ਮਨੁੱਖੀ ਬਰਾਬਰਤਾ
ਮਨੁੱਖੀ ਬਰਾਬਰਤਾ
ਇਕੋ ਨੂਰ ਇਲਾਹੀ ਹੈ ਸਾਰਿਆਂ ’ਚ, ਏਹੋ ਦੱਸਦੇ ਧਰਮ ਪ੍ਰਮੁੱਖ ਸਾਰੇ।
ਫੁੱਲਾਂ ਵਿੱਚ ਸੁਗੰਧੀ ਹੈ ਜਿਵੇਂ ਹੁੰਦੀ, ਮਾਨਵ ਏਕਤਾ ਵਿੱਚ ਨੇ ਸੁੱਖ ਸਾਰੇ।
ਇਕੋ ਜਹੀ ਹੈ ਬਣਤ ਬਣਾਈ ਦਾਤੇ, ਜਨਮ ਲੈਂਦੇ ਹਾਂ ਮਾਤਾ ਦੀ ਕੁੱਖ ਸਾਰੇ।
ਇਕੋ ਪ੍ਰਭੂ ਦੀ ਹਾਂ ਸੰਤਾਨ ਆਪਾਂ, ਏਸੇ ਲਈ ਬਰਾਬਰ ਮਨੁੱਖ ਸਾਰੇ।
ਜਾਤਾਂ ਪਾਤਾਂ ਦੇ ਵੰਡ ਤੇ ਵਿਤਕਰੇ ਜੋ, ਮੰਨੂ ਸਿਮਰਤੀ ਦੀ ਪੈਦਾਵਾਰ ਸੀ ਇਹ।
ਮਾਨਵ ਮੱਥੇ ਜੋ ਸਦੀਆਂ ਤੋਂ ਹੈ ਲੱਗਾ, ਉਸ ਕਲੰਕ ਦੇ ਲਈ ਜਿੰਮੇਵਾਰ ਸੀ ਇਹ।
ਟੋਟੇ ਟੋਟੇ ਜਿਸ ਕੀਤਾ ਸਮਾਜ ਤਾਈਂ, ਤਿੱਖਾ ਤੇਜ਼ ਤੇ ਮਾਰੂ ਹਥਿਆਰ ਸੀ ਇਹ।
ਫੈਲੀ ਘਿਰਣਾ ਤੇ ਨਫ਼ਰਤ ਸੀ ਹਰ ਪਾਸੇ, ਮਾਨਵ ਜਾਤ ਲਈ ਵੱਡੀ ਵੰਗਾਰ ਸੀ ਇਹ।
ਇਕੋ ਪ੍ਰਭੂ ਦੇ ਜਾਏ ਹੋਏ ਬੰਦਿਆਂ ਨੂੰ, ਸ਼ੂਦਰ ਕਹਿ ਸਮਾਜ ’ਚੋਂ ਕੱਟ ਦਿੰਦੇ।
ਜੇ ਕੋਈ ਭੁੱਲ ਕੇ ਰੱਬ ਦਾ ਨਾਂ ਸੁਣ ਲਏ, ਸਿੱਕਾ ਢਾਲ ਕੇ ਕੰਨਾਂ ’ਚ ਝੱਟ ਦਿੰਦੇ।
ਪੈ ਜਾਏ ਪ੍ਰਛਾਵਾਂ ਜਾਂ ਨਾਲ ਲੱਗ ਜਾਏ,ਕੱਢ ਓਸਦੇ ਸਦਾ ਲਈ ਵੱਟ ਦਿੱਦੇ।
ਮੁਖੋਂ ਜਪੇ ਜੇ ਕੋਈ ਪ੍ਰਮਾਤਮਾਂ ਨੂੰ , ਜੀਭ ਓਸਦੀ ਸਦਾ ਲਈ ਕੱਟ ਦਿੰਦੇ।
ਇਕ ਪਿਤਾ ਤੇ ਓਸ ਦੇ ਅਸੀਂ ਪੁੱਤਰ, ਸਾਂਝੇ ਗੁਰਾਂ ਸੀ ਸਾਂਝੇ ਉਪਦੇਸ਼ ਦਿੱਤੇ।
ਇਕੋ ਮਾਲਾ ਦੇ ਅਸੀਂ ਹਾਂ ਸਭ ਮਣਕੇ, ਮਾਨਵ ਮਾਤਰ ਨੂੰ ਗੁਰਾਂ ਆਦੇਸ਼ ਦਿੱਤੇ।
ਇਕੋ ਰੂਪ ਹੈ ਸਾਰੀ ਮਨੁੱਖ ਜਾਤੀ , ਮੇਰ ਤੇਰ ਦੇ ਕੱਟ ਕਲੇਸ਼ ਦਿੱਤੇ।
ਹਰ ਇਕ ਦੇ ਵਿੱਚ ਓਹ ਆਪ ਵਸਦੈ, ਗੁਰਾਂ ਵਿਸ਼ਵ ਵਿਆਪੀ ਸੰਦੇਸ਼ ਦਿੱਤੇ।
ਸਮੇਂ ਸਮੇਂ ਤੇ ਗੁਰੂ ਸਾਹਿਬਾਨ ਜੀ ਨੇ, ਸੰਗਤ, ਪੰਗਤ ਤੇ ਕੀਤਾ ਇਸ਼ਨਾਨ ਸਾਂਝਾ।
ਜਾਤ ਜਨਮ ਤੇ ਵਰਨਾਂ ਨੂੰ ਛੱਡ ਕੇ ਤੇ, ਵੰਡਿਆ ਗੁਰਾਂ ਨੇ ਗੁਰਮਤਿ ਗਿਆਨ ਸਾਂਝਾ।
ਕਿਸੇ ਧਰਮ ਦਾ ਏਥੇ ਕੋਈ ਵਿਤਕਰਾ ਨਹੀਂ, ਹਰ ਇਕ ਸਿੱਖ, ਹਿੰਦੂ, ਮੁਸਲਮਾਨ ਸਾਂਝਾ।
ਵੱਖੋ ਵੱਖਰੇ ਭਾਵੇਂ ਹਾਂ ਨਾਂ ਲੈਂਦੇ, ਪਰ ਅੱਲਾ, ਵਾਹਿਗੁਰੂ ਅਤੇ ਭਗਵਾਨ ਸਾਂਝਾ।
ਹਰੀ ਮੰਦਰ ਦੀ ਨੀਂਹ ਰਖਵਾਈ ਸਤਿਗੁਰ, ਮੁਸਲਮਾਨ ਸਾਂਈਂ ਮੀਆਂ ਮੀਰ ਹੱਥੋਂ।
ਮੇਰ ਤੇਰ ਨਾ ਕੋਈ ਸੀ ਜੇਸ ਅੰਦਰ, ਸ਼ਾਂਤ ਚਿੱਤ ਉਸ ਗਹਿਰ ਗੰਭੀਰ ਹੱਥੋਂ।
ਗੁਰੂ ਘਰ ਨਾਲ ਜੇਸ ਦਾ ਮੋਹ ਹੈ ਸੀ, ਉਚ ਆਤਮਾਂ ਵਾਲੇ ਉਸ ਪੀਰ ਹੱਥੋਂ।
ਜਿਸ ਨਾਲ ਸਿੱਖੀ ਦਾ ਕੇਂਦਰ ਮਜਬੂਤ ਹੋਇਆ, ਸਰਬ ਸਾਂਝੇ ਉਸ ਰੱਬੀ ਫਕੀਰ ਹੱਥੋਂ।
ਨੌਂਵੇਂ ਗੁਰਾਂ ਦੇ ਪਾਸ ਜਦ ਆਏ ਪੰਡਤ, ਦੁਖ ਦਰਦ ਵੰਡਾਇਆ ਸੀ ਪਾਤਸ਼ਾਹ ਨੇ।
ਦੇਣਾ ਪੈਣਾ ਏ ਮੈਨੂੰ ਬਲੀਦਾਨ ਹੁਣ ਤਾਂ, ਆਪਣਾ ਮਨ ਬਣਾਇਆ ਸੀ ਪਾਤਸ਼ਾਹ ਨੇ।
ਠੱਲ ਪਾਉਣ ਲਈ ਜ਼ਾਲਮ ਦੇ ਜ਼ੁਲਮ ਤਾਂਈਂ, ਸਿਰ ’ਤੇ ਬੀੜਾ ਉਠਾਇਆ ਸੀ ਪਾਤਸ਼ਾਹ ਨੇ।
ਤਿਲਕ ਜੰਝੂ ਦੀ ਰੱਖਿਆ ਕਰਨ ਨਿਕਲੇ, ਭਾਂਵੇਂ ਜੰਝੂ ਨਾ ਪਾਇਆ ਸੀ ਪਾਤਸ਼ਾਹ ਨੇ।
ਕਿਵੇਂ ਚਾਂਦਨੀ ਚੌਂਕ ਵਿੱਚ ਸੀਸ ਦਿੱਤਾ, ਭਾਈ ਜੈਤੇ ਨੇ ਦੱਸਿਆ ਆ ਕੇ ਤੇ।
ਗੁਰਾਂ ਓਸ ਨੂੰ ਮਾਣ ਸਨਮਾਨ ਦਿਤਾ, ਧੁਰ ਅੰਦਰੋਂ ਉਹਨੂੰ ਵਡਿਆ ਕੇ ਤੇ।
ਜਿਹੜੇ ਸੀਸ ’ਤੇ ਚੁੱਕਿਆ ਸੀਸ ਪਾਵਨ, ਓਸ ਸੀਸ ਨੂੰ ਸੀਸ ਝੁਕਾ ਕੇ ਤੇ।
ਸੀਨੇ ਨਾਲ ‘ਰੰਘਰੇਟੇ’ ਨੂੰ ਲਾ ਲੀਤਾ, ‘ਜਾਚਕ’ ‘ਗੁਰੂ ਕਾ ਬੇਟਾ’ ਬਣਾ ਕੇ ਤੇ।
ਗੁਰਾਂ ਨੀਂਹ ਰੱਖੀ ਪੰਥ ਖਾਲਸੇ ਦੀ, ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ।
ਛੀਂਬੇ, ਨਾਈ, ਝੀਵਰ, ਖਤਰੀ, ਜੱਟ ਭਾਵੇਂ, ਲਾਇਆ ਨਾਲ ਸੀਨੇ ਗੁਰਾਂ ਸਾਰਿਆਂ ਨੂੰ।
ਸਿਰਾਂ ਵੱਟੇ ਸਰਦਾਰੀਆਂ ਬਖ਼ਸ਼ ਦਿੱਤੀਆਂ, ਡਿੱਗਿਆਂ, ਢੱਠਿਆਂ, ਬੇਸਹਾਰਿਆਂ ਨੂੰ।
ਫੇਰ ਉਨ੍ਹਾਂ ਤੋਂ ਛੱਕ ਕੇ ਆਪ ਅੰਮ੍ਰਿਤ, ਮਾਣ ਬਖਸ਼ਿਆ ਗੁਰੂ ਦੁਲਾਰਿਆਂ ਨੂੰ।
ਆਉ ਫਿਰ ਤੱਕੀਏ, ਪੁਰੀ ਅਨੰਦ ਅੰਦਰ, ਕਲਗੀ ਵਾਲੜਾ ਚੋਜ ਰਚਾ ਰਿਹਾ ਏ।
ਭਾਈ ਘਨੱਈਏ ਦੇ ਰੂਪ ਵਿੱਚ ਜੰਗ ਅੰਦਰ, ਪਾਣੀ ਫੱਟੜਾਂ ਤਾਂਈਂ ਪਿਲਾ ਰਿਹਾ ਏ।
ਕੀਤੀ ਸਿੰਘਾਂ ਸ਼ਕਾਇਤ ਤਾਂ ਗੁਰਾਂ ਕਿਹਾ, ਜਾ ਕੇ ਕਹੋ, ਦਸ਼ਮੇਸ਼ ਬੁਲਾ ਰਿਹਾ ਏ।
ਪੇਸ਼ ਹੋਇਆ ਘਨੱਈਆ ਤਾਂ ਕਿਹਾ ਸਤਿਗੁਰ, ਹਰ ਕੋਈ ਤੇਰੇ ਤੇ ਦੋਸ਼ ਅੱਜ ਲਾ ਰਿਹਾ ਏ।
ਹੱਥ ਜੋੜ ਘਨੱਈਆ ਜੀ ਕਹਿਣ ਲੱਗੇ, ਸਹੀ ਸਿੰਘਾਂ ਦਾ ਬਿਲਕੁਲ ਰੁੱਖ ਦਿਸਦੈ।
ਦੌੜ ਪੈਂਦਾ ਹਾਂ ਓਧਰ ਨੂੰ ਮਸ਼ਕ ਚੁੱਕ ਕੇ, ਪਾਣੀ ਮੰਗਦਾ ਜਿਧਰ ਮਨੁੱਖ ਦਿਸਦੈ।
ਹਿੰਦੂ, ਮੁਸਲਮ ਜਾਂ ਸਿੱਖ ਨਹੀਂ ਨਜ਼ਰ ਆਉਂਦੇ, ਮੈਨੂੰ ਸਿਰਫ ਦੁਖਿਆਰੇ ਦਾ ਦੁੱਖ ਦਿਸਦੈ।
ਸੱਚ ਪੁਛੋ ਤਾਂ ਮੈਨੂੰ ਬਸ ਤੁਸੀਂ ਦਿਸਦੇ,ਹਰ ਇਕ ਮੁੱਖ ਵਿੱਚੋਂ ਥੋਡਾ ਮੁੱਖ ਦਿਸਦੈ।
ਸਿੰਘਾਂ ਤਾਂਈ ਫਿਰ ਪਾਤਸ਼ਾਹ ਕਹਿਣ ਲੱਗੇ, ਇਹਦੇ ਲਈ ਕੋਈ ਵੈਰੀ, ਬਿਗਾਨਾ ਹੀ ਨਹੀਂ।
ਜਿੱਦਾਂ ਮਸਤ ਇਹ ਆਪਣੀ ਮੌਜ ਅੰਦਰ, ਇਹਦੇ ਜਿਹਾ ਕੋਈ ਹੋਰ ਦੀਵਾਨਾਂ ਹੀ ਨਹੀਂ।
ਅਸਲ ਵਿੱਚ ਹੈ ਮਾਨਸ ਦੀ ਜਾਤ ਇਕੋ, ਇਹਦੇ ਜਿਹਾ ਕੋਈ ਦਿਸਦਾ ਦਾਨਾਂ ਹੀ ਨਹੀਂ।
ਕਰਨਾ ਵਿਤਕਰਾ ਕਿਸੇ ਵੀ ਧਰਮ ਦੇ ਨਾਲ, ਸਾਡਾ ਮੰਤਵ ਜਾਂ ਕੋਈ ਨਿਸ਼ਾਨਾ ਹੀ ਨਹੀਂ।
ਮਾਨਕ ਮੋਤੀਆਂ ਵਾਂਗ ਨੇ ਸਭ ਹਿਰਦੇ, ਇਕ ਦੂਜੇ ਦੀ ਜਿੰਦ ਤੇ ਜਾਨ ਸਾਰੇ।
ਜਗਮਗ ਜਗ ਰਹੀ ਜੋਤ ਹਰ ਇਕ ਅੰਦਰ, ਇਕੋ ਪ੍ਰਭੂ ਦੀ ਹਾਂ ਸੰਤਾਨ ਸਾਰੇ।
ਭਲਾ ਸਦਾ ਸਰਬੱਤ ਦਾ ਮੰਗਣਾ ਏ,ਏਹੋ ਕਹਿੰਦੇ ਰਹੇ ਗੁਰੂ ਸਾਹਿਬਾਨ ਸਾਰੇ।
ਬਣਣੈ ਸੂਈ ਧਾਗਾ, ਕੈਂਚੀ ਨਹੀਂ ਬਣਣਾ, ਇਕੋ ਲੜੀ ਪਰੋਈਏ ਇਨਸਾਨ ਸਾਰੇ।
ਬਲ ਮਿਲੇ ਮਨੁੱਖੀ ਬਰਾਬਰੀ ਨੂੰ, ਰਹੀਏ ਰਲ ਮਿਲ ਖੰਡ ਤੇ ਖੀਰ ਵਾਂਗੂੰ।
ਇਕ ਦੂਜੇ ਨੂੰ ਗਲੇ ਲਗਾ ਲਈਏ, ਭਗਤ ਰਵੀਦਾਸ ਤੇ ਭਗਤ ਕਬੀਰ ਵਾਂਗੂੰ।
ਹਰਿਮੰਦਰ ਦੀ ਨੀਂਹ ਰੱਖਵਾਈ ਜਿਸ ਤੋਂ, ਮੁਸਲਮਾਨ ਸਾਂਈਂ ਮੀਆਂਮੀਰ ਵਾਂਗੂੰ।
ਵਾਰ ਦਿੱਤੇ ਦਸ਼ਮੇਸ਼ ਤੋਂ ਪੁੱਤ ‘ਜਾਚਕ’, ਬੁਧੂਸ਼ਾਹ ਜਹੇ ਪੀਰਾਂ ਦੇ ਪੀਰ ਵਾਂਗੂੰ।