Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਖੂਨ ਦਾਨ

ਖੂਨ ਦਾਨ

by Dr. Hari Singh Jachak
Khun Daan

ਖੂਨ ਦਾਨ

ਖੂਨ ਦਾਨ

ਸ਼ੁੱਭ ਕੰਮਾਂ ਦੇ ਲਈ ਜੋ ਦਾਨ ਕਰਦੇ, ਹਰ ਇਕ ਦਾਨ ਹੀ ਦਾਨ ਮਹਾਨ ਹੁੰਦਾ।

ਆਮ ਤੌਰ ਤੇ ਸਾਰੇ ਪਰ ਇਹੋ ਕਹਿੰਦੇ, ਸਭ ਤੋਂ ਉਤਮ ਹੈ ਖੂਨ ਦਾ ਦਾਨ ਹੁੰਦਾ।

ਖੂਨ ਦਿਤਿਆਂ ਕਦੇ ਨਹੀਂ ਖੂਨ ਘੱਟਦਾ, ਨਾ ਹੀ ਸਿਹਤ ਦਾ ਕੋਈ ਨੁਕਸਾਨ ਹੁੰਦਾ।

ਸਭ ਨੂੰ ਬਖਸ਼ੀ ਇਹ ਦਾਤ ਪਰਮਾਤਮਾਂ ਨੇ, ਇਹ ਤਾਂ ਅਸਾਂ ਦੀ ਜਿੰਦ ਤੇ ਜਾਨ ਹੁੰਦਾ।

               

ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਏ, ਓਹਨੂੰ ਹਸਪਤਾਲ ਲਿਜਾਈਦਾ ਏ।

ਨਾਲੋ ਨਾਲ ਓਪਰੇਸ਼ਨ ਦੀ ਲੋੜ ਪੈਂਦੀ, ਨਾਲੋ ਨਾਲ ਹੀ ਖੂਨ ਵੀ ਚਾਹੀਦਾ ਏ।

ਬਲੱਡ ਬੈਂਕ ਤੋਂ ਹੁੰਦੀ ਏ ਆਸ ਓਦੋਂ, ਖੂਨ ਦਾਨੀ ਦਾ ਪਤਾ ਵੀ ਲਾਈਦਾ ਏ।

ਨਿਕਲ ਜਾਏ ਓਹ ਮੌਤ ਦੇ ਮੂੰਹ ਵਿੱਚੋਂ, ਜਦੋਂ ਮੌਕੇ ਤੇ ਖੂਨ ਚੜ੍ਹਾਈਦਾ ਏ ।

 

ਖੂਨ ਦੇਣ ਲਈ ਕਈ ਨਿਸ਼ਕਾਮ ਸੇਵਕ, ਵਧ ਚੜ੍ਹ ਕੇ ਸੇਵਾ ਕਮਾ ਰਹੇ ਨੇ।

ਸਭਾ ਅਤੇ ਸੁਸਾਇਟੀ  ਬਣਾ ਕੇ ਤੇ, ਖੂਨ ਦਾਨ ਦੇ ਕੈਂਪ ਲਗਾ ਰਹੇ ਨੇ ।

ਲੋੜਵੰਦਾਂ ਨੂੰ ਦੇ ਕੇ ਖੂਨ ਆਪਣਾ, ਜੀਵਨ ਆਪਣਾ ਸਫਲ ਬਣਾ ਰਹੇ ਨੇ।

ਜਾਨ, ਜੀਹਨਾਂ ਦੀ ਜਾਨ ’ਚੋਂ ਨਿਕਲਦੀ ਏ, ਜਾਨ ਓਨ੍ਹਾਂ ਦੀ ਜਾਨ ਵਿੱਚ ਪਾ ਰਹੇ ਨੇ।

 

ਇਕੋ ਤਰ੍ਹਾਂ ਦਾ ਸਭ ਦਾ ਖੂਨ ਹੁੰਦਾ, ਹਿੰਦੂ, ਮੁਸਲਿਮ ਜਾਂ ਸਿੱਖ, ਇਸਾਈ ਹੋਵੇ।

ਬਿਨਾਂ ਵਿਤਕਰੇ ਦਿੰਦੇ ਨੇ ਖੂਨ ਜਿਹੜੇ, ਚੜ੍ਹਦੀ ਕਲਾ ਹੋਰ ਦੂਣ ਸਵਾਈ ਹੋਵੇ।

ਆ ਸਕਦੀ ਨਹੀਂ ਖੂਨ ਦੀ ਕਮੀ, ਜੇਕਰ, ‘ਖੂਨ ਦਾਨ ਮੁਹਿੰਮ’, ਚਲਾਈ ਹੋਵੇ।

ਦੇਂਦੇ ਖੂਨ ਦਾ ਦਾਨ ਨੇ ਜੋ ਦਾਨੀ, ‘ਜਾਚਕ’ ਓਨਾਂ ਦੀ ਵੱਡੀ ਵਡਿਆਈ ਹੋਵੇ।