Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਮਾਪੇ

ਮਾਪੇ

by Dr. Hari Singh Jachak
Maape

ਮਾਪੇ

ਮਾਪੇ

ਸੇਵਾ ਉਹੋ ਮਨੁੱਖ ਹੈ ਕਰ ਸਕਦਾ, ਕਿਰਪਾ ਜੀਹਦੇ ਤੇ ਕਰਦਾ ਪ੍ਰਮਾਤਮਾ ਏ।

ਤਨ ਮਨ ਧਨ ਦੇ ਨਾਲ ਜੋ ਕਰੇ ਸੇਵਾ, ਸ਼ੁਧ ਹੁੰਦੇ ਸਰੀਰ ਮਨ ਆਤਮਾ ਏ।

ਸੇਵਾ ਕਰਦਾ ਜੋ ਆਪਣੇ ਮਾਪਿਆਂ ਦੀ, ਉਹਦੇ ਦੁੱਖਾਂ ਦਾ ਹੁੰਦਾ ਫਿਰ ਖਾਤਮਾ ਏ।

ਨਦਰੀ ਨਦਰ ਹੈ ਹੋ ਨਿਹਾਲ ਜਾਂਦਾ, ਮਿਲਦੀ ਆਤਮਾਂ ਵਿੱਚ ਪ੍ਰਮਾਤਮਾਂ ਏ।

 

ਬੱਚਾ ਹੁੰਦਾ ਏ ਮਿੱਟੀ ਦੀ ਨਿਰੀ ਮੂਰਤ, ਘੜਦੇ ਮਾਪੇ ਨੇ ਉਹਨੂੰ ਘੁਮਿਆਰ ਵਾਂਗੂੰ।

ਭੱਠੀ ਵਿੱਚ ਪਾ ਕੇ ਕੁੰਦਨ ਵਾਂਗ ਕਰਦੇ, ਉਹ ਤਾਂ ਸੁਘੜ ਸਿਆਣੇ ਸੁਨਿਆਰ ਵਾਂਗੂੰ।

ਆਪਣੇ ਬੱਚਿਆਂ ਦੀ ਸਦਾ ਨਿਸ਼ਕਾਮ ਰਹਿਕੇ, ਸੇਵਾ ਕਰਦੇ ਨੇ, ਸੇਵਾਦਾਰ ਵਾਂਗੂੰ।

ਵੱਖੋ ਵੱਖ ਪ੍ਰਵਾਰ ਦੇ ਮੋਤੀਆਂ ਨੂੰ, ਕੱਠੇ ਰੱਖਦੇ ਗਲੇ ਦੇ ਹਾਰ ਵਾਂਗੂੰ।

 

ਪੁੱਤਾਂ ਵਾਸਤੇ ਮਰਦੇ ਦਮ ਤੀਕਰ, ਮਾਵਾਂ ਕਿੰਨੇ ਹੀ ਦੁੱਖ ਉਠਾਉਂਦੀਆਂ ਨੇ।

ਗਿੱਲੇ ਥਾਂ ਤੇ ਸਦਾ ਹੀ ਆਪ ਪੈ ਕੇ, ਸੁੱਕੇ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ।

ਹੋ ਜਾਵੇ ਜੇ ਬੱਚਾ ਬੀਮਾਰ ਕਿਧਰੇ, ਆਪਣੇ ਦਿਲ ਨੂੰ ਓਹ ਤਾਂ ਲਾਉਂਦੀਆਂ ਨੇ।

ਬਿਪਤਾ ਕਦੇ ਜੇ ਬੱਚੇ ਤੇ ਆ ਜਾਵੇ, ਮਾਵਾਂ ਕੂੰਜ ਦੇ ਵਾਂਗ ਕੁਰਲਾਉਂਦੀਆਂ ਨੇ।

 

ਤੱਤੀ ਹਵਾ ਦੇ ਬੁੱਲ੍ਹੇ ਨੇ ਸਦਾ ਆਉਂਦੇ, ’ਵਾ ਪੁਰੇ ਦੀ ਕਦੇ ਹੀ ਵਗਦੀ ਏ।

ਕੋਈ ਵਿਰਲਾ ਹੀ ਬੱਚਾ ਉਹ ਹੋਊ ਜਿਸਨੂੰ, ਝਿੜਕ ਮਾਪਿਆਂ ਦੀ ਮਿੱਠੀ ਲਗਦੀ ਏ।

ਪਰ ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ, ਚਲੀ ਆ ਰਹੀ ਰੀਤ ਇਹ ਜੱਗ ਦੀ ਏ।

ਪਿਆਰ ਮਾਪਿਆਂ ਦਾ ਭੁਲਣਾ ਚਾਹੀਦਾ ਨਹੀਂ, ਛਾਂ ਮਾਪਿਆਂ ਦੀ ਔਖੀ ਲੱਭਦੀ ਏ।

 

ਨਾਲ ਪੁੱਤਰਾਂ ਗੰਢ ਸੰਸਾਰ ਪੈਂਦੀ, ਪੁੱਤਰ ਉਹ ਜੋ ਆਗਿਆਕਾਰ ਹੋਵੇ।

ਰੀਝਾਂ ਨਾਲ ਨੇ ਪਾਲਦੇ ਜਿਵੇਂ ਮਾਪੇ, ਉਵੇਂ ਉਨ੍ਹਾਂ ਦਾ ਦਿਲੀ ਸਤਿਕਾਰ ਹੋਵੇ।

ਪੁੱਤਰ ਮਾਪਿਆਂ ਨੂੰ ਜਿਥੇ ਮਾਣ ਦਿੰਦੇ, ਸਚਮੁੱਚ ਉਹ ਸੁਖੀ ਪ੍ਰਵਾਰ ਹੋਵੇ।

ਮਾਤਾ ਪਿਤਾ ਦੀ ਕਰਨ ਜੋ ਦਿਲੋਂ ਸੇਵਾ, ਬਖ਼ਸ਼ਿਸ਼ ਉਨ੍ਹਾਂ ਤੇ ਅਪਰੰਪਾਰ ਹੋਵੇ।

 

ਇਹ ਤਾਂ ਹੈ ਤਸਵੀਰ ਦਾ ਇਕ ਪਾਸਾ, ‘ਜਾਚਕ’ ਵੱਲ ਦੂਜੇ ਝਾਤੀ ਮਾਰਦਾ ਏ।

ਪੁੱਤਰ ਕਲਯੁਗੀ ਸੁਣੇ ਨਾ ਗੱਲ ਪਿਉ ਦੀ, ਸਗੋਂ ਘੂਰੀਆਂ ਵੱਟ ਦੁਰਕਾਰਦਾ ਏ।

ਇਹ ਸੱਤਰਿਆ ਬਹੱਤਰਿਆ ਹੋ ਗਿਆ ਏ, ਐਵੇਂ ਝੱਲ ਵਲੱਲੀਆਂ ਮਾਰਦਾ ਏ।

ਤਾਹਣੇ ਮਿਹਣੇ ਇਹ ਮਾਰ ਕੇ ਦਿਨ ਰਾਤੀਂ, ਉਹਨੂੰ ਜਿਉਂਦਿਆਂ ਜੀਅ ਹੀ ਮਾਰਦਾ ਏ।

 

ਬੁਰਾ ਹਾਲ ਬਜ਼ੁਰਗਾਂ ਦਾ ਬੜਾ ਤੱਕਿਐ, ਵਿਰਲਾ ਪੁੱਛਦੈ ਇਨ੍ਹਾਂ ਦੀ ਬਾਤ ਕੋਈ।

ਪਾਣੀ ਅੱਖਾਂ ’ਚੋਂ ਵਗਦਾ ਨਿੱਤ ਰਹਿੰਦਾ, ਬਿਨਾਂ ਖੰਘ ਤੋਂ ਲੰਘੇ ਨਾ ਰਾਤ ਕੋਈ।

ਕਿਤੇ ਸਾਨੂੰ ਵੀ ਖੰਘ ਨਾ ਲੱਗ ਜਾਵੇ, ਨੇੜੇ ਆ ਕੇ ਪਾਉਂਦਾ ਨਹੀਂ ਝਾਤ ਕੋਈ।

ਬੱਚੇ ਜੀਹਨਾਂ ਦੇ ਐਸੇ ਨਖਿੱਧ ਹੋਵਣ, ਐਸਾ ਹੋਵੇ ਨਾ ਪਿਤਾ ਜਾਂ ਮਾਤ ਕੋਈ।

 

ਧੰਨ ਮਾਪੇ ਉਹ ਸਚਮੁੱਚ ਧੰਨ ਮਾਪੇ, ਅੱਗੋਂ ਜੀਹਨਾਂ ਦੇ ਚੰਗੀ ਉਲਾਦ ਹੁੰਦੀ।

ਜੀਹਦੇ ਘਰ ਕੋਈ ਪੁੱਤ ਕਪੁੱਤ ਹੋ ਜਾਏ, ਸਾਰੀ ਜਿੰਦਗੀ ਉਹਦੀ ਬਰਬਾਦ ਹੁੰਦੀ।

ਪਾਲ ਪੋਸ ਕੇ ਵੱਡਾ ਨੇ ਜਿਵੇਂ ਕਰਦੇ, ਪਲ ਪਲ ਦੀ ‘ਜਾਚਕਾ’ ਯਾਦ ਹੁੰਦੀ।

ਸੇਵਾ ਕਰਦਾ ਜੋ ਆਪਣੇ ਮਾਪਿਆਂ ਦੀ, ਉਹਦੇ ਦਿਲ ਦੀ ਪੂਰੀ ਮੁਰਾਦ ਹੁੰਦੀ।