Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਦਿਲ

ਦਿਲ

by Dr. Hari Singh Jachak
Dil

ਦਿਲ

ਦਿਲ

ਧੰਨ ਕਾਦਰ ਤੇ ਕੁਦਰਤ ਹੈ ਧੰਨ ਉਸਦੀ, ਧੰਨ ਧੰਨ ਹੈ ਦਿਲ ਬਣਾਉਣ ਵਾਲਾ।

ਲਹੂ-ਨਾੜੀਆਂ ’ਚ ਜਿਸ ਨਾਲ ਖੂਨ ਜਾਂਦੈ, ਬੇਸ਼ਕੀਮਤੀ ‘ਪੰਪ’ ਬਣਾਉਣ ਵਾਲਾ।

ਪੈਦਾ ਕਰਕੇ ਅੰਦਰੋਂ ਹੀ ਆਕਸੀਜਨ, ਹਰ ਵੇਲੇ ਹੀ ਇਹਨੂੰ ਪਹੁੰਚਾਉਣ ਵਾਲਾ।

ਦੇ ਕੇ ਬਿਜਲੀ ਕੁਨੇਕਸ਼ਨ ਵੀ ਦਿਨ ਰਾਤੀਂ, ਚੋਵੀ ਘੰਟੇ ਹੀ ਇਹਨੂੰ ਚਲਾਉਣ ਵਾਲਾ।

 

ਚੌਥੇ ਹਫ਼ਤੇ ’ਚ ਮਾਂ ਦੇ ਗਰਭ ਅੰਦਰ, ਬਣ ਕੇ ਫੁਲਦਾ ਤੇ ਫਲਦਾ, ਦਿਲ ਸਾਡਾ।

ਖਾਂਦੇ, ਪੀਂਦੇ ਤੇ ਸੌਂਦੇ ਹਾਂ ਅਸੀਂ ਭਾਵੇਂ, ਹਰ ਵਕਤ ਹੀ ਚੱਲਦਾ, ਦਿਲ ਸਾਡਾ।

ਸਾਡੇ ਸਾਰੇ ਹੀ ਏਸ ਸਰੀਰ ਅੰਦਰ, ਸਾਫ ਖੂਨ ਹੈ ਘੱਲਦਾ, ਦਿਲ ਸਾਡਾ।

ਜਦੋਂ ਖੂਨ ਦਾ ਦੌਰਾ ਹੈ ਤੇਜ਼ ਹੁੰਦਾ, ਬੜੀ ਮੁਸ਼ਕਲ ਨਾਲ ਝੱਲਦਾ, ਦਿਲ ਸਾਡਾ।

 

ਇਹਦੀ ਬਣਤਰ ਨੂੰ ਵੇਖ ਕੇ ਦੰਗ ਹੁੰਦੈ, ਜਿਹੜਾ ਜਿਹੜਾ ਵੀ ਏਸ ਨੂੰ ਤੱਕਦਾ ਹੈ।

ਇਕ ਮਿੰਟ ’ਚ ਬਹੱਤਰ ਵਾਰ ਧੜਕੇ, ਬੜੀ ਜ਼ੋਰ ਨਾਲ ਖੂਨ ਨੂੰ ਧੱਕਦਾ ਹੈ।

ਹੈ ਸਪੀਡ ਇਹਦੀ ਬੱਤੀ ਕਿਲੋਮੀਟਰ, ਚੱਲਦਾ ਇੰਜ ਜਿਉਂ ਚੱਲਣਾ ਟਰੱਕ ਦਾ ਹੈ।

ਹਰ ਵੇਲੇ ਹੀ ਚੱਲਦਾ ਰਹੇ ਇਹ ਤਾਂ, ਨਾ ਇਹ ਅੱਕਦਾ ਹੈ, ਨਾ ਹੀ ਥੱਕਦਾ ਹੈ।

 

ਸਭ ਦੇ ਸੀਨੇ ਦੇ ਵਿੱਚ ਹੀ ਦਿਲ ਧੜਕੇ, ਭਾਵੇਂ ਇਸਤਰੀ ਤੇ ਭਾਵੇਂ ਮਰਦ ਹੋਵੇ।

ਬਿਨ੍ਹਾਂ ਦੇਰੀ ਦੇ ਡਾਕਟਰ ਦੇ ਕੋਲ ਜਾਈਏ, ਜੇਕਰ ਸੀਨੇ ਦੇ ਵਿੱਚ ਕੋਈ ਦਰਦ ਹੋਵੇ।

ਇਹਦੇ ਨਾਲ ਪਸੀਨਾ ਵੀ ਆ ਜਾਂਦੈ, ਮੌਸਮ ਗਰਮ ਹੋਵੇ ਭਾਵੇਂ ਸਰਦ ਹੋਵੇ।

ਦਿਲ ਦੀ ਧੜਕਣ ਜਦ ਬੰਦ ਹੈ ਹੋ ਜਾਂਦੀ, ਰੰਗ ਉਸੇ ਵੇਲੇ ਪੀਲਾ-ਜਰਦ ਹੋਵੇ।

 

ਕਿਉਂਕਿ ਦਿਲ ਦਾ ਮਾਮਲਾ ਹੈ ਨਾਜ਼ੁਕ, ਇਹਦੇ ਲਈ ਨਾ ਢਿੱਲ ਵਿਖਾਓ, ਮਿੱਤਰੋ।

ਦਿਲ ਦੇ ਰੋਗਾਂ ਦੇ ਮਾਹਿਰ ਨੇ ਜੋ ਡਾਕਟਰ, ਓਨ੍ਹਾਂ ਕੋਲੋ ਚੈਕ-ਅਪ ਕਰਵਾਓ ਮਿੱਤਰੋ।

ਕਸਰਤ ਬਹੁਤ ਜਰੂਰੀ ਹੈ ਏਸ ਦੇ ਲਈ, ਕਸਰਤ ਕਰਨ ਵੱਲ ਧਿਆਨ ਲਗਾਓ ਮਿੱਤਰੋ।

ਸੈਰ ਕਰਨ ਨਾਲ ਏਸ ਨੂੰ ਮਿਲੇ ਸ਼ਕਤੀ, ਸੁਭ੍ਹਾ, ਸ਼ਾਮ ਨੂੰ ਸੈਰ ਤੇ ਜਾਓ ਮਿੱਤਰੋ।

 

ਜਾਨੀ ਦੁਸ਼ਮਣ ਹੈ ਰਿਹਾ ਕਰੋਧ ਇਸ ਦਾ, ਬਹੁਤੇ ਗੁੱਸੇ ਦੇ ਵਿੱਚ ਨਾ ਆਓ ਮਿੱਤਰੋ।

ਸਿਰ ਤੇ ਸਦਾ ਮੁਸੀਬਤਾਂ ਪੈਂਦੀਆਂ ਨੇ, ਆਪਣੇ ਦਿਲ ਨੂੰ ਕਦੇ ਨਾ ਲਾਓ ਮਿੱਤਰੋ।

ਚੜ੍ਹਦੀ ਕਲਾ ਦੀ ਸਦਾ ਹੀ ਸੋਚ ਰੱਖੋ , ਢਹਿੰਦੀ ਕਲਾ ਤੋਂ ਖਹਿੜਾ ਛੁਡਾਓ ਮਿੱਤਰੋ।

ਬਾਕੀ ਵਾਹਿਗੁਰੂ ਤੇ ਡੋਰੀ ਛੱਡ ਦੇਵੋ, ‘ਜਾਚਕ’ ਬਹੁਤਾ ਨਾ ਤੁਸੀਂ ਘਬਰਾਓ ਮਿੱਤਰੋ।