ਭਾਈ ਵੀਰ ਸਿੰਘ ਜੀ
ਭਾਈ ਵੀਰ ਸਿੰਘ ਜੀ
ਸੰਤ ਕਵੀ ਡਾ. ਭਾਈ ਵੀਰ ਸਿੰਘ ਦਾ, ਜਨਮ ਹੋਇਆ ਸੀ ਗੁਰਮੁੱਖ ਪਰਵਾਰ ਅੰਦਰ।
ਤੱਕਦੇ ਰਹੇ ਹਜ਼ਾਰਾ ਸਿੰਘ ਜੀ ਨਾਨਾ, ਵੱਡੇ ਗੁਣ ਇਸ ਬਰਖੁਰਦਾਰ ਅੰਦਰ।
ਸਮੇਂ ਸਮੇਂ ’ਤੇ ਛਪਦੀਆਂ ਰਹੀਆਂ ਲਿਖਤਾਂ, ‘ਖਾਲਸਾ ਸਮਾਚਾਰ’ ਅਖ਼ਬਾਰ ਅੰਦਰ।
ਚਮਕ ਰਿਹਾ ਹੈ ਚੰਨ ਦੇ ਤੇਜ ਵਾਂਗੂੰ, ਨਾਂ ਉਸ ਦਾ ਸਾਹਿਤਕ ਸੰਸਾਰ ਅੰਦਰ।
ਓਹਦੀ ਕਲਮ ਇਤਿਹਾਸ ਨੂੰ ਰਹੀ ਲਿਖਦੀ, ਸ਼ਰਧਾ ਭਾਵਨਾ ਪੂਰਨ ਵਿਸ਼ਵਾਸ਼ ਅੰਦਰ।
ਹੀਰੇ ਰਤਨ ਜਵਾਹਰ ਸਨ ਮੜ੍ਹ ਦਿੱਤੇ, ਗੁਰੂ ਸਾਹਿਬਾਂ ਦੇ ਪਾਵਨ ਇਤਿਹਾਸ ਅੰਦਰ।
ਚਾਰ ਚੰਨ ਪੰਜਾਬੀ ਨੂੰ ਲਾਉਣ ਦੇ ਲਈ, ਲੱਗੀ ਧੁਰੋਂ ਕੋਈ ਲਗਨ ਸੀ ਖਾਸ ਅੰਦਰ।
ਚਮਕ ਰਹੇ ਨੇ ਸੂਰਜ ਦੇ ਤੇਜ ਵਾਗੂੰ, ਸਾਹਿਤਕਾਰਾਂ ਦੇ ਸੋਹਣੇ ਆਕਾਸ਼ ਅੰਦਰ।
ਹੁੰਦੇ ਜੱਗ ਵਿੱਚ ਐਸੇ ਵਿਦਵਾਨ ਵਿਰਲੇ, ਜੇਹੋ ਜਹੇ ਮਹਾਨ ਵਿਦਵਾਨ ਹੈਸਨ।
ਉਰਦੂ, ਫਾਰਸੀ ਅਤੇ ਪੰਜਾਬੀ ਦੇ ਨਾਲ, ਹੋਰ ਬੋਲੀਆਂ ਦਾ ਰੱਖਦੇ ਗਿਆਨ ਹੈਸਨ।
ਲਗਨ, ਮਿਹਨਤ ਤੇ ਕਲਮ ਦੇ ਬਲਬੂਤੇ, ਹੋਏ ਪੰਥ ਦੇ ਵਿੱਚ ਪਰਵਾਨ ਹੈਸਨ।
ਭਾਈ ਸਾਹਬ ਨੂੰ ਭਾਰਤ ਸਰਕਾਰ ਵਲੋਂ, ‘ਪਦਮ ਭੂਸ਼ਨ’ ਜਹੇ ਮਿਲੇ ਸਨਮਾਨ ਹੈਸਨ।
ਜੀਹਨੇ ਜੀਵਨ ਹੀ ਬਦਲ ਕੇ ਰੱਖ ਦਿੱਤੇ, ਅਸੀਂ ਓਹਦਾ ਅਹਿਸਾਨ ਨਹੀਂ ਭੁੱਲ ਸਕਦੇ।
ਪੰਜਾਬੀ ਸਾਹਿਤ ਪਿਤਾਮਾ ਜੋ ਦੇਣ ਦਿੱਤੀ, ਅਸੀਂ ਓਹਦਾ ਕੋਈ ਤਾਰ ਨਹੀਂ ਮੁੱਲ ਸਕਦੇ।
ਦੇਂਦਾ ਰਹੇਗਾਗੁਰਮਤਿ ਦੀ ਸੇਧ ‘ਜਾਚਕ’, ਸੰਪਾਦਤ ‘ਸੂਰਜ ਪ੍ਰਕਾਸ਼’ ਗਰੰਥ ਤੇਰਾ।
ਰਹਿੰਦੀ ਦੁਨੀਆਂ ਤੱਕ ਭਾਈ ਵੀਰ ਸਿੰਘ ਜੀ, ਰਿਣੀ ਰਹੂਗਾ ਖਾਲਸਾ ਪੰਥ ਤੇਰਾ।