Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਵਿਦਿਆ, ਵਿਦਿਆਰਥੀ ਅਤੇ ਅਧਿਆਪਕ

ਵਿਦਿਆ, ਵਿਦਿਆਰਥੀ ਅਤੇ ਅਧਿਆਪਕ

by Dr. Hari Singh Jachak
Vidya Vidyarthi Te Adhyapak

ਵਿਦਿਆ, ਵਿਦਿਆਰਥੀ ਅਤੇ ਅਧਿਆਪਕ

ਵਿਦਿਆ, ਵਿਦਿਆਰਥੀ ਅਤੇ ਅਧਿਆਪਕ

ਚਾਨਣ ਵਿਦਿਆ ਦਾ ਫੈਲ ਜਾਏ ਚਹੁੰ ਪਾਸੀਂ, ਸੁੱਚੀ ਰੀਝ ਹਰ ਇਕ ਸੂਝਵਾਨ ਦੀ ਏ।

‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’, ਇਹ ਵੀ ਸਿਖਿਆ ਗੁਰੂ ਸਾਹਿਬਾਨ ਦੀ ਏ।

ਕਹਿੰਦੇ ਕੌਮ ਉਸਰੱਈਏ ਅਧਿਆਪਕਾਂ ਨੂੰ, ਹਰ ਕੌਮ ਹੀ ਇਹਨੂੰ ਪਰਵਾਨਦੀ ਏ।

ਦੋ ਅੱਖਾਂ ਨੇ ਦਾਤ ਪਰਮਾਤਮਾਂ ਦੀ, ਵਿਦਿਆ ਤੀਸਰੀ ਅੱਖ ਇਨਸਾਨ ਦੀ ਏ।

 

ਏਸ ਸ਼੍ਰਿਸ਼ਟੀ ਦੀ ਸਾਜਨਾ ਨਾਲ ਏਥੇ, ਧੁਰੋਂ ਭੇਜੀ ਸੀ ਪੁਰਖ ਅਕਾਲ ਵਿਦਿਆ।

ਪਾਵਨ ਧਰਮ ਗ੍ਰੰਥਾਂ ਦੇ ਵਿੱਚ ਹਰ ਥਾਂ, ਸਾਂਭੀ ਪਈ ਏ ਬੇਮਿਸਾਲ ਵਿਦਿਆ।

ਜਿੰਨੀ ਵਰਤੀਏ ਓਨੀ ਹੀ ਜਾਏ ਵਧਦੀ, ਸਾਗਰ ਗਿਆਨ ਦਾ, ਬੜੀ ਵਿਸ਼ਾਲ ਵਿਦਿਆ।

ਏਸ ਵਿਦਿਆ ਦੀ ਕਰਦਾ ਹੈ ਕਦਰ ਜਿਹੜਾ, ਕਰਦੀ ਓਹਨੂੰ ਨਿਹਾਲ-ਨਿਹਾਲ ਵਿਦਿਆ।

 

ਸੂਝ ਬੂਝ ਵਾਲੇ ਸੂਝਵਾਨ ਟੀਚਰ, ਵਗਦੇ ਵਹਿਣਾਂ ’ਚ ਬੱਚੇ ਨਹੀਂ ਵਹਿਣ ਦਿੰਦੇ।

ਕੱਠੇ ਰੱਖਦੇ ਗਲੇ ਦੇ ਹਾਰ ਵਾਗੂੰ, ਇਕ ਦੂਜੇ ਦੇ ਨਾਲ ਨਹੀਂ ਖਹਿਣ ਦਿੰਦੇ।

ਵਿਦਿਆ ਨਾਲ ਵਿਦਿਆਰਥੀ ਵਰਗ ਤਾਂਈਂ, ਨੈਤਿਕ ਗੁਣਾਂ ਦੇ ਗਹਿਣੇ ਨੇ ਪਹਿਣ ਦਿੰਦੇ।

ਪੂਰੀ ਸੋਚ ਇਹ ਭਾਵੇਂ ਨਹੀਂ ਬਦਲ ਸਕਦੇ, ਪਰ ਪਹਿਲੀ ਸੋਚ ਵੀ ਨਹੀਂ ਇਹ ਰਹਿਣ ਦਿੰਦੇ।

 

ਵਪਾਰੀਕਰਨ ਅੱਜ ਵਿਦਿਆ ਦਾ ਹੋ ਚੁੱਕੈ, ਹਰ ਕੋਈ ਚਿੰਤਾ ਦੇ ਵਿੱਚ ਗ੍ਰੱਸਿਆ ਏ।

ਨਕਲ ਵਾਲੀ ਬਿਮਾਰੀ ਵੀ ਚੰਬੜੀ ਏ, ਫਨੀਅਰ ਸੱਪ ਵਾਂਗੂੰ ਸਾਨੂੰ ਡੱਸਿਆ ਏ।

ਦਿਨ ਦੀਵੀਂ ਵਿਦਿਆਰਥੀ ਨਸ਼ੇ ਕਰਦੇ, ਇਹ ਵੀ ਬੜੀ ਗੰਭੀਰ ਸਮੱਸਿਆ ਏ।

ਦਿਸਦਾ ਨਹੀਂ ਹੈ ਅੱਗੋ ਭਵਿੱਖ ਕੋਈ, ਸੋਚਾਂ ਵਾਲੇ ਸ਼ਿਕੰਜੇ ਵਿੱਚ ਕੱਸਿਆ ਏ।

 

ਸਾਰੇ ਵਿਦਿਅਕ ਅਦਾਰੇ ਇਕ ਸੇਧ ਦੇਵਣ, ਏਹਦੇ ਲਈ ਕਮੇਟੀ ਬਣਾਈ ਜਾਵੇ।

ਟ੍ਰੇਨਿੰਗ ਸੰਸਥਾ ਨਾਲ ਹੀ ਕਾਇਮ ਕਰਕੇ, ਅਧਿਆਪਕ ਵਰਗ ਨੂੰ ਦਿੱਤੀ ਸਿਖਲਾਈ ਜਾਵੇ।

ਨੈਤਿਕ ਕੀਮਤਾਂ ਜੇਸ ਨਾਲ ਹੋਣ ਉਚੀਆਂ, ਐਸੀ ਵਿਦਿਅਕ ਪ੍ਰਣਾਲੀ ਅਪਣਾਈ ਜਾਵੇ।

ਪੜ੍ਹਦੇ ਸਾਰ ਹੀ ਕੋਈ ਰੁਜਗਾਰ ਮਿਲ ਜਾਏ, ਐਸੀ ਨੀਤੀ ਕੋਈ ਘੜੀ ਘੜਾਈ ਜਾਵੇ।

 

ਮਾਪੇ ਝਿੜਕਦੇ ਜਿਸ ਤਰ੍ਹਾਂ ਬੱਚਿਆਂ ਨੂੰ, ਓਦਾਂ ਹੈ ਅਧਿਕਾਰ, ਅਧਿਆਪਕਾਂ ਦਾ।

ਓਹ ਤਾਂ ਕਦੇ ਵੀ ਸਫਲ ਨਾ ਹੋਏ, ਜਿਹੜਾ, ਦੇਵੇ ਡਰ ਉਤਾਰ ਅਧਿਆਪਕਾਂ ਦਾ।

ਆਪਣੇ ਆਪ ਹੀ ਖਾਸ ਪਰਭਾਵ ਪਾਉਂਦੈ, ਉੱਚਾ ਸੁੱਚਾ ਕਿਰਦਾਰ ਅਧਿਆਪਕਾਂ ਦਾ।

ਜਿੰਨਾਂ ਹੋ ਸਕਦੈ, ਉਸ ਤੋਂ ਵੱਧ ਕਰੀਏ, ‘ਜਾਚਕ’ ਮਾਣ ਸਤਿਕਾਰ, ਅਧਿਆਪਕਾਂ ਦਾ।