜਲ ਸਿੰਘ, ਮਨਮੋਹਨ ਸਿੰਘ ਮਿਲੇ ਦਾਨੀ, (ਮਾਤਾ) ਦਲੀਪ ਕੌਰ ਤੋਂ ਪਾਵਨ ਵਰਦਾਨ ਮਿਲਿਆ।
ਜਿਹੜੇ ਕਾਸਦ ਤੇ ਕੌਮ ਹੈ ਮਾਣ ਕਰਦੀ, ਓਹਦੇ ਨਾਂ ਤੇ ‘ਜਾਚਕ’ ਨੂੰ ਮਾਣ ਮਿਲਿਆ।
‘ਗਹੇ’ ਪਿੰਡ ਦੇ ਵਿਚ ਸੀ ਜਨਮ ਹੋਇਆ, ਗੁਰਸਿੱਖ ਮਾਪਿਆਂ ਤੋਂ ਗੁਰਮਤਿ ਗਿਆਨ ਮਿਲਿਆ।
ਨਨਕਾਣਾ ਸਾਹਿਬ ’ਚ ਬਚਪਨ ਦੇ ਦਿਨ ਬੀਤੇ, ਗੁਰੂ ਨਾਨਕ ਦਾ ਜਨਮ ਅਸਥਾਨ ਮਿਲਿਆ।
ਸਾਰੀ ਉਮਰ ਹੀ ਕਵਿਤਾ ਦੇ ਪਿੜ ਅੰਦਰ, ਕਾਸਦ ਸਾਹਿਬ ਨੂੰ ਰੁਤਬਾ ਮਹਾਨ ਮਿਲਿਆ।
‘ਕਾਵਿ- ਭੂਸ਼ਨ’ ਉਪਾਧੀ ਵੀ ਮਿਲੀ ਹੈਸੀ , ਹਰ ਪਾਸੇ ਤੋਂ ਮਾਣ ਸਨਮਾਨ ਮਿਲਿਆ।
ਨਾਂ ਰੱਖਣ ਲਈ ਗਏ ਜਦ ਗੁਰਦੁਆਰੇ, ਸੁਧਾਰ ਲਹਿਰ ਸੀ ਚੱਲਦੀ, ਗੁਰਦੁਆਰਿਆਂ ਦੀ।
‘ਪ’ ਅੱਖਰ ਤੋਂ ਪ੍ਰੀਤਮ ਸਿੰਘ ਨਾਂ ਰਖਿਆ, ਰਾਇ ਲੈ ਕੇ ਸੰਗਤ ’ਚੋਂ ਸਾਰਿਆਂ ਦੀ।
ਗ੍ਰੰਥੀ ਸਿੰਘ ਜੀ ਜੋਸ਼ ਨਾਲ ਕਹਿਣ ਲੱਗੇ, ਅੱਜ ਲੋੜ ਹੈ ਪ੍ਰੀਤਮ ਪਿਆਰਿਆਂ ਦੀ।
ਪ੍ਰੀਤਮ ਪਿਆਰਾ, ਇਹ ਪੰਥ ਦਾ ਬਣੂ, ਇਕ ਦਿਨ, ਗੂੰਜ ਪਏਗੀ ਸਦਾ ਜੈਕਾਰਿਆਂ ਦੀ।
ਗੁਰੂ ਸਾਹਿਬਾਂ ਦੇ ਜੀਵਨ ਨੂੰ ਵਿੱਚ ਕਵਿਤਾ, ਸਾਰੀ ਉਮਰ ਹੀ ਘਾਲਣਾ ਘਾਲ ਲਿਖਿਆ।
ਲਹੂ ਭਿੱਜਾ ਇਤਿਹਾਸ ਦਾ ਹਰ ਪੰਨਾ, ਦਰਦ ਭਰੇ ਹੋਏ ਲਹਿਜੇ ਦੇ ਨਾਲ ਲਿਖਿਆ।
ਓਨ੍ਹਾਂ ਕਲਮ ਨਾਲ ਕਾਗਜ ਦੀ ਹਿੱਕ ਉੱਤੇ, ਜੋ ਵੀ ਲਿਖਿਆ, ਉਹ ਬਾ-ਕਮਾਲ ਲਿਖਿਆ।
‘ਖੜਗ ਖਾਲਸਾ’ ਪੁਸਤਕ ਦੇ ਵਿਚ ਓਨ੍ਹਾਂ, ਸਾਰਾ ਖਾਲਸਾ ਪੰਥ ਦਾ ਹਾਲ ਲਿਖਿਆ।
ਕਾਸਦ ਸਾਹਿਬ ਨੂੰ ਜਾਣਦੀ ਕੁਲ ਦੁਨੀਆਂ, ਗੁਰਮਤਿ ਵਿਸ਼ਿਆਂ ਤੇ ਕਲਮ ਚਲਾਈ ਓਨ੍ਹਾਂ।
ਜਿਥੇ ਜਿਥੇ ਵੀ ਗਏ ਸਟੇਜ ਉੱਤੇ, ਹਰ ਥਾਂ ਪਾਈ ਸੀ ਮਾਣ ਵਡਿਆਈ ਓਨ੍ਹਾਂ।
ਬੀਰ ਰਸੀ ਕਵਿਤਾਵਾਂ ਸੁਣਾ ਕੇ ਤੇ, ਅੱਗ ਪਾਣੀਆਂ ਤਾਈਂ ਸੀ ਲਾਈ ਓਨ੍ਹਾਂ।
‘ਜਾਚਕ’ ਸਦਾ ਜੈਕਾਰੇ ਦੀ ਗੂੰਜ ਅੰਦਰ, ਕਵਿਤਾ ਸੰਗਤਾਂ ਤਾਈਂ ਸੁਣਾਈ ਓਨ੍ਹਾਂ।
ਓਨ੍ਹਾਂ ਦਿਨਾਂ ’ਚ ਕਾਸਦ ਜੀ ਛਾਏ ਹੋਏ ਸੀ, ਹੋ ਰਹੀ ਚੀਨ ਨਾਲ ਜਦੋਂ ਲੜਾਈ ਹੈਸੀ।
‘ਚਿੱਠੀ ਲਿਖੀ ਸਿਪਾਹੀ ਨੇ ਮਾਂ ਵੱਲੇ’ ਜੋਸ਼ ਭਰੀ ਇਹ ਕਵਿਤਾ ਬਣਾਈ ਹੈਸੀ।
ਵਾਂਗ ਸ਼ੇਰ ਦੇ ਗਰਜ ਕੇ, ਪੜ੍ਹੀ ਹਰ ਥਾਂ, ਜੀਹਨੇ ਸੁੱਤੀ ਹੋਈ ਅਣਖ ਜਗਾਈ ਹੈਸੀ।
‘ਪੰਡਿਤ ਨਹਿਰੂ’ ਨੇ ਏਸ ਤੋਂ ਖੁਸ਼ ਹੋ ਕੇ, ਕਾਸਦ ਸਾਹਿਬ ਨੂੰ ਭੇਜੀ ਵਧਾਈ ਹੈਸੀ।
ਕੌੜੇ ਬਚਨ ਨਾ ਮੁੱਖ ਚੋਂ ਕਦੇ ਬੋਲੇ, ਰੱਖਿਆ ਸਦਾ ਹੀ ਨਿੱਘਾ ਸੁਭ੍ਹਾ ਕਾਸਦ।
ਹਰ ਵਾਰ ਪ੍ਰਬੰਧਕ ਫਿਰ ਸੱਦਦੇ ਸੀ, ਇਕ ਵਾਰ ਜੋ ਲੈਂਦੇ ਬੁਲਾ ਕਾਸਦ।
ਮੂਹੋਂ ਬੋਲਦੇ ਸ਼ੇਅਰ ਜਦ ਬੋਲਦੇ ਸੀ, ਓਦੋਂ ਜਾਂਦੇ ਸਟੇਜ ਤੇ ਛਾ ਕਾਸਦ।
ਪੰਥਕ ਕਵਿਤਾ ਨੂੰ ਚਾਰ ਚੰਨ ਲਾ ਕੇ ਤੇ, ਗਏ ਜੀਵਨ ਦਾ ਪੰਧ ਮੁਕਾ ਕਾਸਦ।
ਕਈ ਕਹਿੰਦੇ ‘ਸ਼ਹੀਦਾਂ ਦਾ ਕਵੀ’ ਉਸਨੂੰ, ਕਈ ਕੌਮ ਦਾ ਓਹਨੂੰ ‘ਇਕਬਾਲ’ ਕਹਿੰਦੇ।
‘ਕਾਵਿ ਮੰਚ ਦਾ ਮੀਰ’ ਵੀ ਕਈ ਕਹਿੰਦੇ, ਆਸ਼ਾਵਾਦੀ ਹੈ ਸੋਚ ਵਿਸ਼ਾਲ ਕਹਿੰਦੇ।
ਕਈ ‘ਚੜ੍ਹਦੀਆਂ ਕਲਾਂ ਦਾ ਸ਼ਾਇਰ’ ਕਹਿੰਦੇ, ਕਈ ‘ਕਵੀਆਂ ’ਚੋਂ ਕਵੀ ਕਮਾਲ’ ਕਹਿੰਦੇ।
ਬਖ਼ਸ਼ੀ ਕਲਮ ਨੂੰ ਸ਼ਕਤੀ ਸੀ ਤੇਗ ਵਰਗੀ, ਸਾਰੇ ਕਵੀ ਇਹ ਫਖਰ ਦੇ ਨਾਲ ਕਹਿੰਦੇ।
ਕੁਝ ਕੁ ਸਾਲ ਪਹਿਲਾਂ ਜੀਵਨ ਸਫਰ ਕਰਕੇ, ਚਲੇ ਗਏ ਸਨ ਵਿੱਚੋਂ ਜਹਾਨ ਕਾਸਦ।
ਦੇਸ਼ ਵਿਦੇਸ਼ ਦੀ ਹਰ ਸਟੇਜ ਉਤੇ, ਪਾਉਂਦੇ ਰਹੇ ਸਨ ਮਾਨ ਸਨਮਾਨ ਕਾਸਦ।
ਜੀਵਨ ਜੀਵਿਆ ਗੁਰਮਤਿ ਅਨੁਸਾਰ ਓਨ੍ਹਾਂ, ਸਫਲ ਕਵੀ ਸੀ, ਨੇਕ ਇਨਸਾਨ ਕਾਸਦ।
ਆਪਣੀ ਕਵਿਤਾ ਤੇ ਜੀਵਨ ਦੇ ਬਲਬੂਤੇ, ਹੋਏ ਪੰਥ ਦੇ ਵਿਚ ਪਰਵਾਨ ਕਾਸਦ।
ਪੰਜਾਬੀ ਸਾਹਿਤ ਦੀ ਰਾਣੀ ਨੂੰ ਵਿਚ ਕਵਿਤਾ, ਓਹਦਾ ਮੁੱਖੜਾ ਦਿਖਾ ਕੇ ਗਏ ਕਾਸਦ।
ਹਰ ਇਕ ਸ਼ੇਅਰ ਕਲੇਜੇ ਨੂੰ ਧੂ ਪਾਉਂਦਾ, ਸੰਗਤਾਂ ਤਾਈਂ ਸੁਣਾ ਕੇ ਗਏ ਕਾਸਦ।
ਆਪਣੀ ਕਲਮ ਨਾਲ ਕੌਮ ਦੇ ਦਰਦ ਭਿੱਜੇ, ਕਾਵਿ ਚਿੱਤਰ ਬਣਾ ਕੇ ਗਏ ਕਾਸਦ।
ਪੰਥਕ ਕਵਿਤਾ ਨੂੰ ਸਿੱਖ ਸਟੇਜ ਰਾਹੀਂ, ਸਿਖਰਾਂ ਉੱਤੇ ਪਹੁੰਚਾ ਕੇ ਗਏ ਕਾਸਦ।
ਇਕ ਦੂਜੇ ਦੇ ਜਿਹੜੇ ਨੇ ਕੰਮ ਆਉਂਦੇ, ਦੁਨੀਆਂ ਵਿਚ ਓਹ ਬੰਦੇ ਮਹਾਨ ਹੁੰਦੇ।
ਕਦਰ ਵਾਲੇ ਹੀ ਆਪਣੀ ਕਦਰ ਪਾਉਂਦੇ, ਐਵੇਂ ਕਿਸੇ ਦੇ ਗੁਣ ਨਹੀਂ ਗਾਣ ਹੁੰਦੇ।
ਜਿਵੇਂ ਓਨ੍ਹਾਂ ਨੇ ਵਿਦਵਤਾ ਨਾਲ ਲਿਖਿਐ, ਗਿਣਵੇਂ ਚੁਣਵੇਂ ਹੀ ‘ਜਾਚਕ’ ਵਿਦਵਾਨ ਹੁੰਦੇ।
ਜਾਣ ਦੁਨੀਆਂ ਤੋਂ, ਚੋਲਾ ਬੇਦਾਗ ਲੈ ਕੇ, ਕਾਸਦ ਸਾਹਿਬ ਜਹੇ ਵਿਰਲੇ ਇਨਸਾਨ ਹੁੰਦੇ।