Home » ਸਿੱਖ ਬੀਬੀਆਂ ਸੰਬੰਧੀ ਕਵਿਤਾਵਾਂ » ਮੀਰ ਮੰਨੂੰ ਤੇ ਬਹਾਦਰ ਸਿੰਘਣੀਆਂ ਦਾ ਸਿਦਕ ਸੰਬੰਧੀ ਕਵਿਤਾਵਾਂ

ਮੀਰ ਮੰਨੂੰ ਤੇ ਬਹਾਦਰ ਸਿੰਘਣੀਆਂ ਦਾ ਸਿਦਕ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Siddak of Mir Mannu and Bahadur Singhani

ਮੀਰ ਮੰਨੂੰ ਤੇ ਬਹਾਦਰ ਸਿੰਘਣੀਆਂ ਦਾ ਸਿਦਕ ਸੰਬੰਧੀ ਕਵਿਤਾਵਾਂ

ਮੀਰ ਮੰਨੂੰ ਤੇ ਬਹਾਦਰ ਸਿੰਘਣੀਆਂ ਦਾ ਸਿਦਕ

ਮੀਰ ਮੰਨੂ ਨੇ ਸਭ ਨੂੰ ਹੁਕਮ ਕੀਤਾ, ਹਰ ਥਾਂ ਸੂਚਨਾ ਇਹ ਫਟਾਫਟ ਦੇਵੋ।

ਜਿਥੇ ਕਿਤੇ ਵੀ ਸਿੱਖ ਕੋਈ ਨਜ਼ਰ ਆਉਂਦੇ, ਸੂਹ ਓਸਦੀ ਅਸਾਂ ਨੂੰ ਝੱਟ ਦੇਵੋ।

ਕਾਬੂ ਆ ਜਾਏ ਜਿਊਂਦਾ ਜੇ ਸਿੱਖ ਕੋਈ, ਉਹਦੇ ਸਿਰ ਦੇ ਵਾਲਾਂ ਨੂੰ ਕੱਟ ਦੇਵੋ।

ਦੇਂਦੇ ਫਿਰਦੇ ਨੇ ਮੁੱਛਾਂ ਨੂੰ ਵੱਟ ਜਿਹੜੇ, ਕੱਢ ਏਨ੍ਹਾਂ ਦੇ ਸਦਾ ਲਈ ਵੱਟ ਦੇਵੋ।

 

ਇਸ ਪਾਵਨ ਪੰਜਾਬ ਦੀ ਧਰਤ ਉੱਤੇ, ਪਈ ਜ਼ੁਲਮੀ ਹਨੇਰੀ ਸੀ ਝੁਲ ਓਦੋਂ।

ਪੈ ਗਿਆ ਸਿੰਘਾਂ ਦੇ ਮਗਰ ਸੀ ਮੀਰ ਮੰਨੂੰ, ਪੈ ਗਏ ਸਿੰਘਾਂ ਦੇ ਸਿਰਾਂ ਦੇ ਮੁੱਲ ਓਦੋਂ।

ਸਿੱਖ ਜਿਉਂਦਾ ਜਾ ਮੁਰਦਾ ਲਿਆਉਣ ਦੇ ਲਈ, ਹਰ ਇੱਕ ਨੂੰ ਦਿੱਤੀ ਸੀ ਖੁੱਲ ਓਦੋਂ।

ਸਿੰਘ ਛੁਪ ਗਏ ਜੰਗਲਾਂ ਵਿੱਚ ਜਾ ਕੇ, ਘਰ ਘਾਟ ਨੂੰ ਗਏ ਸਨ ਭੁੱਲ ਓਦੋਂ।

 

ਦਿਨ ਦੀਵੀਂ ਹੀ ਓਦੋਂ ਲਾਹੋਰ ਅੰਦਰ, ਸਿੱਖ ਪ੍ਰਵਾਰਾਂ ਤੇ ਜ਼ੁਲਮ ਸਨ ਢਾਏ ਜਾਂਦੇ।

ਜਗ੍ਹਾਜਗ੍ਹਾ ਤੋਂ ਸਿੰਘਣੀਆਂ ਅਤੇ ਬੱਚੇ, ਮਾਰਨ ਲਈ ਲਾਹੌਰ ਲਿਆਏ ਜਾਂਦੇ।

ਖੰਨੀ ਖੰਨੀ ਰੋਟੀ ਤੇ ਸਿੱਖ ਬੀਬੀਆਂ ਨੂੰ, ਸਵਾ ਸਵਾ ਮਣ ਪੀਸਣ ਪਿਸਵਾਏ ਜਾਂਦੇ।

ਇਥੋਂ ਤੱਕ ਕਿ ਨੰਨ੍ਹੇ ਸਿੱਖ ਬੱਚਿਆਂ ਤੋਂ, ਬੜੇ ਭਾਰੀ ਸੀ ਕੋਹਲੂ ਗਿੜਵਾਏ ਜਾਂਦੇ।

 

ਐਸੀ ਕੁਦਰਤ ਨੇ ਰਚੀ ਸੀ ਖੇਡ ਕੋਈ, ਵਧੇ ਹੌਸਲੇ ਇਨ੍ਹਾਂ ਹਤਿਆਰਿਆਂ ਦੇ।

ਉਪਰੋਂ ਸੁੱਟਦੇ ਝੋਲੀਆਂ ਵਿੱਚ ਬੱਚੇ, ਨਾਲ ਛੁਟਦੇ ਖੂਨੀ ਫੁਹਾਰਿਆਂ ਦੇ।

ਸਿਰ ਟੰਗੇ ਸਨ ਜ਼ਾਲਮਾਂ ਨੇਜ਼ਿਆਂ ਤੇ, ਅੱਖਾਂ ਸਾਹਵੇਂ ਹੀ ਅੱਖਾਂ ਦੇ ਤਾਰਿਆਂ ਦੇ।

ਦਿਲ ਛੱਡਿਆ ਜਰਾ ਨਾ ਬੀਬੀਆਂ ਨੇ, ਦਿਲ ਨਿਕਲਦੇ ਵੇਖ ਦੁਲਾਰਿਆਂ ਦੇ।

 

ਸਿੱਖੀ ਸਿਦਕ ਨੂੰ ਆਂਚ ਨਹੀਂ ਆਉਣ ਦੇਣੀ, ਲਿਆ ਦਿਲਾਂ ’ਚ ਧਾਰ ਸੀ ਬੀਬੀਆਂ ਨੇ।

ਟੋਟੇ ਟੋਟੇ ਹੋਏ ਜਿਗਰ ਦੇ ਟੋਟਿਆਂ ਦੇ, ਪੁਆ ਲਏ ਗਲਾਂ ’ਚ ਹਾਰ ਸੀ ਬੀਬੀਆਂ ਨੇ।

ਕਰ ਕਰ ਯਾਦ ਸ਼ਹੀਦਾਂ ਦੇ ਕਾਰਨਾਮੇ,ਦਿੱਤਾ ਡਰ ਉਤਾਰ ਸੀ ਬੀਬੀਆਂ ਨੇ।

ਜਬਰ ਜ਼ੁਲਮ ਦੀ ਹੋਈ ਇੰਤਹਾ ਭਾਵੇਂ, ਫਿਰ ਵੀ ਮੰਨੀ ਨਾ ਹਾਰ ਸੀ ਬੀਬੀਆਂ ਨੇ।

 

ਧਰਮ ਬਦਲਣ ਲਈ ਲਾਇਆ ਜਦ ਜ਼ੋਰ ਉਨ੍ਹਾਂ, ਅੱਗੋਂ ਕੀਤਾ ਇਨਕਾਰ ਸੀ ਬੀਬੀਆਂ ਨੇ।

ਸਿੰਘ ਮਾਰਿਆਂ ਕਦੇ ਨਹੀਂ ਮਰ ਸਕਦੇ, ਕਿਹਾ ਅੱਗੋਂ ਲਲਕਾਰ ਸੀ ਬੀਬੀਆਂ ਨੇ।

ਬਾਣੀ ਜਪਦਿਆਂ ਜਪਦਿਆਂ ਮੁੱਖ ਵਿਚੋਂ, ਸਹਿ ਲਏ ਅਤਿਆਚਾਰ ਸੀ ਬੀਬੀਆਂ ਨੇ।

ਆਪਣੇ ਲਾਲਾਂ ਦੇ ਖੂਨ ਨਾਲ ਸਿੱਖ ਬੂਟਾ, ਕੀਤਾ ਅਮਰ ਬਹਾਰ ਸੀ ਬੀਬੀਆਂ ਨੇ।

 

ਪੜ੍ਹਿਆ, ਸੁਣਿਆ ਵੀ ਨਹੀਂ ਜਿਹੜਾ ਜਾ ਸਕਦਾ, ਜ਼ੁਲਮੀ ਕਾਰਾ ਉਹ ਕਰਿਆ ਸੀ ਮੀਰ ਮੰਨੂੰ।

ਲੈ ਕੇ ਸਿਰ ਤੋਂ ਆਪਣੇ ਪੈਰ ਤੀਕਰ, ਪੂਰਾ ਪਾਪਾਂ ਨਾਲ ਭਰਿਆ ਸੀ ਮੀਰ ਮੰਨੂੰ।

ਆਖਰ ਹੋਣੀ ਦੇ ਘੇਰੇ ਵਿਚ ਘਿਰ ਗਿਆ, ਪੈਰ ਰਕਾਬ ਜਦ ਧਰਿਆ ਸੀ ਮੀਰ ਮੰਨੂੰ।

ਅੜਿਆ ਪੈਰ ਤੇ ਘੋੜੇ ਤੋਂ ਡਿੱਗ‘ਜਾਚਕ’, ਔਖਾ ਹੋ ਕੇ ਮਰਿਆ ਸੀ ਮੀਰ ਮੰਨੂੰ।