Home » ਸਿੱਖ ਵਿਦਵਾਨ ਤੇ ਨਾਮਵਰ ਸ਼ਖ਼ਸੀਅਤਾਂ » ਗਿਆਨੀ ਸੰਤ ਸਿੰਘ ‘ਮਸਕੀਨ’

ਗਿਆਨੀ ਸੰਤ ਸਿੰਘ ‘ਮਸਕੀਨ’

by Dr. Hari Singh Jachak
Giani Sant Singh 'Maskin'

ਗਿਆਨੀ ਸੰਤ ਸਿੰਘ ‘ਮਸਕੀਨ’

ਗਿਆਨੀ ਸੰਤ ਸਿੰਘ ‘ਮਸਕੀਨ’

ਉੱਘੇ ਸਿੱਖ ਵਿਦਵਾਨ ਤੇ ਕਥਾ ਵਾਚਕ, ਸੰਤ ਸਿੰਘ ਮਸਕੀਨ ਨਹੀਂ ਰਹੇ ਜੱਗ ਤੇ।

ਪਹਿਰਾ ਦਿੱਤਾ ਜਿਸ ਸਿੱਖੀ ਦੀ ਸੋਚ ਉੱਤੇ, ਵਗਦੇ ਵਹਿਣਾਂ ’ਚ ਕਦੇ ਨਾ ਵਹੇ ਜੱਗ ਤੇ।

ਰਹਿੰਦੀ ਦੁਨੀਆਂ ਤੱਕ ਲੋਕਾਂ ਨੇ ਯਾਦ ਰੱਖਣੇ, ਪਾਵਨ ਬਚਨ ਜੋ ਮੁੱਖ ’ਚੋਂ ਕਹੇ ਜੱਗ ਤੇ।

ਜੱਗ ਤੋਂ ਜਾਣ ਜੋ ਚੋਲਾ ਬੇਦਾਗ ਲੈ ਕੇ, ਵਿਰਲੇ ਹੁੰਦੇ ਵਿਦਵਾਨ ਉਸ ਜਹੇ ਜੱਗ ਤੇ।

 

ਕਰਕੇ ਮਿਹਰ ਕੋਈ ਧੁਰੋਂ ਪ੍ਰਮਾਤਮਾਂ ਨੇ, ਬੁੱਧੀ ਬਖਸ਼ੀ ਸੀ ਬੜੀ ਬਿਬੇਕ ਉਸਨੂੰ।

ਜੀਵਨ ਜੀਵਿਆਂ ਗੁਰਮਤਿ ਅਨੁਸਾਰ ਉਸ ਨੇ, ਹੈਸੀ ਇਕ ਅਕਾਲ ਤੇ ਟੇਕ ਉਸਨੂੰ।

ਸਾਰੇ ਧਰਮਾਂ ਦੇ ਪੜ੍ਹੇ ਗ੍ਰੰਥ ਉਨ੍ਹਾਂ, ਬੋਲੀ ਆਉਂਦੀ ਸੀ ਲਗਭੱਗ ਹਰੇਕ ਉਸਨੂੰ।

ਉਹ ਸੀ ਗੁਰਮਤਿ ਗਿਆਨ ਦਾ ਮਹਾਂਸਾਗਰ, ਸੁਝਦੇ ਗੁਰਮਤਿ ਵਿਚਾਰ ਸਨ ਨੇਕ ਉਸਨੂੰ।

 

ਪੱਥਰ ਦਿਲ ਵੀ ਮੋਮ ਸਨ ਹੋ ਜਾਂਦੇ, ਕਥਾ ਕਰਦੇ ਜਦ ਵਿੱਚ ਸਰੂਰ ਉਹ ਤਾਂ।

ਨਾਸਤਕ ਅਸ਼ਰਧਕ ਵੀ ਬਣਦੇ ਸਨ ਗੁਰੂ ਵਾਲੇ, ਧੁਰ ਕੀ ਬਾਣੀ ਨਾਲ ਸੀ ਮਖਮੂਰ ਉਹ ਤਾਂ।

ਜੀਹਨੇ ਜੀਵਨ ਦੀ ਬਦਲ ਕੇ ਰੱਖ ਦਿੱਤੇ, ਰੱਖਦੇ ਖਿੱਚ ਸਨ ਕੋਈ ਜਰੂਰ ਉਹ ਤਾਂ।

ਚਲਦੀ ਫਿਰਦੀ ਉਹ ਗੁਰਮਤਿ ਦੀ ਸੰਸਥਾ ਸੀ, ਹੈਸਨ ਕੌਮ ਦੇ ਹੀਰੇ ਕੋਹਿਨੂਰ ਉਹ ਤਾਂ।

 

ਈ.ਟੀ.ਸੀ. ਚੈਨਲ ਤੇ ਕਥਾ ਕਰਨ ਵਾਲਾ, ਸਚਮੁੱਚ ਉਨ੍ਹਾਂ ਦਾ ਢੰਗ ਨਿਵੇਕਲਾ ਸੀ।

ਸ਼ਬਦ ਸੁਰਤ ਦੀ ਧੁਰੋਂ ਸੀ ਤਾਰ ਜੁੜਦੀ, ਚੜ੍ਹਦਾ ਰੱਬੀ ਕੋਈ ਰੰਗ ਨਿਵੇਕਲਾ ਸੀ।

ਚਲਦੀ ਇਕੋ ਸੀ ਲੜੀ ਵਿਚਾਰ ਵਾਲੀ, ਜੀਹਦਾ ਹਰ ਪ੍ਰਸੰਗ ਨਿਵੇਕਲਾ ਸੀ।

ਉਹਦੇ ਆਉਣ ਤੇ ਸੰਗਤ ਬਿਅੰਤ ਜੁੜਦੀ, ਉਹਦਾ ਹਰ ਸਤਿਸੰਗ ਨਿਵੇਕਲਾ ਸੀ।

 

ਦੇਸ਼ ਵਿਦੇਸ਼ ਦੀਆਂ ਲੱਖਾਂ ਹੀ ਸੰਗਤਾਂ ਨੂੰ, ਸ਼ਬਦ ਗੁਰੂ ਦੇ ਲੜ ਸੀ ਲਾਉਣ ਆਏ।

ਸੜਦੇ ਤਪਦੇ ਤੇ ਦੁਖਦੇ ਹਿਰਦਿਆਂ ’ਚ, ਕਥਾ ਰਾਹੀਂ ਸਨ ਠੰਢ ਵਰਤਾਉਣ ਆਏ।

ਮੰਤਰ ਮੁਗਧ ਕਰ ਗੁਰੂ ਕੀਆਂ ਸੰਗਤਾਂ ਨੂੰ, ਅਰਸ਼ੀ ਪ੍ਰੀਤਮ ਦੇ ਜਲਵੇ ਵਿਖਾਉਣ ਆਏ।

ਸੀ ਸਿਰਤਾਜ ਉਹ ਸਿੱਖ ਪ੍ਰਚਾਰਕਾਂ ਦੇ, ਜੀਵਨ ਪੰਥ ਦੇ ਲੇਖੇ ਜੋ ਲਾਉਣ ਆਏ।

 

ਇੱਕਦਮ ਜਦ ਹਾਰਟ ਅਟੇਕ ਹੋਇਆ, ਚਲਾ ਗਿਆ ਉਹ ਸਿੰਘ ਸਰਦਾਰ ਆਖਰ।

ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚ ਅਲਵਰ, ਕੀਤੇ ਦੇਹ ਦੇ ਦਰਸ਼ਨ ਦੀਦਾਰ ਆਖਰ।

ਫੁੱਲ ਸ਼ਰਧਾ ਦੇ ਸਭ ਨੇ ਭੇਟ ਕੀਤੇ, ਹੰਝੂ ਪਲਕਾਂ ’ਚੋਂ ਆ ਗਏ ਬਾਹਰ ਆਖਰ।

ਭਰੇ ਮਨਾਂ ਨਾਲ ਗੁਰੂ ਕੀਆਂ ਸੰਗਤਾਂ ਨੇ, ਪਾਵਨ ਦੇਹ ਦਾ ਕੀਤਾ ਸਸਕਾਰ ਆਖਰ।

 

ਐਸਾ ਸਿੱਖ ਸਕਾਲਰ, ਫਿਲਾਸਫਰ ਸੀ, ਹੋਇਆ ਦੁਨੀਆਂ ’ਚ ਜੋ ਹੋਇਆ ਪ੍ਰਵਾਨ ਸਾਡਾ।

ਸਮੇਂ ਸਮੇਂ ਤੇ ਕਥਾ ਦੇ ਰਾਹੀਂ ਜੀਹਨੇ, ਰੱਖਿਆ ਖਿੱਚ ਕੇ ਸਦਾ ਧਿਆਨ ਸਾਡਾ।

ਚਲਾ ਗਿਆ ਏ ਫਾਨੀ ਸੰਸਾਰ ਵਿੱਚੋਂ, ਕਥਾਵਾਚਕ ਤੇ ਪੰਥਕ ਵਿਦਵਾਨ ਸਾਡਾ।

ਛੇਤੀ ਕੀਤੇ ਇਹ ਪੂਰਾ ਨਹੀਂ ਹੋ ਸਕਣਾ, ਹੋ ਗਿਐ ਜੋ ‘ਜਾਚਕ’ ਨੁਕਸਾਨ ਸਾਡਾ।