ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਰਾਗੀ
ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਰਾਗੀ
ਭਾਈ ਭਾਗ ਸਿੰਘ ਜੀ ਦਾ, ਹੀਰਾ ਸਿੰਘ ਪੁੱਤਰ, ਸੱਚਾ ਸੁੱਚਾ ਸੀ ਹੋਣਹਾਰ ਹੀਰਾ।
ਚੰਨ ਵਾਂਗ ਉਹ ਪੰਥਕ ਅਕਾਸ਼ ਉੱਤੇ, ਰਿਹਾ ਚਮਕਦਾ ਸੀ, ਚਮਕਦਾਰ ਹੀਰਾ।
ਉਹਦਾ ਤਨ ਹੀਰਾ, ਉਹਦਾ ਮਨ ਹੀਰਾ, ਉਹਦਾ ਸਾਰਾ ਹੀ ਗੁਰਮੁਖ ਪ੍ਰਵਾਰ ਹੀਰਾ।
ਪੰਥਕ ਮਾਲਾ ਦਾ ਸੀ ਅਨਮੋਲ ਮੋਤੀ, ਸਿੱਖ ਜਗਤ ਦਾ ਰੌਸ਼ਨ-ਮੀਨਾਰ ਹੀਰਾ।
ਸੰਤ ਅਤਰ ਸਿੰਘ ਦੀ ਸੰਗਤ ਵਿੱਚ ਰਹਿਕੇ, ਨਾਮ ਸਿਮਰਨ ਦੀ ਕੀਤੀ ਕਮਾਈ ਉਨ੍ਹਾਂ।
ਨਾਮ ਰੰਗ’ਚ ਰੰਗ ਕੇ ਸੰਗਤਾਂ ਨੂੰ, ਰੱਬੀ ਰੰਗ ਦੀ ਮੌਜ ਵਿਖਾਈ ਉਨ੍ਹਾਂ।
ਸਨਮੁੱਖ ਗੁਰਮਤਿ ਸਿਧਾਤਾਂ ਨੂੰ ਰੱਖ ਕੇ ਤੇ, ‘ਅਨੰਦ ਕਾਰਜ ਮੁਹਿੰਮ’ ਚਲਾਈ ਉਨ੍ਹਾਂ।
ਸੀ ਸਰਤਾਜ ਉਹ ਸਿੱਖ ਪ੍ਰਚਾਰਕਾਂ ਦੇ, ਜਿੰਦਗੀ ਸਾਰੀ ਪ੍ਰਚਾਰ ’ਚ ਲਾਈ ਉਨ੍ਹਾਂ।
ਨਨਕਾਣਾ ਸਾਹਿਬ ਦੇ ਸਾਕੇ ਦੀ ਖਬਰ ਸੁਣਕੇ, ਪਹੁੰਚੇ ਉਥੇ ਉਦਾਸ ਸੀ ਭਾਈ ਸਾਹਿਬ।
ਉਸੇ ਦਿਨ ਹੀ ਅੱਖਾਂ ਦੇ ਨਾਲ ਤੱਕਿਆ, ਸੜਦਾ ਸਿੰਘਾਂ ਦਾ ਮਾਸ ਸੀ ਭਾਈ ਸਾਹਿਬ।
ਸੀਨੇ ਗੁਰਾਂ ਦੇ ਗੋਲੀਆਂ ਤੱਕੀਆਂ ਸੀ, ਤੇ ਤੱਕੀ ਲਾਸ਼ ਤੇ ਲਾਸ਼ ਸੀ ਭਾਈ ਸਾਹਿਬ।
ਸ਼ਹੀਦੀ ਬੀੜ ’ਚੋਂ ਗੋਲੀਆਂ ਸੱਤ ਕੱਢ ਕੇ, ਕੀਤਾ ਓਦੋਂ ਪ੍ਰਕਾਸ਼ ਸੀ ਭਾਈ ਸਾਹਿਬ।
ਵਿਆਖਿਆ ਕਰਕੇ ਭਰੇ ਹੋਏ ਗਲੇ ਦੇ ਨਾਲ, ਪ੍ਰਗਟ ਕੀਤਾ ਅਹਿਸਾਸ ਸੀ ਭਾਈ ਸਾਹਿਬ।
ਭੁੱਬਾਂ ਮਾਰ ਕੇ ਰੋਂਦੀਆਂ ਸੰਗਤਾਂ ਨੂੰ, ਓਦੋਂ ਦਿੱਤਾ ਧਰਵਾਸ ਸੀ, ਭਾਈ ਸਾਹਿਬ।
ਪੰਥ ਵਲੋਂ ਜਦ ਮੋਰਚੇ ਲੱਗਦੇ ਸੀ, ਬਣਦੇ ਕੌਮ ਦੀ ਆਸ ਸੀ, ਭਾਈ ਸਾਹਿਬ।
ਜੈਤੋਂ ਮੋਰਚੇ ਵੱਲ ਜਦ ਜਥੇ ਜਾਂਦੇ, ਦਸਦੇ ਸਿੱਖ ਇਤਿਹਾਸ ਸੀ ਭਾਈ ਸਾਹਿਬ।
ਸੰਗਤ ਨਾਲ ਅਨੰਦ ਸੀ ਝੂਮ ਉਠਦੀ, ਕਰਦੇ ਕੀਰਤਨ ਸਨ ਜਦੋਂ ਵਿਸਮਾਸ ਅੰਦਰ।
ਬਣਦੇ ਨਾਸਤਕ ਵੀ ਆ ਕੇ ਗੁਰੂ ਵਾਲੇ, ਆਉਂਦਾ ਜਦੋਂ ਸੀ ਰੱਬੀ ਸੁਆਦ ਅੰਦਰ।
ਵਾਜੇ ਉੱਤੇ ਜਦ ਉਂਗਲ ਸੀ ਉਹ ਧਰਦੇ, ਛਿੜ ਪੈਂਦਾ ਸੀ, ਅਨਹਦ ਕੋਈ ਨਾਦ ਅੰਦਰ।
ਸੁਣਾਉਂਦੇ ਜਦੋਂ ਪ੍ਰਸੰਗ ਇਤਿਹਾਸ ਵਿੱਚੋਂ, ਆਉਂਦੀ ਸਭ ਨੂੰ ਗੁਰੂ ਦੀ ਯਾਦ ਅੰਦਰ।
ਕੀਰਤਨ, ਕਥਾ ਵਿਆਖਿਆ ਕਰਨ ਵਾਲੇ, ਉਚ ਕੋਟੀ ਦੇ ਰਾਗੀ ਸਨ, ਭਾਈ ਸਾਹਿਬ।
ਆਈ ਮਾਇਆ ਨੂੰ ਕੌਮ ਲਈ ਖਰਚ ਕੀਤਾ, ਅਸਲ ਵਿੱਚ ਤਿਆਗੀ ਸਨ,ਭਾਈ ਸਾਹਿਬ।
ਬਿਹਬਲ ਹੁੰਦੀਆਂ ਸੰਗਤਾਂ ਸੁਣ ਕੀਰਤਨ, ਸਚਮੁੱਚ ਵੈਰਾਗੀ ਸਨ, ਭਾਈ ਸਾਹਿਬ।
ਚਾਰੇ ਪਾਸੇ ਸਨਾਟਾ ਸੀ ਛਾ ਜਾਂਦਾ, ਰੋਮ ਰੋਮ ’ਚੋਂ ਰਾਗੀ ਸਨ ਭਾਈ ਸਾਹਿਬ।
ਖਾਲਸਾ ਪੰਥ ’ਚ ਜਾਗਰਤੀ ਕਰ ਪੈਦਾ, ਹਸਪਤਾਲ, ਸਕੂਲ ਖੁਲਵਾਉਣ ਆਏ।
‘ਪੰਥ ਰਤਨ’ ਦਸ਼ਮੇਸ਼ ਦੇ ਲਾਡਲੇ ਉਹ, ਗੁਰ ਮਰਿਯਾਦਾ ਨੂੰ ਲਾਗੂ ਕਰਵਾਉਣ ਆਏ।
ਮੰਤਰ ਮੁਗਧ ਕਰ ਗੁਰੂ ਦੀਆਂ ਸੰਗਤਾਂ ਨੂੰ, ਅਰਸ਼ੀ ਪ੍ਰੀਤਮ ਦੇ ਜਲਵੇ ਦਿਖਾਉਣ ਆਏ।
ਸਚਮੁੱਚ ਕੌਮ ਦੇ ਹੀਰੇ ਸੀ ‘ਜਾਚਕਾ’ ਓਹ, ਜੀਵਨ ਪੰਥ ਦੇ ਲੇਖੇ ਜੋ ਲਾਉਣ ਆਏ।
ਭਾਈ ਸਾਹਿਬ ਦੀ ਉਸਤਤ ਦੇ ਵਿੱਚ ਕਈਆਂ, ‘ਜਾਚਕ’ ਕਲਮ ਨਾਲ ਸੋਹਣਾ ਬਿਆਨ ਲਿਖਿਐ।
ਪੂਰਨ ਸਿੰਘ ਤੇ ਸਾਹਿਬ ਸਿੰਘ ਦੇ ਨਾਲ, ਭਾਈ ਵੀਰ ਸਿੰਘ ਜਿਹੇ ਵਿਦਵਾਨ ਲਿਖਿਐ।
‘ਅਨੰਦ ਕਾਰਜ’ ਸੀ ਕਿਵੇਂ ਕਰਵਾਏ ਓਨ੍ਹਾਂ , ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਲਿਖਿਐ।
‘ਅਮਲੋਕ ਹੀਰਾ’ ’ਚ ਮੇਜਰ ਬਲਵੰਤ ਸਿੰਘ ਨੇ, ਵੇਰਵੇ ਸਹਿਤ ਸਾਰਾ ਦਾਸਤਾਨ ਲਿਖਿਐ।