Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਨਸ਼ੇ ਅਤੇ ਸਮਾਜ ਸੰਬੰਧੀ ਕਵਿਤਾਵਾਂ

ਨਸ਼ੇ ਅਤੇ ਸਮਾਜ ਸੰਬੰਧੀ ਕਵਿਤਾਵਾਂ

by Dr. Hari Singh Jachak
Poem on Nashe and Samaaj

ਨਸ਼ੇ ਅਤੇ ਸਮਾਜ ਸੰਬੰਧੀ ਕਵਿਤਾਵਾਂ

ਨਸ਼ੇ ਅਤੇ ਸਮਾਜ

ਚੱਪੇ ਚੱਪੇ ਪੰਜਾਬ ਦੀ ਧਰਤ ਤੇ ਅੱਜ, ਭੈੜੇ ਨਸ਼ਿਆਂ ਦਾ ਬੜਾ ਪਾਸਾਰ ਹੋਇਐ।

ਖਾਸ ਤੌਰ ਤੇ ਨੌਜੁਆਨ ਤਬਕਾ, ਏਸ ਕੋਹੜ ਦਾ ਅੱਜ ਸ਼ਿਕਾਰ ਹੋਇਐ।

ਰੱਖ ਰੱਖ ਤੰਬਾਕੂ ਨੂੰ ਮੂੰਹ ਅੰਦਰ, ਮੂੰਹ ਦੇ ਕੈਂਸਰ ਦੇ ਨਾਲ ਬਿਮਾਰ ਹੋਇਐ।

ਲੱਗ ਰਹੀਆਂ ਬਿਮਾਰੀਆਂ ਜਾਨ ਲੇਵਾ, ਸਿਹਤ ਲਈ ਇਹ ਬਣਿਆ ਵੰਗਾਰ ਹੋਇਐ।

 

ਭੈੜੇ ਨਸ਼ਿਆਂ ਦੇ ਮਾਰੂ ਪ੍ਰਭਾਵ ਕਾਰਣ, ਕਈ ਘਰਾਂ ਦੇ ਘਰ ਤਬਾਹ ਹੋ ਗਏ।

ਜਿੱਥੇ ਜਿਥੇ ਵੀ ਏਸ ਨੇ ਪੈਰ ਪਾਏ, ਸੁਖ ਚੈਨ ਸਭ ਸੜ ਸੁਆਹ ਹੋ ਗਏ।

ਨੌਜਵਾਨ ਜੋ ਖਾ ਰਹੇ ਨਸ਼ਾ ਚਿੱਟਾ, ਰੰਗ ਓਨ੍ਹਾਂ ਦੇ ਚਿੱਟੇ ਕਪਾਹ ਹੋ ਗਏ।

ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਏ, ਮਾਲਕ ਬਾਗ ਦੇ ਬੇ-ਪ੍ਰਵਾਹ ਹੋ ਗਏ।

 

ਲਗਭਗ ਹਰ ਇਕ ਘਰ ਵਿੱਚ ਘੁੰਮ ਰਹੀ ਏ, ਚਿੱਟੇ ਰੂਪ ਅੰਦਰ, ਕਾਲੀ ਡੈਣ ਅਜਕਲ।

ਨੌਜਵਾਨਾਂ ਦੇ ਖੂਨ ਨੂੰ ਪੀ ਪੀ ਕੇ, ਖੁਸ਼ ਹੋ ਰਹੀ ਮੌਤ ਦੀ ਭੈਣ ਅਜਕਲ।

ਇਹਦੇ ਨਾਲ ਹੈ ਰਾਤਾਂ ਦੀ ਨੀਂਦ ਉਡੀ, ਉਡ ਚੁੱਕਾ ਏ ਸੁੱਖ ਤੇ ਚੈਨ ਅਜਕਲ।

ਖੋਹ ਲਏ ਨੇ ਮਾਵਾਂ ਦੇ ਪੁੱਤ ਇਸ ਨੇ, ਘਰ ਘਰ ’ਚ ਪੈ ਰਹੇ ਵੈਣ ਅਜਕਲ।

 

ਹੱਥ ਵਿੱਚ ਕਲਮ ਦੀ ਥਾਂ ਤੇ ਫੜ ਟੀਕੇ, ਨੌਜਵਾਨਾਂ, ਜਵਾਨੀਆਂ ਰੋਲੀਆਂ ਨੇ।

ਚੰਗੀ ਚੀਜ ਦੀ ਥਾਂ ਤੇ ਵਿੱਚ ਜੇਬਾਂ, ਪਾਈ ਫਿਰਦੇ ਇਹ ਨਸ਼ੇ ਦੀਆਂ ਗੋਲੀਆਂ ਨੇ।

ਦੁੱਧ ਪੀਣ ਦੀ ਥਾਂ ਤੇ ਨਸ਼ੇ ਪੀ ਕੇ, ਆਪਣੇ ਖੂਨ ਅੰਦਰ ਜਹਿਰਾਂ ਘੋਲੀਆਂ ਨੇ।

ਜਾਣ ਬੁਝ ਕੇ ਜਾਨ ਦੇ ਬਣੇ ਦੁਸ਼ਮਣ, ਜਾਨਾਂ ਮੌਤ ਦੀ ਤੱਕੜੀ ਤੋਲੀਆਂ ਨੇ।

 

ਪਤੀ ਜਿਨ੍ਹਾਂ ਦੇ ਨੇ ਨਸ਼ਈ ਹੁੰਦੇ, ਉਹ ਤਾਂ ਰੱਤ ਦੇ ਹੰਝੂ ਵਗਾਉਂਦੀਆਂ ਨੇ।

ਪਤਾ ਨਹੀਂ ‘ਸ਼ਰਾਬੀ’ ਨੇ ਕਦੋਂ ਆਉਣੈ, ਤਾਰੇ ਗਿਣਦਿਆਂ ਰਾਤਾਂ ਲੰਘਾਉਂਦੀਆਂ ਨੇ।

ਭਾਂਡੇ ਸਦਾ ਹੀ ਉਥੇ ਤਾਂ ਖੜਕਦੇ ਨੇ, ਜਿੱਥੇ ‘ਨਸ਼ੇ’ ਦੀਆਂ ਬੋਤਲਾਂ ਆਉਂਦੀਆਂ ਨੇ।

ਚਰਸ, ਤੰਬਾਕੂ, ਅਫੀਮ, ਸਮਾਜ ਅੰਦਰ, ਲਾ ਇਲਾਜ ਬਿਮਾਰੀ ਫੈਲਾਉਂਦੀਆ ਨੇ।

 

ਸਰਕਾਰੀ ਆਮਦਨ ’ਚ ਵਾਧਾ ਕਰਨ ਦੇ ਲਈ, ਥਾਂ ਥਾਂ ਤੇ ‘ਠੇਕੇ’ ਖੁਲਵਾਈ ਜਾਂਦੇ।

ਹੱਸਦੇ, ਵਸਦੇ ਤੇ ਰਸਦੇ ਘਰਾਂ ਅੰਦਰ, ਅੱਗ ਅਮਨ ਤੇ ਚੈਨ ਨੂੰ ਲਾਈ ਜਾਂਦੇ।

ਵਿਆਹਾਂ ਵਿੱਚ ਵੀ ਸ਼ਰੇਆਮ ਲੋਕੀ, ਇਹ ‘ਸ਼ਰਾਰਤ ਦਾ ਪਾਣੀ’ ਵਰਤਾਈ ਜਾਂਦੇ।

ਹੋ ਜਾਂਦੇ ਨੇ ਨਸ਼ਿਆਂ ਦੇ ਜੋ ਆਦੀ, ਦਰ ਦਰ ਦੀਆਂ ਠੋਕਰਾਂ ਖਾਈ ਜਾਂਦੇ।

 

ਪਾਵਨ ਧਰਤੀ ਤੇ ਨਸ਼ਿਆਂ ਦਾ ਰਾਜ ਹੋਣੈ, ਨਹੀਂ ਸੋਚਿਆ ਕਦੇ ਸੀ ਖਾਬ ਅੰਦਰ।

ਪਿੰਡ ਸ਼ਹਿਰ ਤੇ ਕਸਬੇ ਹੁਣ ਡੁੱਬ ਰਹੇ ਨੇ, ਆਏ ਹੋਏ ਇਸ ਹੜ੍ਹ ਸ਼ਰਾਬ ਅੰਦਰ।

ਇਸ ਬਿਮਾਰੀ ਤੋਂ ਖਹਿੜਾ ਛੁਡਾਉਣ ਦੇ ਲਈ, ਹੋਏ ਹੋਏ ਨੇ ਸਾਰੇ ਬੇ-ਤਾਬ ਅੰਦਰ।

ਹਰਿਆਣਾ, ਆਂਧਰਾ, ਕੇਰਲ, ਗੁਜਰਾਤ ਵਾਂਗੂੰ, ਨਸ਼ਾਬੰਦੀ ਹੋਏ ਅਣਖੀ ਪੰਜਾਬ ਅੰਦਰ।

 

ਜਿਹੜੇ ਚਾਹੁੰਦੇ ਸਮਾਜ ਸੁਧਾਰ ਕਰਨਾ, ਬਚ ਸਕਦੇ ਨਹੀਂ ਜਿੰਮੇਵਾਰੀਆਂ ਤੋਂ।

ਥਾਂ ਥਾਂ ਤੇ ‘ਮਾਰਚ’ ਕਰਵਾਏ ਜਾਵਣ, ਜਥੇਬੰਦੀਆਂ, ਸੰਸਥਾਵਾਂ ਸਾਰੀਆਂ ਤੋਂ।

ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਤੋਂ, ਨਸ਼ਾ ਲਈਏ ਹੁਣ ਨਾਮ ਖੁਮਾਰੀਆਂ ਤੋਂ।

ਨਸਿਆਂ ਵਿਰੁੱਧ ਮੁਹਿੰਮ ਚਲਾ ‘ਜਾਚਕ’ ਬਚਾਈਏ ਸਮਾਜ ਭਿਆਨਕ ਬਿਮਾਰੀਆਂ ਤੋਂ।