Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਪੰਜਾਬੀ ਮਾਂ ਬੋਲੀ ਸੰਬੰਧੀ ਕਵਿਤਾਵਾਂ

ਪੰਜਾਬੀ ਮਾਂ ਬੋਲੀ ਸੰਬੰਧੀ ਕਵਿਤਾਵਾਂ

by Dr. Hari Singh Jachak
Poem on Punjabi Maa Boli

ਪੰਜਾਬੀ ਮਾਂ ਬੋਲੀ ਸੰਬੰਧੀ ਕਵਿਤਾਵਾਂ

ਪੰਜਾਬੀ ਮਾਂ ਬੋਲੀ

ਗੁਰੂਆਂ, ਪੀਰਾਂ,ਫਕੀਰਾਂ ਦੀ ਇਹ ਧਰਤੀ, ਮਿੱਠੀ ਬੋਲੀ ਇਸ ਪਾਵਨ ਪੰਜਾਬ ਦੀ ਏ।

ਵਗ ਰਹੇ ਨੇ ਰਾਵੀ ਬਿਆਸ ਜਿਥੇ, ਬੋਲੀ ਸਤਿਲੁਜ ਤੇ ਜਿਹਲਮ ਚਨਾਬ ਦੀ ਏ।

ਸਾਹਿਤਕਾਰਾਂ ਨੇ ਕਲਮ ਦੇ ਨਾਲ ਇਸ ਵਿੱਚ, ਮਿਸ਼ਰੀ ਘੋਲੀ ਕੋਈ ਬੇਹਿਸਾਬ ਦੀ ਏ।

ਮਹਿਕਾਂ ਵੰਡ ਰਹੀ ਸਾਰੇ ਸੰਸਾਰ ਅੰਦਰ, ਮਹਿਕ ਏਸ ਵਿੱਚ ਫੁੱਲ ਗੁਲਾਬ ਦੀ ਏ।

 

ਗੁਰੂਆਂ, ਭਗਤਾਂ ਦੀ ਬਾਣੀ ਨੂੰ ਕਰ ਕੱਠਿਆਂ, ਪੰਚਮ ਪਿਤਾ ਕੀਤੀ ਨੂਰ-ਨੂਰ ਬੋਲੀ।

‘ਧੁਰ ਕੀ ਬਾਣੀ’ ਨੂੰ ਏਸ ਵਿੱਚ ਜਦੋਂ ਪੜ੍ਹਦੇ, ਸਾਨੂੰ ਦੇਂਦੀ ਅਗੰਮੀ ਸਰੂਰ ਬੋਲੀ।

ਸਮੇਂ ਸਮੇਂ ਪੰਜਾਬੀ ਦੇ ਸਾਹਿਤਕਾਰਾਂ, ਸੋਹਣੇ ਸ਼ਬਦਾਂ ਨਾਲ ਕੀਤੀ ਭਰਪੂਰ ਬੋਲੀ।

ਬੁਲੇ ਸ਼ਾਹ, ਵਾਰਸ, ਹਾਸ਼ਮ ਵਰਗਿਆਂ ਨੇ, ਕੀਤੀ ਜੱਗ ਦੇ ਵਿੱਚ ਮਸ਼ਹੂਰ ਬੋਲੀ।

 

ਵਾਰਾਂ ਤਾਈਂ ਪੰਜਾਬੀ ਦੇ ਵਿੱਚ ਰਚ ਕੇ, ਇਹਦਾ ਮੁੱਖ ਚਮਕਾਇਆ ਗੁਰਦਾਸ ਜੀ ਨੇ।

ਅਲੰਕਾਰਾਂ, ਤਛਬੀਹਾਂ ਦੇ ਨਾਲ ਜੜ੍ਹ ਕੇ, ਇਹਦਾ ਦਰਸ਼ਨ ਕਰਵਾਇਆ ਗੁਰਦਾਸ ਜੀ ਨੇ।

ਹਰ ਇਕ ਵਾਰ ਅੰਦਰ ਹੈਸੀ ਭਰ ਦਿੱਤਾ, ਸ਼ਬਦਾਂ ਵਾਲਾ ਸਰਮਾਇਆ ਗੁਰਦਾਸ ਜੀ ਨੇ।

ਆਪਣੀ ਬੋਲੀ ਤੇ ਛੈਲੀ ਨੂੰ ਜੱਗ ਅੰਦਰ, ਸਿਖਰਾਂ ਉਤੇ ਪਹੁੰਚਾਇਆ ਗੁਰਦਾਸ ਜੀ ਨੇ।

 

ਦੁਨੀਆਂ ਵਿੱਚ ਪੰਜਾਬੀ ਹਰ ਥਾਂ ਜਾ ਕੇ, ਕਿਸਮਤ ਆਪਣੀ ਦੇ ਵਰਕੇ ਫੋਲਦੇ ਨੇ।

ਕਰਦੇ ਨੌਕਰੀ ਜਾਂ ਪੜ੍ਹਾਈ ਭਾਵੇਂ, ਜਾਂ ਫਿਰ ਕਿਤੇ ਜਾ ਕੇ ਬਿਜਨਸ ਖੋਲਦੇ ਨੇ।

ਇੰਗਲਿਸ਼, ਹਿੰਦੀ ਜਾਂ ਬੋਲਦੇ ਹੋਰ ਭਾਸ਼ਾ, ਬੋਲ ਬੋਲ ਅੰਦਰ ਰਸ ਘੋਲਦੇ ਨੇ।

ਪਰ ਹਰ ਬੋਲ ਦਾ ਓਦੋਂ ਹੀ ਮਜ਼ਾ ਆਉਂਦੈ, ਜਦ ਪੰਜਾਬੀ, ਪੰਜਾਬੀ ਵਿੱਚ ਬੋਲਦੇ ਨੇ।

 

ਜਿਨ੍ਹੇ ਮਰਜੀ ਕੋਈ ਏਸ ਨੂੰ ਬੰਨ੍ਹ ਲਾ ਲਏ, ਇਹ ਨਹੀਂ ਕਿਸੇ ਦੇ ਰੋਕਿਆਂ ਰੁਕ ਸਕਣੀ।

ਰਹੂ ਪੰਜਾਂ ਦਰਿਆਵਾਂ ਦੇ ਵਾਂਗ ਵਗਦੀ, ਕਿਸੇ ਸੋਕੇ ਤੋਂ ਇਹ ਨਹੀਂ ਸੁੱਕ ਸਕਣੀ।

ਮਹਾਰਾਣੀ ਇਹ ਰਹੂਗੀ ਮਹਾਰਾਣੀ, ਕਿਸੇ ਰਾਣੀ ਦੇ ਅੱਗੇ ਨਹੀਂ ਝੁਕ ਸਕਣੀ।

ਕਰਦੇ ਰਹੇ ਜੇ ਅਸੀਂ ਸਤਿਕਾਰ ਇਸਦਾ, ਨਾ ਇਹ ਮਰ ਸਕਣੀ ਨਾ ਹੀ ਮੁਕ ਸਕਣੀ।

 

ਰਚੀ ਮਿਚੀ ਹੈ ਖੂਨ ਦੇ ਵਿੱਚ ਸਾਡੇ, ਮਾਂ ਦੇ ਦੁੱਧ ’ਚੋਂ ਮਿਲੀ ਇਹ ਮਾਂ ਬੋਲੀ।

ਗੁਰੂ ਸਾਹਿਬ ਵੀ ਬੋਲਦੇ ਰਹੇ ਇਸ ਨੂੰ, ਸਭ ਤੋਂ ਉੱਚੀ ਤੇ ਸੁੱਚੀ ਇਹ ਤਾਂ ਬੋਲੀ।

ਜਿਹੜੀ ਸਦਾ ਹੀ ਸਾਨੂੰ ਹੈ ਸੁੱਖ ਦੇਂਦੀ, ਗੂੜ੍ਹੀ, ਠੰਢੀ ਤੇ ਸੰਘਣੀ ਛਾਂ ਬੋਲੀ।

ਘਰ, ਪਰਵਾਰ, ਵਪਾਰ, ਸਰਕਾਰ ਅੰਦਰ, ਸਦਾ ਰਹੇ ਇਹ ਪਹਿਲੀ ਹੀ ਥਾਂ ਬੋਲੀ।

 

ਮਾਵਾਂ ਸਦਾ ਹੀ ਠੰਡੀਆਂ ਦੇਣ ਛਾਵਾਂ, ਮਾਂ ਬੋਲੀ ਦਾ ਪੂਰਨ ਸਤਿਕਾਰ ਰੱਖੀਏ।

ਇਹਦੇ ਅੱਖਰਾਂ ਦੇ ਸੁੱਚੇ ਮੋਤੀਆਂ ਨੂੰ, ਗਲੇ ਵਾਲਾ ਬਣਾ ਕੇ ਹਾਰ ਰੱਖੀਏ।

ਮਿਲੇ ਮਾਣ ਪੰਜਾਬੀ ਨੂੰ ਜੱਗ ਅੰਦਰ, ਏਸ ਗੱਲ ਨੂੰ ਦਿਲ ਵਿੱਚ ਧਾਰ ਰੱਖੀਏ।

ਪਿੰਡਾਂ, ਸ਼ਹਿਰਾਂ ਤੇ ਦੇਸ਼ ਵਿਦੇਸ਼ ਅੰਦਰ, ਮਾਂ ਬੋਲੀ ਨਾਲ ‘ਜਾਚਕ’ ਪਿਆਰ ਰੱਖੀਏ।