ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ
ਦਸਮ ਪਿਤਾ ਦੀ ਓਨ੍ਹਾਂ ਤੇ ਹੋਈ ਬਖਸ਼ਿਸ਼, ਸਿੱਖ ਪੰਥ ਦੇ ਲਾਡਲੇ ਲਾਲ ਹੈਸਨ।
ਜੇਲਾਂ ਵਿੱਚ ਸਹਾਰੇ ਸੀ ਕਸ਼ਟ ਲੱਖਾਂ, ਪੂਰੇ ਸਿਦਕ ਭਰੋਸੇ ਦੇ ਨਾਲ ਹੈਸਨ।
ਕਰਦੇ ਕੀਰਤਨ ਜਦ ਪੰਚਮ ਸੁਰ ਅੰਦਰ, ਚੜ੍ਹਦੇ ਚਿਹਰੇ ਤੇ ਰੱਬੀ ਜਲਾਲ ਹੈਸਨ।
ਮਿਲਦੀ ਨਹੀਂ ਮਿਸਾਲ ਹੈ ਵਿੱਚ ਦੁਨੀਆਂ, ਓਹ ਤੇ ਆਪਣੀ ਆਪ ਮਿਸਾਲ ਹੈਸਨ।
ਬੜੇ ਲਾਡ ਲਡਾਏ ਸੀ ਮਾਪਿਆਂ ਨੇ, ਨਾਰੰਗਵਾਲ ’ਚ ਬਚਪਨ ਗੁਜਾਰਿਆ ਸੀ।
ਬੀ.ਏ ਕੀਤੀ ਸੀ ਓਨ੍ਹਾਂ ਲਾਹੌਰ ਜਾ ਕੇ, ਦੁਨਿਆਵੀ ਕੰਮਾਂ ਨੂੰ ਐਪਰ ਤ੍ਰਿਸਕਾਰਿਆ ਸੀ।
ਅੰਮ੍ਰਿਤ ਛਕ ਕੇ ਬਣ ਗਏ ਗੁਰੂ ਵਾਲੇ, ਸਾਰੀ ਉਮਰ ਹੀ ਗੁਰੂ ਪਿਆਰਿਆ ਸੀ।
ਜੀਵਨ ਦੇਸ਼ ਆਜ਼ਾਦੀ ਦੇ ਲਈ ਲਾਉਣੈ, ਇਹ ਵੀ ਦਿਲ ਵਿੱਚ ਓਨ੍ਹਾਂ ਨੇ ਧਾਰਿਆ ਸੀ।
ਓਸ ਸਮੇਂ ਸੀ ਵਾਪਰੀ ਇੱਕ ਘਟਨਾ, ਸੁੱਤੀ ਕੌਮ ਨੂੰ ਜੀਹਨੇ ਜਗਾ ਦਿੱਤਾ।
ਗੁਰਦੁਆਰਾ ਰਕਾਬ ਗੰਜ ਸਾਹਬ ਜੀ ਦੀ, ਬਣੀ ਕੰਧ ਨੂੰ ਗੋਰਿਆਂ ਢਾਹ ਦਿੱਤਾ।
ਭਾਈ ਸਾਹਬ ਨੇ ਆ ਕੇ ਰੋਹ ਅੰਦਰ, ਸ਼ਹੀਦੀ ਜਥੇ ਨਾਲ ਮੋਰਚਾ ਲਾ ਦਿੱਤਾ।
ਆਖਰ ਹੋ ਮਜਬੂਰ ਫਰੰਗੀਆਂ ਨੇ, ਢਾਹੀ ਕੰਧ ਨੂੰ ਫੇਰ ਬਣਵਾ ਦਿੱਤਾ।
ਤੋੜਨ ਲਈ ਗੁਲਾਮੀ ਦੇ ਸੰਗਲਾਂ ਨੂੰ, ਓਦੋਂ ਦੇਸ਼ ਆਜ਼ਾਦੀ ਦੀ ਲਹਿਰ ਚੱਲੀ।
ਸ਼ੁਰੂ ਹੋਈ ਕਨੇਡਾ,ਅਮੈਰਕਾ ਤੋਂ, ਦੇਸ਼-ਵਿਦੇਸ਼ ਅੰਦਰ ਅੱਠੇ ਪਹਿਰ ਚੱਲੀ।
ਗਦਰ ਲਹਿਰ ਹੈ ਏਸ ਨੂੰ ਕਿਹਾ ਜਾਂਦਾ, ਹਰ ਇਕ ਪਿੰਡ ਚੱਲੀ, ਹਰ ਇਕ ਸ਼ਹਿਰ ਚੱਲੀ।
ਚਰਚਾ ਹੋਈ ਜਦ ਗਦਰ ਅਖਬਾਰ ਅੰਦਰ, ਓਦੋਂ ਗੋਰਿਆਂ ਲਈ ਬਣ ਕੇ ਕਹਿਰ ਚੱਲੀ।
ਲਿਖਿਆ ਹੁੰਦਾ ਅਖਬਾਰ ਦੇ ਪੰਨਿਆਂ ਤੇ, ਦੇਸ਼ ਦੁਸ਼ਮਣਾਂ ਨੂੰ ਤਕੜੀ ਹਾਰ ਦੇਵੋ।
ਵਾਰ ਰਹੇ ਹੋ ਜਾਨਾਂ ਫਰੰਗੀਆਂ ਲਈ, ਜਾਨਾਂ ਆਪਣੇ ਵਤਨ ਤੋਂ ਵਾਰ ਦੇਵੋ।
ਸਭ ਤੋਂ ਵੱਡੇ ਨੇ ਸਾਡੇ ਅੰਗਰੇਜ਼ ਵੈਰੀ, ਘੱਲ ਸੱਤ ਸਮੁੰਦਰੋਂ ਪਾਰ ਦੇਵੋ।
ਝੋਲੀਚੁੱਕ ਜੋ ਏਨ੍ਹਾਂ ਦੇ ਬਣੇ ਹੋਏ ਨੇ, ਕੁਝ ਕੁ ਓਨ੍ਹਾਂ ਦੀ ਭੁਗਤ ਸੁਆਰ ਦੇਵੋ।
ਗਦਰ ਲਹਿਰ ਜਦ ਸਿਖਰ ਤੇ ਚੱਲ ਰਹੀ ਸੀ, ਗੱਲ ਕਰ ਰਿਹਾਂ ਓਨ੍ਹਾਂ ਜਮਾਨਿਆਂ ਦੀ।
ਬਲਦੀ ਸ਼ਮਾਂ ਤੇ ਸੜੇ ਜੋ ਖਿੜੇ ਮੱਥੇ, ਗੱਲ ਕਰ ਰਿਹਾਂ ਓਨ੍ਹਾਂ ਪਰਵਾਨਿਆਂ ਦੀ।
ਸਾਰੀ ਉਮਰ ਹੀ ਰਹੇ ਜੋ ਜੇਲ ਅੰਦਰ, ਗੱਲ ਕਰ ਰਿਹਾਂ ਓਨ੍ਹਾਂ ਦੀਵਾਨਿਆਂ ਦੀ।
ਮਸਤੀ ਨਾਲ ਜੋ ਫਾਂਸੀ ਦੀ ਪੀਂਘ ਝੂਟੇ, ਗੱਲ ਕਰ ਰਿਹਾਂ ਓਨ੍ਹਾਂ ਮਸਤਾਨਿਆਂ ਦੀ।
ਗਦਰ ਕਰਨ ਲਈ ਲਹਿਰ ਦੇ ਮੋਢੀਆਂ ਨਾਲ, ਕਰਦੇ ਰਹਿੰਦੇ ਵੀਚਾਰ ਸਨ ਭਾਈ ਸਾਹਿਬ।
ਕਰਤਾਰ ਸਿੰਘ ਸਰਾਭਾ ਜਹੇ ਗਦਰੀਆਂ ਦਾ, ਕਰਦੇ ਦਿੱਲੋਂ ਸਤਿਕਾਰ ਸਨ ਭਾਈ ਸਾਹਿਬ।
ਭਾਈ ਸਾਹਿਬ ਘਰ ਗਦਰੀ ਕਈ ਵਾਰ ਆਉਂਦੇ, ਆਪ ਜਾਂਦੇ ਕਈ ਵਾਰ ਸਨ ਭਾਈ ਸਾਹਿਬ।
ਲੈ ਕੇ ਚਾਅ ਅਜ਼ਾਦੀ ਦਾ ਦਿਲ ਅੰਦਰ, ਰਹੇ ਮੰਜ਼ਲਾਂ ਮਾਰ ਸਨ ਭਾਈ ਸਾਹਿਬ।
ਕੱਠੇ ਹੋ ਕੇ ਗਦਰ ਦੇ ਮੋਢੀਆਂ ਨੇ, ਖਾਸ ਮਤਾ ਇਹ ਇਕ ਪਰਵਾਨਿਆਂ ਸੀ।
ਉਨੀ ਫਰਵਰੀ ਉਨੀਂ ਸੋ ਪੰਦਰਾਂ ਨੂੰ, ਗਦਰ ਕਰਨ ਦਾ ਦਿਨ ਐਲਾਨਿਆਂ ਸੀ।
ਏਸ ਗਦਰ ਲਈ ਜੀਹਨਾਂ ਨੇ ਸਾਥ ਦੇਣੈ, ਓਨ੍ਹਾਂ ਫੌਜੀਆਂ ਤਾਈਂ ਪਹਿਚਾਣਿਆ ਸੀ।
ਪਰ ਬੈਠਾ ਹੋਇਆ ਸੀ ਮੁਖਬਰ ਇਕ ਖਾਸ ਓਥੇ, ਜੀਹਨੇ ਗਦਰ ਦੇ ਭੇਤ ਨੂੰ ਜਾਣਿਆ ਸੀ।
ਘਰ ਦੇ ਭੇਤੀ ਕਿਰਪਾਲ ਸਿੰਘ ਮੁਖਬਰ ਨੇ, ਦਿੱਤਾ ਪਿੱਠ ਅੰਦਰ ਛੁਰਾ ਮਾਰ ਆਖਰ।
ਝੋਲੀਚੁੱਕ ਨੇ ਖਬਰ ਪਹੁੰਚਾ ਕੇ ਤੇ, ਕਰ ਦਿੱਤੀ ਚੌਕੰਨੀ ਸਰਕਾਰ ਆਖਰ।
ਦੇਸ਼ ਭਗਤਾਂ ਦੀ ਫੜੋ ਫੜਾਈ ਹੋ ਗਈ, ਭੇਜ ਦਿੱਤੇ ਗਏ ਜੇਲਾਂ ਵਿਚਕਾਰ ਆਖਰ।
ਹੱਥੀਂ ਹੱਥਕੜੀ, ਪੈਰਾਂ ਵਿੱਚ ਪਾ ਬੇੜੀ, ਭਾਈ ਸਾਹਬ ਵੀ ਕੀਤੇ ਗ੍ਰਿਫਤਾਰ ਆਖਰ।
ਕਾਫੀ ਸਮੇਂ ਤੋਂ ਚੱਲ ਸੀ ਰਹੀ ਜਿਹੜੀ, ਬਣੀ ਬਣਾਈ ਓਹ ਫੇਲ ਸੀ ਬਾਤ ਹੋ ਗਈ।
ਕਾਲੀ ਬੱਦਲੀ ਨੇ ਸੂਰਜ ਢੱਕ ਲਿਆ ਸੀ, ਚਿੱਟੇ ਦਿਨ ਹੀ ਕਾਲੀ ਸੀ ਰਾਤ ਹੋ ਗਈ।
ਸੂਹਾ ਰੰਗ ਆਜ਼ਾਦੀ ਦਾ ਵੇਖ ਚੜ੍ਹਦਾ, ਤੇਜ਼ੀ ਨਾਲ ‘ਜਸੂਸੀ’ ਬਰਸਾਤ ਹੋ ਗਈ।
ਪਲਕ ਝਪਕਦੇ ਹੀ ਸਾਰੇ ਗਦਰੀਆਂ ਦੇ, ਸਿਰ ਤੇ ਆ ਕੇ ਖੜੀ ਆਫਾਤ ਹੋ ਗਈ।
ਜੇਕਰ ਭੇਤ ਕਿਰਪਾਲ ਸਿੰਘ ਨਾ ਦੇਂਦਾ, ਦੀਵੇ ਹੋ ਅੰਗ੍ਰੇਜ਼ ਦੇ ਗੁੱਲ ਜਾਂਦੇ।
ਛੁਰਾ ਮਾਰ ਕੇ ਛੇਕ ਜੇ ਨਾ ਕਰਦਾ, ਭਰੇ ਭਾਂਡੇ ਨਾ ਕਦੇ ਇਹ ਡੁਲ੍ਹ ਜਾਂਦੇ।
ਕਾਮਯਾਬ ਜੇਕਰ ਗਦਰ ਲਹਿਰ ਹੁੰਦੀ, ਰਾਜ ਕਰਨਾ ਅੰਗਰੇਜ਼ ਤਦ ਭੁੱਲ ਜਾਂਦੇ।
ਸੰਨ ਸੰਤਾਲੀ ਤੋਂ ਬੱਤੀ ਸਾਲ ਪਹਿਲਾਂ, ਬੂਹੇ ਦੇਸ਼ ਆਜ਼ਾਦੀ ਦੇ ਖੁਲ੍ਹ ਜਾਂਦੇ।
ਓਦੋਂ ਡਰ ਜਾਂ ਭੈਅ ਤੋਂ ਮੁਕਤ ਰਹਿ ਕੇ, ਗਦਰ ਵਾਲੇ ਅਦਾਲਤ ਵਿੱਚ ਬੋਲਦੇ ਸੀ।
ਅਸਹਿ ਕਸ਼ਟ ਵੀ ਸਹਿੰਦੇ ਸੀ ਖਿੜੇ ਮੱਥੇ, ਦਿਲ ਦਾ ਭੇਤ ਨਾ ਐਪਰ ਓਹ ਖੋਲਦੇ ਸੀ।
ਭਾਵੇਂ ਕਿੰਨੇ ਹੀ ਲਾਲਚ ਅੰਗਰੇਜ਼ ਦਿੰਦੇ, ਰੰਚਕ ਮਾਤਰ ਵੀ ਓੁਹ ਨਾ ਡੋਲਦੇ ਸੀ।
ਆਪਣੀ ਜਾਨ ਨੂੰ ਜੋਖਮ ਵਿੱਚ ਰਹੇ ਪਾਉਂਦੇ, ਬੜੇ ਤਕੜੇ ਘੁਲਾਟੀ ਇਸ ਘੋਲ ਦੇ ਸੀ।
ਤੀਹ ਮਾਰਚ ਉਨੀਂ ਸੋ ਸੋਲਾਂ ਈਸਵੀ ਤੱਕ, ਚਲਦਾ ਰਿਹਾ ਮੁਕੱਦਮਾ ਲਾਹੌਰ ਅੰਦਰ।
ਭਾਈ ਸਾਹਿਬ ਨੂੰ ਵੀ ਉਮਰ ਕੈਦ ਹੋ ਗਈ, ਭਾਰੀ ਮੁਸ਼ਕਲਾਂ ਭਰੇ ਇਸ ਦੌਰ ਅੰਦਰ।
ਦਿਲ ਵਿੱਚ ਦੇਸ਼ ਆਜ਼ਾਦੀ ਲਈ ਖਿਚ ਹੈਸੀ, ਖਿੱਚ ਫੁੱਲ ਲਈ ਜਿਸ ਤਰ੍ਹਾਂ ਭੌਰ ਅੰਦਰ।
ਜੂਝੇ ਵਤਨ ਆਜ਼ਾਦੀ ਦੇ ਲਈ ਗਦਰੀ , ਜੂਝੇ ਜਿਸ ਤਰ੍ਹਾਂ ਸਿੰਘ ਚਮਕੌਰ ਅੰਦਰ।
ਸੋਲਾਂ ਸਾਲ ਰਹੇ ਜੇਲ ਵਿੱਚ ਭਾਈ ਸਾਹਿਬ, ਸਿਰ ਤੇ ਪਈਆਂ ਮੁਸੀਬਤਾਂ ਭਾਰੀਆਂ ਸੀ।
ਕੱਪੜੇ ਬਿਨਾਂ ਸਿਆਲਾਂ ਦੀਆਂ ਸਰਦ ਰਾਤਾਂ, ਕਾਲ ਕੋਠਰੀ ਵਿੱਚ ਗੁਜਾਰੀਆਂ ਸੀ।
ਚਾਲੀ ਦਿਨਾਂ ਤੱਕ ਭੁੱਖ ਹੜਤਾਲ ਕਰਕੇ, ਕਈ ਤਰ੍ਹਾਂ ਦੀਆਂ ਸਹੀਆਂ ਦੁਸ਼ਵਾਰੀਆਂ ਸੀ।
ਮੁੱਖੋਂ ਕਦੇ ਵੀ ਸੀਅ ਨਾ ਹਾਇ ਕਿਹਾ, ਨਾਮ ਸਿਮਰਨ ਦੀਆਂ ਬਰਕਤਾਂ ਸਾਰੀਆਂ ਸੀ।
ਸੱਤ ਦਿਨ ਤੇ ਜੇਲ ਵਿੱਚ ਸੱਤ ਰਾਤਾਂ, ਕਲਮ ਚਲੀ ਸੀ ਓਨ੍ਹਾਂ ਦੀ ਦਾਸ ਬਣ ਕੇ।
ਧੁਰੋਂ ਹੋਈ ਅਕਾਲ ਦੀ ਕੋਈ ਬਖਸ਼ਿਸ਼, ਵੇਗ ਵਾਂਗ ਉਤਰੀ ਕਵਿਤਾ ਖਾਸ ਬਣ ਕੇ।
ਮਨ ਵਿੱਚੋਂ ਓਹ ਚਸ਼ਮੇ ਦੇ ਵਾਂਗ ਫੁੱਟੀ, ਕਾਵਿ ਕਲਾ ਦੀ ਮਿੱਠੀ ਮਿਠਾਸ ਬਣ ਕੇ।
ਸਾਡੇ ਹੱਥਾਂ ਦੇ ਵਿਚ ਹੈ ਪਹੁੰਚ ਚੁੱਕੀ, ਪੁਸਤਕ ਰੂਪ ਵਿਚ ‘ਜੋਤਿ ਵਿਗਾਸ’ ਬਣ ਕੇ।
ਸੋਲਾਂ ਸਾਲ ਤੋਂ ਬਾਅਦ ਜਦ ਘਰ ਪਰਤੇ, ਲੱਗੀਆਂ ਰੌਣਕਾਂ ਤੇ ਮੰਗਲਾਚਾਰ ਹੋਇਆ।
ਮੇਲ ਹੋ ਗਏ ਚਿਰੀ ਵਿਛੁੰਨਿਆਂ ਦੇ, ਕੱਠਾ ਓਸ ਦਿਨ ਸਾਰਾ ਸੰਸਾਰ ਹੋਇਆ।
‘ਜੀ ਆਇਆਂ ਨੂੰ’ ਆਖਿਆ ਸਾਰਿਆਂ ਨੇ, ਭਾਈ ਸਾਹਿਬ ਦਾ ਬੜਾ ਸਤਿਕਾਰ ਹੋਇਆ।
ਭਾਈ ਸਾਹਬ ਨੇ ਨਾਲ ਵਿਸਥਾਰ ਦੱਸਿਆ, ਕਿਵੇਂ ਜੇਲ ਵਿੱਚ ਅੱਤਿਆਚਾਰ ਹੋਇਆ।
ਸਿੱਖੀ ਬਾਣੇ ਦੇ ਧਾਰਨੀ ਸਨ ਪੂਰਨ, ਜੀਵਨ ਗੁਰਮਤਿ ਦੇ ਨਾਲ ਇਕ-ਮਿਕ ਹੈਸੀ।
ਵਾਹਿਗੁਰੂ ਨਾਲ ਮੇਲ ਮਿਲਾਪ ਵਾਲੀ, ਹਰਦਮ ਰੱਖਦੇ ਦਿਲ ਵਿੱਚ ਸਿੱਕ ਹੈਸੀ।
ਨਾਮ ਰਸ ਨੂੰ ਸਦਾ ਹੀ ਭੁੰਚਦੇ ਰਹੇ, ਸੁਰਤੀ ਨਾਮ ਦੇ ਵਿੱਚ ਗਈ ਟਿਕ ਹੈਸੀ।
ਰੱਖਦੇ ਓਟ ਬੱਸ ਪੁਰਖ ਅਕਾਲ ਉਤੇ, ਮਾਲਕ ਸ੍ਰਿਸਟੀ ਦਾ ਓਨ੍ਹਾਂ ਲਈ ਇੱਕ ਹੈਸੀ।
ਕਈ ਕਈ ਘੰਟੇ ਓਹ ਚੌਂਕੜਾ ਮਾਰ ਕੇ ਤੇ, ਬੈਠੇ ਰਹਿੰਦੇ ਸਨ ਰੱਬੀ ਵਿਸਮਾਦ ਅੰਦਰ।
ਲਾਈ ਰੱਖਦੇ ਸੁੰਨ ਸਮਾਧੀਆਂ ਸੀ, ਰੱਖੀ ਗਈ ਕੋਈ ਧੁਰੋਂ ਬੁਨਿਆਦ ਅੰਦਰ।
ਵਾਜੇ ਉਤੇ ਜਦ ਉਂਗਲ ਸੀ ਓਹ ਧਰਦੇ, ਛਿੜ ਪੈਂਦਾ ਇਲਾਹੀ ਕੋਈ ਨਾਦ ਅੰਦਰ।
ਵਹਿ ਜਾਂਦੇ ਵੈਰਾਗ ਦੇ ਹੜ ਅੰਦਰ, ਜਦੋਂ ਆਉਂਦੀ ਪਿਆਰੇ ਦੀ ਯਾਦ ਅੰਦਰ।
ਭਾਈ ਸਾਹਬ ਦੀ ਸੇਵਾ ਨੂੰ ਮੁੱਖ ਰੱਖ ਕੇ, ਅਕਾਲ ਤਖਤ ਤੇ ਸਜਿਆ ਦੀਵਾਨ ਸੋਹਣਾ।
ਸ੍ਰੀ ਸਾਹਿਬ, ਸਿਰੋਪਾਓ ਦੀ ਕਰ ਬਖਸ਼ਿਸ਼, ਭਾਈ ਸਾਹਿਬ ਨੂੰ ਦਿੱਤਾ ਸਨਮਾਨ ਸੋਹਣਾ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵੀ, ਭਾਈ ਸਾਹਬ ਨੂੰ ਮਿਲਿਆ ਸੀ ਮਾਣ ਸੋਹਣਾ।
ਸ਼ਾਮਲ ਹੁੰਦੇ ਰਹੇ ਪੰਜਾਂ ਪਿਆਰਿਆਂ ’ਚ, ਦਿੱਤਾ ਪੰਥ ਨੇ ਰੁਤਬਾ ਮਹਾਨ ਸੋਹਣਾ।
ਸੋਲਾਂ ਅਪਰੈਲ ਉਨੀਂ ਸੋ ’ਕਾਠ ਦੇ ਦਿਨ, ਚਲੇ ਗਏ ਓਹ ਕੋਲ ‘ਕਰਤਾਰ’ ਆਖਰ।
ਪੰਜ ਭੂਤਕ ਸਰੀਰ ਨੂੰ ਛੱਡ ਕੇ ਤੇ, ਭਾਈ ਸਾਹਬ ਉਡਾਰੀ ਗਏ ਮਾਰ ਆਖਰ।
ਨਾਰੰਗਵਾਲ ’ਚ ਪਹੁੰਚ ਕੇ ਸਾਰਿਆਂ ਨੇ,ਕੀਤੇ ਦੇਹ ਦੇ ਦਰਸ਼ਨ ਦੀਦਾਰ ਆਖਰ।
ਭਰੇ ਮਨਾਂ ਨਾਲ ਗੁਰੂ ਕੀਆਂ ਸੰਗਤਾਂ ਨੇ, ਪਾਵਨ ਦੇਹ ਦਾ ਕੀਤਾ ਸਸਕਾਰ ਆਖਰ।
ਭਾਵੇਂ ਅੱਖਾਂ ਤੋਂ ਓਹਲੇ ਹੈ ਹੋ ਜਾਂਦਾ, ਪਰ ਸੂਰਜ ਕਦੇ ਨਹੀਂ ਛਿਪਦਾ ਸੰਸਾਰ ਵਿੱਚੋਂ।
ਭਾਈ ਸਾਹਬ ਦੇ ਅੱਜ ਵੀ ਹੋਣ ਦਰਸ਼ਨ, ਲਿਖੇ ਓਨ੍ਹਾਂ ਦੇ ਸਾਹਿਤਕ ਭੰਡਾਰ ਵਿੱਚੋਂ।
ਹਰ ਗੁਰਸਿੱਖ ਦੇ ਚਿਹਰੇ ’ਚੋਂ ਦਿਸੇ ਚਿਹਰਾ, ਸਿਰ ਤੇ ਸਜੇ ਹੋਏ ਖੰਡੇ ਦਸਤਾਰ ਵਿੱਚੋਂ।
ਅਖੰਡ ਕੀਰਤਨ ਜੋ ਕਰਦੇ ਨੇ ਸਿੰਘ ‘ਜਾਚਕ’ ਜਾਂ ਫਿਰ ਓਨ੍ਹਾਂ ਦੇ ਦਰਸ਼ਨ ਦੀਦਾਰ ਵਿੱਚੋਂ।