Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਅੱਜਕਲ੍ਹ ਸਾਰੇ ਸੰਸਾਰ ਵਿਚ ਔਰਤਾਂ ਨੇ

ਅੱਜਕਲ੍ਹ ਸਾਰੇ ਸੰਸਾਰ ਵਿਚ ਔਰਤਾਂ ਨੇ

by Dr. Hari Singh Jachak
Aaj Kal Sare Sansar Vich Auratan Ne

ਅੱਜਕਲ੍ਹ ਸਾਰੇ ਸੰਸਾਰ ਵਿਚ ਔਰਤਾਂ ਨੇ

ਅੱਜਕਲ੍ਹ ਸਾਰੇ ਸੰਸਾਰ ਵਿਚ ਔਰਤਾਂ ਨੇ

ਅੱਜ-ਕਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ, ਹਰ ਇਕ ਪੱਖ ਤੋਂ ਧਾਂਕ ਜਮਾਈ ਸੋਹਣੀ।

ਜਿਥੇ ਜਿਥੇ ਵੀ ਏਸ ਨੇ ਕੰਮ ਕੀਤਾ, ਸਭ ਥਾਂ ਪਾਈ ਹੈ ਮਾਣ ਵਡਿਆਈ ਸੋਹਣੀ।

ਹਰ ਖੇਤਰ ਵਿੱਚ ਮੱਲਾਂ ਮਾਰ ਕੇ ਤੇ, ਕੰਮ ਕਰਨ ਦੀ ਸ਼ਕਤੀ ਵਿਖਾਈ ਸੋਹਣੀ।

ਰਾਸ਼ਟਰਪਤੀ ਦੇ ਪਦ ਤੱਕ ਪਹੁੰਚ ਕੇ ਵੀ, ਦਿੱਤੀ ਲੋਕਾਂ ਦੇ ਤਾਈਂ ਅਗਵਾਈ ਸੋਹਣੀ।

 

ਹਾਲਤ ਬੜੀ ਹੀ ਪਤਲੀ ਸੀ ਦੇਸ਼ ਅੰਦਰ, ਪਿੱਛੇ ਮਾਰੀਏ ਜੇ ਪੰਛੀ ਝਾਤ ਏਥੇ।

ਏਸ ਮਰਦ ਪਰਧਾਨ  ਸਮਾਜ ਅੰਦਰ, ਕੋਈ ਨਾ ਪੁਛਦਾ, ਔਰਤ ਦੀ ਬਾਤ ਏਥੇ।

ਇਹਨੂੰ ‘ਪੈਰ ਦੀ ਜੁੱਤੀ’ ਤੱਕ ਕਿਹਾ ਜਾਂਦਾ, ਕਈ ਕਹਿੰਦੇ ਰਹੇ ਏਹਨੂੰ ਅਫਾਤ ਏਥੇ।

ਆਪਣੀ ਹੋਣੀ ਤੇ ਕੀਤਾ ਸੀ ਸਬਰ ਇਸ ਨੇ, ਹੋਏ ਬਦ ਤੋਂ ਬਦਤਰ ਹਾਲਾਤ ਏਥੇ।

 

ਸਿੱਖ ਧਰਮ ਅੰਦਰ ਸਦਾ ਬੀਬੀਆਂ ਨੂੰ, ਉੱਚਾ ਸੁੱਚਾ ਹਮੇਸ਼ਾਂ ਸਥਾਨ ਮਿਲਿਆ।

‘ਸੋ ਕਿਉ ਮੰਦਾ ਆਖੀਐ’ ਸ਼ਬਦ ਅੰਦਰ, ਗੁਰਾਂ ਵੱਲੋਂ ਹੈ ਵੱਡਾ ਸਨਮਾਨ ਮਿਲਿਆ।

ਸਾਰੀ ਬਾਣੀ ’ਚ ‘ਜੀਵ’ ਇਹ ਇਸਤਰੀ ਹੈ, ਏਹਦੇ ਰਾਹੀਂ ਬ੍ਰਹਮ ਗਿਆਨ ਮਿਲਿਆ।

ਬੇਬੇ ਨਾਨਕੀ ਤੋਂ ਲੈ ਕੇ ਬੀਬੀਆਂ ਨੂੰ, ਸਿੱਖ ਧਰਮ ’ਚ ਰੁਤਬਾ ਮਹਾਨ ਮਿਲਿਆ।

 

ਇੱਜ਼ਤ ਕਰਨ ਦੇ ਲਈ ਫਿਰ ਔਰਤਾਂ ਦੀ, ਰਲ ਮਿਲ ਬੈਠ ਕੇ ਸੋਚ ਵਿਚਾਰ ਕਰੀਏ।

ਜਗਤ ਜਨਨੀ ਨੂੰ ਸਤਿਗੁਰਾਂ ਧੰਨ ਕਿਹੈ, ਉੱਚਾ ਸੁੱਚਾ ਹਮੇਸ਼ਾਂ ਵਿਵਹਾਰ ਕਰੀਏ।

ਸਾਡੀ ਸਫ਼ਲਤਾ ਪਿੱਛੇ ਹੈ ਹੱਥ ਇਸਦਾ, ‘ਜਾਚਕ’ ਏਸ ਦਾ ਮਾਣ ਸਤਿਕਾਰ ਕਰੀਏ।

ਪਰ-ਨਾਰੀ ਦੇ ਸੁੰਦਰ ਸਰੂਪ ਵਿੱਚੋਂ, ਮਾਂ, ਭੈਣ ਤੇ ਧੀ ਦਾ ਦੀਦਾਰ ਕਰੀਏ ।