ਲੜਕੀਆਂ
ਲੜਕੀਆਂ
ਮੱਲਾਂ ਮਾਰ ਕੇ ਹਰ ਮੈਦਾਨ ਅੰਦਰ, ਪੂਰੀ ਧਾਂਕ ਜਮਾਈ ਹੈ, ਲੜਕੀਆਂ ਨੇ।
ਖੇਡਾਂ ਵਿੱਚ ਵੀ ਜਿੱਤ ਕੇ ਸੋਨ-ਤਮਗੇ, ਪਾਈ ਮਾਣ ਵਡਿਆਈ ਹੈ, ਲੜਕੀਆਂ ਨੇ।
ਮਲਟੀਨੈਸ਼ਨਲ ਕੰਪਨੀਆਂ ਵਿੱਚ ਜਾ ਕੇ, ਸੋਹਣੀ ਕੀਤੀ ਅਗਵਾਈ ਹੈ, ਲੜਕੀਆਂ ਨੇ।
ਫੌਜ ਵਿੱਚ ਵੀ ਸ਼ਾਮਲ ਹੋ ਕੇ ਤੇ, ਆਪਣੀ ਸ਼ਕਤੀ ਵਿਖਾਈ ਹੈ, ਲੜਕੀਆਂ ਨੇ।
ਕਿਤੇ ਕਿਤੇ ਪਰ ਸਾਡੇ ਸਮਾਜ ਅੰਦਰ, ਮਸਲੀ ਜਾ ਰਹੀ ਚੰਬੇ ਦੀ ਕਲੀ, ਅੱਜ ਵੀ।
ਕੋਈ ਪਾਉਂਦਾ ਤੇਜਾਬ ਹੈ ਮੂੰਹ ਉਤੇ, ਕਿਤੇ ਚੜ੍ਹ ਰਹੀ ਦਾਜ ਦੀ ਬਲੀ, ਅੱਜ ਵੀ।
ਭਰ ਜੋਬਨ ਦੀ ਸਿਖਰ ਦੁਪਹਿਰ ਭਾਵੇਂ, ਚਿੰਤਾ ਨਾਲ ਦੁਪਹਿਰ ਇਹ ਢਲੀ, ਅੱਜ ਵੀ।
‘ਪੁਰਜਾ’ ਅਤੇ ‘ਪਟੋਲਾ’ ਨੇ ਕਈ ਕਹਿੰਦੇ, ਸੋਚਾਂ, ਫਿਕਰਾਂ ’ਚ ਰਹਿੰਦੀ ਹੈ ਵਲੀ, ਅੱਜ ਵੀ।
ਕਈ ਐਸੇ ਵੀ ਦੇਸ਼ ਨੇ ਜੱਗ ਅੰਦਰ, ਜਿਥੇ ਅਜੇ ਵੀ ਬਾਲ-ਵਿਆਹ ਹੁੰਦੇ।
ਖੇਡਾਂ ਖੇਡਣ ਦੀ ਜਦੋਂ ਹੈ ਉਮਰ ਹੁੰਦੀ, ਪੜ੍ਹਨ ਲਿਖਣ ਲਈ ਚਾਅ-ਉਮਾਹ ਹੁੰਦੇ।
ਵਿਆਹ ਦਿੰਦੇ ਨੇ ਬਾਲੜੀ, ਓਸ ਉਮਰੇ, ਬੜੇ ਬਿਖੜੇ ਗ੍ਰਿਹਸਤ ਦੇ ਰਾਹ ਹੁੰਦੇ।
ਬਾਲਕ, ਬਾਲੜੀ ਦੋਵੇਂ ਅਣਜਾਣ ਹੁੰਦੇ, ਸੁੱਖ ਚੈਨ ਸਭ ਸੜ ਸੁਆਹ ਹੁੰਦੇ।
ਬਚਪਨ ਵਿੱਚ ਹੀ ਕਰਫਿਊ ਲੱਗ ਜਾਂਦੈ, ਘਰ ਦੀ ਚਾਰ ਦਿਵਾਰੀ ਵਿੱਚ ਰਹਿੰਦੀਆਂ ਨੇ।
ਡਰਦੇ ਡਰਦੇ ਹੋਏ ਮਾਪੇ ਜਦ ਘਰੋਂ ਤੋਰਨ, ਬੁਰੀਆਂ ਨਜ਼ਰਾਂ ਸਭ ਓਨ੍ਹਾਂ ਤੇ ਪੈਂਦੀਆਂ ਨੇ।
ਕਈ ਲੜਕੀਆਂ ਸਹੁਰਿਆਂ ਘਰ ਜਾ ਕੇ, ਤਰ੍ਹਾਂ ਤਰ੍ਹਾਂ ਦੇ ਦੁੱਖੜੇ ਸਹਿੰਦੀਆਂ ਨੇ।
ਲੋਕ-ਲੱਜ ਦਾ ਸਦਾ ਖਿਆਲ ਰੱਖਣ, ਇਸ ਲਈ ਮੂੰਹ ’ਚੋਂ ਕੁਝ ਨਾ ਕਹਿੰਦੀਆਂ ਨੇ ।
ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ’ਚ, ਕੁੜੀਆਂ ਦੇ ਲਈ ਕਈ ਪ੍ਰੇਸ਼ਾਨੀਆਂ ਨੇ।
ਬੱਸਾਂ, ਗੱਡੀਆਂ ਵਿੱਚ ਹੋਏ ਬੁਰੀ ਹਾਲਤ, ਕਈ ਮਨਚਲੇ ਕਰਦੇ ਛੇੜਖਾਨੀਆਂ ਨੇ।
ਹਰ ਵੇਲੇ ਹੀ ਨੌਕਰੀ ਕਰਦਿਆਂ ਵੀ, ਘੇਰੀ ਰੱਖਦੀਆਂ ਨਜ਼ਰਾਂ ਬਿਗਾਨੀਆਂ ਨੇ।
ਇਹ ਸਭ ਦੇਖ ਕੇ ਇਉਂ ਪ੍ਰਤੀਤ ਹੁੰਦੈ, ਘੋਰ ਕਲਯੁਗ ਦੀਆਂ ਇਹ ਨਿਸ਼ਾਨੀਆਂ ਨੇ।
ਧੰਨ ਮਾਪੇ ਓਹ ਸਚਮੁੱਚ ਧੰਨ ਮਾਪੇ, ਵਾਂਗ ਲੜਕਿਆਂ ਚਾਹੁੰਦੇ ਜੋ, ਲੜਕੀਆਂ ਨੂੰ।
ਜਨਮ ਦਿਨ ਮਨਾ ਕੇ ਇਨ੍ਹਾਂ ਦੇ ਵੀ, ‘ਜਾਚਕ’ ਗਲ ਨਾਲ ਲਾਉਂਦੇ ਜੋ, ਲੜਕੀਆਂ ਨੂੰ।
ਵੱਡੇ ਜਿਗਰੇ ਨਾਲ ਪੈਸਾ ਖਰਚ ਕੇ ਤੇ, ਲੜਕਿਆਂ ਵਾਂਗ ਪੜ੍ਹਾਉਂਦੇ ਜੋ, ਲੜਕੀਆਂ ਨੂੰ।
ਬਿਨ੍ਹਾਂ ਕਿਸੇ ਦੀ ਕੋਈ ਪਰਵਾਹ ਕੀਤੇ, ਵਿਦਿਆ ਦਾਨ ਦਿਵਾਉਂਦੇ ਜੋ, ਲੜਕੀਆਂ ਨੂੰ।