Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਮੇਰੇ ਪਿਤਾ ਜੀ

ਮੇਰੇ ਪਿਤਾ ਜੀ

by Dr. Hari Singh Jachak
Mere Pita Ji

ਮੇਰੇ ਪਿਤਾ ਜੀ

ਮੇਰੇ ਪਿਤਾ ਜੀ

ਪੜਿਓ ਲਾ ਕੇ ਧਿਆਨ ਇਹ ਸਾਰੇ। ਮੇਰੇ ਪਿਤਾ ‘ਮਹਿਤਾਬ ਸਿੰਘ’ ਬਾਰੇ।

ਪਾਕਿਸਤਾਨ ਤੋਂ ਏਧਰ ਆਏ। ਦੇਸ਼-ਵੰਡ ਤੇ ਦੁੱਖ ਉਠਾਏ ।

ਰੱਬ ਦਾ ਮਿੱਠਾ ਮੰਨ ਕੇ ਭਾਣਾ। ਪਹੁੰਚ ਗਏ ਆਖਰ ਲੁਧਿਆਣਾ।

ਸਿਰ ਤੇ ਸਹੀ ਜੋ ਹੋਈ ਬੀਤੀ। ਏਧਰ ਆ ਕੇ ਮਿਹਨਤ ਕੀਤੀ।

 

ਭੁੱਲ ਕੇ ਓਧਰ ਦੇ ਸਭ ਗਮ। ਸ਼ੁਰੂ ਕੀਤਾ ਕਪੜੇ ਦਾ ਕੰਮ।

ਪਿੰਡਾਂ ਵਿੱਚ ਸਨ ਫੇਰੀ ਲਾਉਂਦੇ। ਕਦੇ ਕਦੇ ਸੋਢੀ ਨਗਰ ਆਉਂਦੇ।

ਏਥੇ ਫਿਰ ਘਰ ਬਾਰ ਬਣਾਏ। ਏਥੇ ਫਿਰ ਪਰਿਵਾਰ ਲਿਆਏ।

ਬਹੁਤ ਹੀ ਵੱਡਾ ਸੀ ਪਰਿਵਾਰ। ਬਹੁਤ ਵਧੀਆ ਦਿੱਤੇ ਸੰਸਕਾਰ।

 

ਏਥੇ ਹੀ ਮੈਂ ਦੁਨੀਆਂ ਵਿੱਚ ਆਇਆ। ਮਾਤਾ ਰਾਮ ਕੌਰ ਨੇ ਜਾਇਆ।

ਭੈਣ ‘ਹਰਬੰਸ’ ਜੋ ਗੱਲ ਸੁਣਾਈ। ਓਹ ਵੀ ਅੱਜ ਯਾਦ ਫਿਰ ਆਈ।

ਮੇਰੇ ਨਾਮਕਰਨ ਦੇ ਬਾਰੇ। ਪਹੁੰਚੇ ਸਨ ਸਭ ਗੁਰਦੁਆਰੇ।

ਹੁਕਮਨਾਮਾ ਜਦ ਗਿਆ ਸੁਣਾਇਆ। ਪਹਿਲਾ ਅੱਖਰ ‘ਹ’ ਆਇਆ।

 

ਪਿਤਾ ਜੀ ਨੇ ਸੀ ਬਚਨ ਅਲਾਏ। ਇਹ ਤਾਂ ਮੇਰੇ ‘ਵੱਡਕੇ’ ਆਏ।

‘ਭਾਈ ਹਰੀਆ’ ਸੀ ਓਨ੍ਹਾਂ ਦਾ ਨਾਮ। ਗੁਰਮਤਿ ਦਾ ਜੀਹਨਾਂ ਦਿੱਤਾ ਪੈਗਾਮ।

ਕਰਕੇ ਯਾਦ ਤੇ ਕਰ ਪਰਣਾਮ। ‘ਹਰੀ ਸਿੰਘ’ ਮੇਰਾ ਰੱਖਿਆ ਨਾਮ।

ਬਚਪਨ ਦੇ ਦਿਨ ਯਾਦ ਓਹ ਆਏ। ਨਾਲ ਓਨ੍ਹਾਂ ਦੀ ਯਾਦ ਲਿਆਏ।

 

ਪਿਤਾ ਜੀ ਹੈਸਨ ਬੜੇ ਸਿਆਣੇ। ਹਰ ਇਕ ਦੇ ਜਾਣੇ ਪਹਿਚਾਣੇ।

ਨਾਲ ਮਾਣ ਦੇ ਮੈਂ ਇਹ ਕਹਿੰਦਾ। ਚਿਹਰੇ ਤੇ ਸਦਾ ਨੂਰ ਸੀ ਰਹਿੰਦਾ।

ਕੱਚਾ ਪੱਕਾ ਸੀ ਮਕਾਨ। ਕੱਪੜੇ ਦੀ ਵੀ ਸੀ ਦੁਕਾਨ।

ਨਾਲ ਦੀ ਨਾਲ ਸੀ ਖੇਤੀ ਕਰਦੇ। ਗੁਰਦੁਆਰੇ ਵੀ ਹਾਜ਼ਰੀ ਭਰਦੇ।

 

ਜਾਂਦੇ ਸਾਰੇ ਜੀਅ ਸੀ ਘਰ ਦੇ। ਪਿੰਡ ਦੇ ਲੋਕ ਸੀ ਆਦਰ ਕਰਦੇ।

ਉਮਰੋਂ ਸਾਂ ਮੈਂ ਅਜੇ ਨਿਆਣਾ। ਪਿਤਾ ਜੀ ਨਾਲ ਖੇਤਾਂ ਵਿੱਚ ਜਾਣਾ।

ਇਕਬਾਲ ਸਿੰਘ ਮੇਰਾ ਵੱਡਾ ਭਾਈ। ਦੋਵੇਂ ਰੱਖਦੇ ਰੌਣਕ ਲਾਈ।

ਖੇਤਾਂ ਵਿੱਚ ਸਾਂ ਸਮਾਂ ਬਿਤਾਉਂਦੇ। ਪਿਤਾ ਜੀ ਸਾਨੂੰ ਸਾਖੀਆਂ ਸੁਣਾਉਂਦੇ।

 

ਖੁਸ਼ੀ ਖੁਸ਼ੀ ਅਸੀਂ ਕੰਮ ਸੀ ਕਰਦੇ। ਖੇਚਲ ਤੋਂ ਅਸੀਂ ਕਦੇ ਨਾ ਡਰਦੇ।

ਕਣਕ ਵੱਢ ਕੇ ‘ਭਰੀਆਂ’ ਲਾਉਂਦੇ। ਰੱਸਾ ਬੰਨ੍ਹ ਕੇ ਫੇਰ ਟਿਕਾਉਂਦੇ।

ਇਕ ਦਿਨ ‘ਭਰੀ’ ਜਦ ਬੰਨਣ ਲੱਗੇ। ਆ ਗਿਆ ਫਨੀਅਰ ਨਾਗ ਸੀ ਅੱਗੇ।

ਪਿਤਾ ਜੀ ਕਹਿੰਦੇ, ਵਾਹ ਬਈ ਵਾਹ। ਜਾਹ ਹੁਣ ਆਪਣੇ ਘਰ ਤੂੰ ਜਾਹ।

 

ਸਮਝ ਓਹ ਕੋਈ ਵਲਵਲਾ ਗਿਆ ਸੀ। ਵਲ ਖਾਂਦਾ ਓਹ ਚਲਾ ਗਿਆ ਸੀ।

ਯਾਦ ਆਈ ਇਕ ਹੋਰ ਹੈ ਘਟਨਾ। ਇਹ ਵੀ ਦੱਸਣੋਂ ਨਹੀਂ ਮੈਂ ਹਟਨਾ।

ਖੇਤਾਂ ਵਿੱਚ ਕੰਮ ਕਰਦਿਆਂ ਆਮ। ਸੂਰਜ ਢਲ ਗਿਆ,ਪੈ ਗਈ ਸ਼ਾਮ।

ਇਕਦਮ ਆ ਗਿਆ ਸੀ ਤੁਫਾਨ। ਸਭ ਨੂੰ ਕਰ ਗਿਆ ਸੀ ਪਰੇਸ਼ਾਨ।

 

ਸ਼ਾਮ ਸੀ ਬਣ ਗਈ ਕਾਲੀ ਰਾਤ। ਮੋਹਲੇਧਾਰ ਹੋਈ ਬਰਸਾਤ।

ਸਾਨੂੰ ਦੋਹਾਂ ਨੂੰ ਪਿਤਾ ਜੀ ਕਹਿੰਦੇ। ਅੱਜ ਹਾਂ ਆਪਾਂ ਏਥੇ ਈ ਰਹਿੰਦੇ।

ਮੋਟਰ ਲਈ ਜੋ ਕਮਰਾ ਬਣਾਇਆ। ਓਹਦੇ ਅੰਦਰ ਮੰਜਾ ਡਾਹਿਆ।

ਜਿਵੇਂ ਹੀ ਕੀਤਾ ਇਹ ਪਰਬੰਧ। ਬਿਜਲੀ ਹੋ ਗਈ ਨਾਲ ਹੀ ਬੰਦ।

 

ਕਮਰੇ ਵਿੱਚ ਅਸੀਂ ਤਿੰਨੋਂ ਈ ਰਹਿ ਗਏ। ਤਿੰਨੋਂ ਇਕ ਮੰਜੇ ਤੇ ਪੈ ਗਏ।

ਮੰਜੇ ਤੇ ਅਸੀਂ ਲੇਟੇ ਲੇਟੇ। ਮਾਰ ਰਹੇ ਸਾਂ ਅਸੀਂ ਪਲਸੇਟੇ।

ਪਿਤਾ ਜੀ ਨੇ ਗਲਵੱਕੜੀ ਪਾਈ। ਪਾਉਦਿਆਂ ਸਹਿਜ ਅਵੱਸਥਾ ਆਈ।

ਅਜੇ ਵੀ ਅਸੀਂ ਨਹੀਂ ਸਾਂ ਸੁੱਤੇ। ਲੜ ਰਹੇ ਭੂੰਡ ਸੀ ਪੈਰਾਂ ਉਤੇ।

 

ਅਸੀਂ ਕਿਹਾ ਭੂੰਡ ਨੇ ਲੜ ਰਹੇ। ਲੋਈ ਦੇ ਇਹ ਅੰਦਰ ਵੜ ਰਹੇ।

ਓਨ੍ਹਾਂ ਘੁੱਟ ਕਲੇਜੇ ਲਾਇਆ। ਨਾਲ ਹੀ ਮੁੱਖੋਂ ਇੰਝ ਸੁਣਾਇਆ।

ਭੂੰਡ ਨਹੀਂ ਇਹ ਹੈ ਕੰਡਿਆਰੀ। ਬਾਹਰੋਂ ਉੱਡ ਕੇ ਆਈ ਜੋ ਸਾਰੀ।

ਚਿੰਤਾ ਦੀ ਨਹੀਂ ਗੱਲ ਇਹ ਕੋਈ। ਚੰਗੀ ਤਰ੍ਹਾਂ ਤੁਸੀਂ ਲੈ ਲਓ ਲੋਈ।

 

ਓਨ੍ਹਾਂ ‘ਕੀਰਤਨ ਸੋਹਿਲਾ’ ਕੀਤਾ। ਅੱਲੇ ਜਖਮਾਂ ਦੇ ਤਾਈਂ ਸੀਤਾ।

ਪੀੜ ਨਾਲ ਪਰ ਕਿੱਦਾਂ ਸੌਂਦੇ। ਰਹੇ ਪੈਰ ਨਾਲ ਪੈਰ ਘਸਾਉਂਦੇ।

ਪਿਤਾ ਸੀ ਸੀਨੇ ਨਾਲ ਲਗਾ ਰਹੇ। ਨਾਲ ਸੀ ਸਾਨੂੰ ਸਾਖੀਆਂ ਸੁਣਾ ਰਹੇ।

ਸੁਣਦਿਆਂ ਸੁਣਦਿਆਂ ਨਿਕਲੀ ਰਾਤ। ਆਖਰ ਹੋ ਗਈ ਸੀ ਪਰਭਾਤ।

 

ਜਿਵੇਂ ਹੀ ਅਸੀਂ ਉੱਠ ਕੇ ਬਹੀਏ। ਨਾਲ ਦੀ ਨਾਲ ਹੀ ਲੰਮੇ ਪਈਏ।

ਰਹੀ ਨਾ ਸਾਡੀ ਸੀ ਕੋਈ ਖੈਰ। ਸੁੱਜੇ ਪਏ ਸਨ ਲੱਤਾਂ ਪੈਰ।

ਸੱਚੋ ਸੱਚ ਇਹ ਹਰ ਇਕ ਅੱਖਰ। ਛੱਤ ਤੇ ਸੀ ਭੂੰਡਾਂ ਦੀ ਖੱਖਰ।

’ਨੇਰੀ ਨਾਲ ਸੀ ਡਿੱਗਦੇ ਥੱਲੇ। ਡੰਗ ਮਾਰਦੇ ਕੱਲੇ ਕੱਲੇ।

 

ਪਿਤਾ ਨੂੰ ਕਿਹਾ ਅਸਾਂ ਵਾਰੋ ਵਾਰੀ। ਤੁਸੀਂ ਤਾਂ ਕਹਿੰਦੇ ਸੀ ਕੰਡਿਆਰੀ।

ਅੱਗੋਂ ਕਹਿਣ ਲੱਗੇ ਓਹ ਹੱਸ ਕੇ। ਕੀ ਕਰਦਾ ਮੈਂ ਤੁਸਾਂ ਨੂੰ ਦੱਸ ਕੇ।

ਤੁਸਾਂ ਸੀ ਓਥੋਂ ਉੱਠ ਕੇ ਭੱਜਣਾ। ਰਾਤ ਨੂੰ ਕੰਧਾਂ ਵਿੱਚ ਸੀ ਵੱਜਣਾ।

ਰਾਤ ਸੀ ਏਥੋਂ ਕਿਧਰ ਜਾਣਾ। ਹੋਰ ਵੀ ਤਾਂ ਨਹੀਂ ਸੀ ਕੋਈ ਟਿਕਾਣਾ।

 

ਮੇਰਾ ਮਕਸਦ ਸੀ ਚੰਨ ਮੱਖਣਾ। ‘ਚੜ੍ਹਦੀ ਕਲਾ’ ’ਚ ਤੁਸਾਂ ਨੂੰ ਰੱਖਣਾ।

ਯਾਦ ਪਟਾਰੀ ਖੋਲ ਹਾਂ ਬੈਠਾ। ਸੱਚੋ ਸੱਚ ਮੈਂ ਬੋਲ ਹਾਂ ਬੈਠਾ।

ਸਭ ਤੋਂ ਛੋਟਾ ਸਾਂ ਮੈ ਲਾਲ। ਉਮਰ ਮੇਰੀ ਸੀ ਬਾਰਾਂ ਕੁ ਸਾਲ।

ਪਿਤਾ ਜੀ ਹੋ ਗਏ ਸਖਤ ਬਿਮਾਰ। ਛੱਡ ਕੇ ਜਾ ਰਹੇ ਸੀ ਸੰਸਾਰ।

 

ਨਿਕਲ ਆਈ ਹਰ ਥਾਂ ਛਪਾਕੀ। ਰਹਿ ਗਿਆ ਕੁਝ ਕੁ ਸਮਾਂ ਸੀ ਬਾਕੀ।

ਲੈ ਰਹੇ ਸਨ ਜਦ ਅੰਤਿਮ ਸੁਆਸ। ਮੈਂ ਵੀ ਖੜਾ ਸਾਂ ਓਨ੍ਹਾਂ ਪਾਸ।

ਕਰਦਾ ਪਿਆ ਸਾਂ ਮੈਂ ਅਰਦਾਸ। ਗੁਰ ਚਰਨਾਂ ਵਿੱਚ ਹੋਏ ਨਿਵਾਸ।

ਜਾਣ ਤੋਂ ਕਈ ਦਹਾਕੇ ਬਾਅਦ। ਕਰ ਰਿਹਾ ‘ਜਾਚਕ’ ਦਿਲ ਤੋਂ ਯਾਦ।