ਭਾਈ ਕਾਨ੍ਹ ਸਿੰਘ ਨਾਭਾ
ਭਾਈ ਕਾਨ੍ਹ ਸਿੰਘ ਨਾਭਾ
ਭਾਈ ਸਾਹਿਬ ਸਨ ਧੁਰੋਂ ਵਰੋਸਾਏ ਹੋਏ, ਹੈਸਨ ਸ਼ੁਰੂ ਤੋਂ ਹੀ ਹੋਣਹਾਰ ਓਹ ਤਾਂ।
ਬਚਪਨ ਵਿੱਚ ਸੀ ਲਾਡ ਪਿਆਰ ਮਿਲਿਆ, ਪਲੇ ਚਾਵਾਂ-ਮਲਾਰਾਂ ਦੇ ਨਾਲ ਓਹ ਤਾਂ।
ਹਰ ਤਰ੍ਹਾਂ ਦੀ ਵਿਦਿਆ ਗ੍ਰਹਿਣ ਕੀਤੀ, ਨਾਮ ਬਾਣੀ ਨਾਲ ਹੋਏ ਸਰਸ਼ਾਰ ਓਹ ਤਾਂ।
ਸਿੱਖੀ ਮਾਲਾ ਦੇ ਸਨ ਅਨਮੋਲ ਮੋਤੀ, ਸਿੱਖ ਜਗਤ ਦੇ ਰੋਸ਼ਨ ਮੀਨਾਰ ਓਹ ਤਾਂ।
ਕਰਕੇ ਮਿਹਰ ਕੋਈ ਧੁਰੋਂ ਪਰਮਾਤਮਾ ਨੇ, ਬੁੱਧੀ ਬਖਸ਼ੀ ਕੋਈ ਬੜੀ ਬਿਬੇਕ ਹੈਸੀ।
ਸਾਰੇ ਧਰਮਾਂ ਦੇ ਪੜ੍ਹੇ ਗ੍ਰੰਥ ਓਨ੍ਹਾਂ, ਬੋਲੀ ਜਾਣਦੇ ਲਗਭਗ ਹਰੇਕ ਹੈਸੀ।
ਉਹ ਸੀ ਗੁਰਮਤਿ ਗਿਆਨ ਦੇ ਮਹਾਂਸਾਗਰ, ਸੁਝਦੇ ਪਾਵਨ ਵਿਚਾਰ ਸਭ ਨੇਕ ਹੈਸੀ।
ਜੀਵਨ ਜੀਵਿਆ ਗੁਰਮਤਿ ਅਨੁਸਾਰ ਓਨ੍ਹਾਂ, ਰੱਖੀ ਇਕ ਅਕਾਲ ਤੇ ਟੇਕ ਹੈਸੀ।
ਨਾਭਾ ਅਤੇ ਪਟਿਆਲਾ ਰਿਆਸਤਾਂ ’ਚ, ਸਦਾ ਰਹੇ ਮਹਾਰਾਜਿਆਂ ਕੋਲ ਹੈਸਨ।
ਰਹੇ ਬੜੇ ਹੀ ਉਚਿਆਂ ਅਹੁਦਿਆਂ ਤੇ, ਲਏ ਫੈਸਲੇ ਬੜੇ ਅਨਮੋਲ ਹੈਸਨ।
ਹਰ ਕੰਮ ਨਿਪੁੰਨਤਾ ਨਾਲ ਕੀਤਾ, ਮਿੱਠੇ ਬੋਲਦੇ ਸਦਾ ਹੀ ਬੋਲ ਹੈਸਨ ।
ਝੁਕੇ ਕਦੇ ਨਾ ਕਿਸੇ ਦਬਾਅ ਅੱਗੇ, ਸਦਾ ਰਹੇ ਨਿਡਰ, ਅਡੋਲ ਹੈਸਨ ।
ਰਸਨਾ ਵਿੱਚ ਅਨੋਖਾ ਕੋਈ ਰਸ ਹੈਸੀ, ਬੋਲ ਬੋਲ ’ਚੋਂ ਗੁਰੂ ਪਿਆਰ ਝਲਕੇ।
ਭਰਵਾ ਦਾਹੜਾ ਤੇ ਅੱਖਾਂ ਨਾਮ ਰਸ ਭਰੀਆਂ, ਨੂਰੀ ਚਿਹਰੇ ਤੋਂ ਨੂਰੀ ਨੁਹਾਰ ਝਲਕੇ।
ਹਰ ਇੱਕ ਅੱਖਰ ਜੋ ਕਲਮ ਦੇ ਨਾਲ ਲਿਖਿਆ, ਅੱਖਰ ਅੱਖਰ ’ਚੋਂ ਸਿੱਖੀ ਪਿਆਰ ਝਲਕੇ।
ਪੰਥ ਰਤਨ, ਭਾਈ ਕਾਨ੍ਹ ਸਿੰਘ ਜੀ ਦੇ, ਪੰਥਕ ਕਾਰਜਾਂ ਵਿੱਚੋਂ ਕਿਰਦਾਰ ਝਲਕੇ।
ਜੇਹੋ ਜਹੇ ਮਹਾਨ ਵਿਦਵਾਨ ਸੀ ਓਹ, ਓਹੋ ਜਹੇ ਨੇ ਵਿਰਲੇ ਵਿਦਵਾਨ ਹੁੰਦੇ।
‘ਗੁਰਛੰਦ ਦਿਵਾਕਰ’ ਤੇ ‘ਗੁਰਸ਼ਬਦਲੰਕਾਰ’ ਰਾਹੀਂ, ਛੰਦ ਸ਼ਾਸ਼ਤਰੀ ਵਜੋਂ ਪਰਵਾਨ ਹੁੰਦੇ।
‘ਮਹਾਨ ਕੋਸ਼’ ਦੀ ਰਚਨਾ ਨੂੰ ਪੜ੍ਹ ਪੜ੍ਹ ਕੇ, ਵੱਡੇ ਵੱਡੇ ਵਿਦਵਾਨ ਹੈਰਾਨ ਹੁੰਦੇ।
ਜਗ ਤੋਂ ਜਾਣ ਜੋ ਚੋਲਾ ਬੇਦਾਗ ਲੈ ਕੇ, ਭਾਈ ਸਾਹਿਬ ਜਹੇ ਵਿਰਲੇ ਇਨਸਾਨ ਹੁੰਦੇ।
ਓਹਦੀ ਕਲਮ ਇਤਿਹਾਸ ਨੂੰ ਰਹੀ ਲਿਖਦੀ, ਸ਼ਰਧਾ ਭਾਵਨਾ ਪੂਰਨ ਵਿਸ਼ਵਾਸ਼ ਅੰਦਰ।
ਹੀਰੇ ਰਤਨ ਜਵਾਹਰ ਸਨ ਮੜ੍ਹ ਦਿੱਤੇ, ਗੁਰੂ ਸਾਹਿਬਾਂ ਦੇ ਪਾਵਨ ਇਤਿਹਾਸ ਅੰਦਰ।
ਚਾਰ ਚੰਨ ਪੰਜਾਬੀ ਨੂੰ ਲਾਉਣ ਦੇ ਲਈ, ਲੱਗੀ ਧੁਰੋਂ ਕੋਈ ਲਗਨ ਸੀ ਖਾਸ ਅੰਦਰ।
ਚਮਕ ਰਹੇ ਨੇ ਸੂਰਜ ਦੇ ਵਾਂਗ‘ਜਾਚਕ’, ਸਾਹਿਤਕਾਰਾਂ ਦੇ ਸੋਹਣੇ ਆਕਾਸ਼ ਅੰਦਰ।