Home » ਸਿੱਖ ਵਿਦਵਾਨ ਤੇ ਨਾਮਵਰ ਸ਼ਖ਼ਸੀਅਤਾਂ » ਭਾਈ ਸੰਤੋਖ ਸਿੰਘ ਜੀ

ਭਾਈ ਸੰਤੋਖ ਸਿੰਘ ਜੀ

by Dr. Hari Singh Jachak
Bhai Santokh Singh

ਭਾਈ ਸੰਤੋਖ ਸਿੰਘ ਜੀ

ਭਾਈ ਸੰਤੋਖ ਸਿੰਘ ਜੀ

ਉਘਾ ਨਾਂ ਹੈ ਭਾਈ ਸੰਤੋਖ ਸਿੰਘ ਦਾ, ਸਿੱਖ ਧਰਮ ਤੇ ਸਿੱਖ ਇਤਿਹਾਸ ਅੰਦਰ।

ਠਾਠਾਂ ਮਾਰਦਾ ਗੁਰਮਤਿ ਗਿਆਨ ਹੈਸੀ, ਰੋਮ ਰੋਮ ਤੇ ਸੁਆਸ ਸੁਆਸ ਅੰਦਰ।

ਪੂਰਾ ਗੁਰ ਇਤਿਹਾਸ ਮੈਂ ਲਿਖ ਸਕਾਂ, ਕਰਦੇ ਜੋਦੜੀ ਨਿਤ ਅਰਦਾਸ ਅੰਦਰ।

ਤੀਹ ਸਾਲ ਸੀ ਕਲਮ ਚਲਾਈ ‘ਜਾਚਕ’, ਲੱਗੀ ਲਗਨ ਸੀ ਧੁਰੋਂ ਕੋਈ ਖਾਸ ਅੰਦਰ।

 

ਯੋਗ ਜਾਣ ਤੈਨੂੰ ਭਾਈ ਸੰਤ ਸਿੰਘ ਨੇ, ਹਰ ਤਰ੍ਹਾਂ ਦੀ ਵਿਦਿਆ ਦਾ ਦਾਨ ਕੀਤਾ।

ਗੁਰਸਿੱਖਾਂ ਦੀ ਸੰਗਤ ਦੇ ਵਿੱਚ ਰਹਿਕੇ, ਖੰਡੇ ਬਾਟੇ ਦਾ ਅੰਮ੍ਰਿਤ ਤੂੰ ਪਾਨ ਕੀਤਾ।

ਸ਼ਕਤੀ ਅਤੇ ਪ੍ਰਤਿਭਾ ਦੇ ਬਣ ਮਾਲਕ, ਹਰ ਪੱਖ ਵੱਲ ਪੂਰਾ ਧਿਆਨ ਕੀਤਾ।

ਗੁਰ ਇਤਿਹਾਸ ਨੂੰ ਛੰਦਾ ਬੰਦ ਕਰਕੇ, ਮਹਾਂਕਾਵਿ ’ਚ ਸੋਹਣਾ ਬਿਆਨ ਕੀਤਾ।

 

ਲੈ ਕੇ ਆਸਰਾ ਗੁਰੂ ਗਰੰਥ ਜੀ ਦਾ, ਸਭ ਤੋਂ ਪਹਿਲਾਂ ਸੀ ਸੂਰਜ ਪ੍ਰਕਾਸ਼ ਲਿਖਿਆ।

ਜਨਮ ਸਾਖੀਆਂ ਵਿੱਚੋਂ ਬਿਰਤਾਂਤ ਲੈ ਕੇ, ਸ਼ਰਧਾ ਅਦਬ ਤੇ ਨਾਲ ਵਿਸ਼ਵਾਸ਼ ਲਿਖਿਆ।

ਓਹਦੀ ਸੋਚ ਸੀ ਸਦੀਆਂ ਦੇ ਵਿੱਚ ਘੁੰਮੀ, ਦਸਾਂ ਗੁਰੂਆਂ ਦਾ ਪਾਵਨ ਇਤਿਹਾਸ ਲਿਖਿਆ।

ਸੂਰਜ ਮੁਖੀ ਜਿਉਂ ਸੂਰਜ ਦੇ ਨਾਲ ਖਿੜਦੈ, ਏਦਾਂ ਖਿੜ ਕੇ ਸੂਰਜ ਪ੍ਰਕਾਸ਼ ਲਿਖਿਆ।

 

ਬਾਬੇ ਨਾਨਕ ਦੀ ਉਸਤਤੀ ਕਰਨ ਲੱਗਿਆਂ, ਤੇਰੀ ਕਲਮ ਰਬਾਬ ਦੀ ਤਾਰ ਬਣ ਗਈ।

ਛੋਹੀ ਗੱਲ ਜਾਂ ਗੜ੍ਹੀ ਚਮਕੌਰ ਵਾਲੀ, ਤੇਰੀ ਕਲਮ ਸੀ ਖੰਡੇ ਦੀ ਧਾਰ ਬਣ ਗਈ।

ਗੱਲ ਲਿਖਦਿਆਂ ਬੀਰ ਬਹਾਦਰਾਂ ਦੀ, ਤੇਰੀ ਕਲਮ ਦੂਧਾਰੀ ਤਲਵਾਰ ਬਣ ਗਈ।

ਅੰਮ੍ਰਿਤਬਾਣੀ ਦੀ ਲਿਖੀ ਵਿਆਖਿਆ ਜਦ, ਉਹੀ ਕਲਮ ਸੀ ਅੰਮ੍ਰਿਤ ਦੀ ਧਾਰ ਬਣ ਗਈ।

 

ਬਾਲਪਨ ਤੋਂ ਲੈ ਕੇ ਅੰਤ ਤੀਕਰ, ਰਚੀ ਓਨ੍ਹਾਂ ਸੁਆਸ ਸੁਆਸ ਕਵਿਤਾ।

ਧੰਨ ਉਹ ਤੇ ਧੰਨ ਸੀ ਕਲਮ ਉਸ ਦੀ, ਲਿਖਿਆ ਸਾਰਾ ਹੀ ਗੁਰ ਇਤਿਹਾਸ ਕਵਿਤਾ।

ਵਗਦੀ ਨਦੀ ਦੇ ਵਾਂਗ ਵਹਾ ਰੱਖਦੀ, ਲਿਖੀ ਹੋਈ ਵਿੱਚ ਸੂਰਜ ਪ੍ਰਕਾਸ਼ ਕਵਿਤਾ।

ਛੰਦਾਬੰਦੀ ਦੇ ਨਿਯਮਾਂ ਤੇ ਖਰੀ ਉਤਰੀ, ਹਰ ਇਕ ਪੱਖ ਤੋ ਹੋਣੀ ਇਹ ਪਾਸ ਕਵਿਤਾ।

 

ਪੜ੍ਹਦਾ ਸੁਣਦਾ ਜੋ ਬਿਰਤੀ ਲਗਾ ਕੇ ਤੇ, ਧੁਰ ਅੰਦਰੋਂ ਦਿੰਦੀ ਹੁਲਾਸ ਕਵਿਤਾ।

ਬ੍ਰਜ ਭਾਸ਼ਾ ਦੇ ਵਿੱਚ ਸੀ ਰਚੀ ਸਾਰੀ, ਆਮ ਨਹੀਂ ਇਹ ਬੜੀ ਹੈ ਖਾਸ ਕਵਿਤਾ।

ਡਿੱਗਿਆਂ ਢੱਠਿਆਂ ਮਨਾਂ ਨੂੰ ਪਲਾਂ ਅੰਦਰ, ਧੁਰ ਅੰਦਰੋਂ ਦਿੰਦੀ ਧਰਵਾਸ ਕਵਿਤਾ।

ਚੜ੍ਹਦੀ ਕਲਾ ਦੇ ਵਿੱਚ ਹੈ ਲੈ ਜਾਂਦੀ, ਢਹਿੰਦੀ ਕਲਾ ਦਾ ਕਰਦੀ ਏ ਨਾਸ ਕਵਿਤਾ।

 

ਹੁੰਦੇ ਜੱਗ ਵਿੱਚ ਐਸੇ ਵਿਦਵਾਨ ਵਿਰਲੇ, ਜਿਹੋ ਜਿਹਾ ਮਹਾਨ ਵਿਦਵਾਨ ਸੀ ਤੂੰ।

ਪਿੰਡ ‘ਨੂਰ ਦੀ’ ਵਿਖੇ ਤੂੰ ਜਨਮ ਲੈ ਕੇ, ਕੀਤੇ ਕਾਸ਼ੀ ਦੇ ਪੰਡਤ ਹੈਰਾਨ ਸੀ ਤੂੰ।

ਸੰਸਕ੍ਰਿਤ, ਪੰਜਾਬੀ ਤੇ ਬ੍ਰਿਜ ਭਾਸ਼ਾ, ਹੋਰ ਬੋਲੀਆਂ ਦਾ ਰੱਖਦਾ ਗਿਆਨ ਸੀ ਤੂੰ।

ਇੰਝ ਕੋਈ ਬਿਆਨ ਨਹੀ ਕਰ ਸਕਿਆ, ਕੀਤਾ ਜਿਦਾਂ ਇਤਿਹਾਸ ਬਿਆਨ ਸੀ ਤੂੰ।

 

ਸਾਰੀ ਉਮਰ ਜੋ ਖੱਟੀ ਸੀ ਤੂੰ ਖੱਟੀ, ਪੇਸ਼ ਕਰ ’ਤੀ ਗੁਰੂ ਦਰਬਾਰ ਅੰਦਰ।

ਗੁਰੂ ਚਰਨਾਂ ’ਚ ਕੀਤੀ ਅਰਦਾਸ ਏਥੇ, ਪੂਰਨ ਸ਼ਰਧਾ ਵਿਸ਼ਵਾਸ ਨੂੰ ਧਾਰ ਅੰਦਰ।

ਮਿਲਿਆ ਮਾਣ ਸੀ ਤਖ਼ਤ ਅਕਾਲ ਵੱਲੋਂ, ਭੇਟਾ ਹੋਈ ਸਵੀਕਾਰ ਦਰਬਾਰ ਅੰਦਰ।

ਨਾਂ ‘ਸੂਰਜ ਪ੍ਰਕਾਸ਼’ ਦੇ ਨਾਲ ਤੇਰਾ, ਅਮਰ ਹੋ ਗਿਆ ਸਾਰੇ ਸੰਸਾਰ ਅੰਦਰ।

 

ਤੈਨੂੰ ਐਂਵੇਂ ਨਹੀਂ ਕਲਮ ਦਾ ਧਨੀ ਕਹਿੰਦੇ, ਮਾਰੀ ਮੱਲ ਤੂੰ ਵੱਡੀ ਸੰਤੋਖ ਸਿੰਘਾ।

ਕੁਲ ਲਿਖਤਾਂ ਇਤਿਹਾਸ ਦੀਆਂ ਵਾਚੀਆਂ ਤੂੰ, ਕੋਈ ਕਸਰ ਨਾ ਛੱਡੀ ਸੰਤੋਖ ਸਿੰਘਾ।

ਕਵਿਤਾ ਫੁੱਟਦੀ ਰਹੀ ਝਰਨੇ ਵਾਂਗ ਅੰਦਰੋਂ, ਲੈ, ਤਾਲ ਨਾਲ ਕੱਢੀ ਸੰਤੋਖ ਸਿੰਘਾ।

ਅੱਧੀ ਸਦੀ ਸੰਸਾਰ ਦੇ ਵਿੱਚ ਰਹਿਕੇ, ਅਮਰ ਛਾਪ ਤੂੰ ਛੱਡੀ ਸੰਤੋਖ ਸਿੰਘਾ।

 

ਤੇਰੇ ਰਚੇ ਹੋਏ ਸੂਰਜ ਪ੍ਰਕਾਸ਼ ਵਿੱਚੋਂ, ਕਥਾ ਹੁੰਦੀ ਏ ਗੁਰੂਦੁਆਰਿਆਂ ਵਿੱਚ।

ਹੰਸ ਬਿਰਤੀ ਨਾਲ ਚੁਭੀਆਂ ਲਾਉਣ ਵਾਲੇ, ਮੋਤੀ ਚੁਗਦੇ ਸਮੁੰਦਰ ਖਾਰਿਆਂ ਵਿੱਚ।

ਸਾਹਿਤ ਗਗਨ ’ਤੇ ਚਮਕਦੈਂ ਤੂੰ ਏਦਾਂ, ਚਮਕੇ ਜਿਸ ਤਰ੍ਹਾਂ ਚੰਨ ਸਿਤਾਰਿਆਂ ਵਿੱਚ।

ਏਸ ਗੱਲ ਨੂੰ ਜਾਣਦੈ ਜੱਗ‘ਜਾਚਕ’, ਮਹਾਂਕਵੀ ਹੈਂ ਤੂੰ ਕਵੀਆਂ ਸਾਰਿਆਂ ਵਿੱਚ।