Home » ਸਿੱਖ ਬੀਬੀਆਂ ਸੰਬੰਧੀ ਕਵਿਤਾਵਾਂ » ਮਾਤਾ ਗੰਗਾ ਜੀ ਸੰਬੰਧੀ ਕਵਿਤਾਵਾਂ

ਮਾਤਾ ਗੰਗਾ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Mata Ganga ji

ਮਾਤਾ ਗੰਗਾ ਜੀ ਸੰਬੰਧੀ ਕਵਿਤਾਵਾਂ

ਮਾਤਾ ਗੰਗਾ ਜੀ

ਪਿੰਡ ਮੌਂ ਦੇ ਵਿੱਚ ਸੀ ਜਨਮ ਹੋਇਆ, ਮਿਲਿਆ ਸ਼ੁਰੂ ਤੋਂ ਲਾਡ ਪਿਆਰ ਸੋਹਣਾ।

ਬਚਪਨ ਬੀਤਿਆ ਏਸੇ ਹੀ ਪਿੰਡ ਅੰਦਰ, ਸਾਰਾ ਸੀ ਇਹ ਗੁਰਮੁੱਖ ਪਰਵਾਰ ਸੋਹਣਾ।

ਪੰਚਮ ਪਾਤਸ਼ਾਹ ਨਾਲ ਵਿਆਹ ਇਸਦਾ, ਲਿਆਇਆ ਜੀਵਨ ਦੇ ਵਿੱਚ ਬਹਾਰ ਸੋਹਣਾ।

ਗੁਰੂ ਜੀ ਦੀ ਬਣ ਗਏ ਧਰਮ ਪਤਨੀ, ਮਿਲਿਆ ਸੰਗਤਾਂ ਵਲੋਂ ਸਤਿਕਾਰ ਸੋਹਣਾ।

 

ਪੰਚਮ ਪਾਤਸ਼ਾਹ ਗੱਦੀ ਤੇ ਬੈਠ ਕੇ ਤੇ, ਪਾਵਨ ਬਚਨ ਸੁਣਾਉਂਦੇ ਰਹੇ ਸੰਗਤਾਂ ਨੂੰ ।

ਮਾਤਾ ਗੰਗਾ ਜੀ ਆਪ ਅਗਾਂਹ ਹੋ ਕੇ, ਪਲਕਾਂ ਉਤੇ ਬਿਠਾਉਂਦੇ ਰਹੇ ਸੰਗਤਾਂ ਨੂੰ ।

ਗੁਰੂ ਪਤੀ ਦੇ ਨਾਲ ਹੀ ਰਲ ਮਿਲ ਕੇ, ਹੱਥੀਂ ਲੰਗਰ ਵਰਤਾਉਂਦੇ ਰਹੇ ਸੰਗਤਾਂ ਨੂੰ ।

ਸੇਵਾ ਸਿਮਰਨ ਦੇ ਮਾਰਗ ਤੇ ਚੱਲ ਕੇ ਤੇ, ਗੁਰਮਤਿ ਮਾਰਗ ਸਮਝਾਉਂਦੇ ਰਹੇ ਸੰਗਤਾਂ ਨੂੰ।

 

ਲੱਗੀਆਂ ਪਿੰਡ ਵਡਾਲੀ ਵਿੱਚ ਰੌਣਕਾਂ ਸੀ, ਸੱਚਾ ਪਾਤਸ਼ਾਹ ਆਪ ਦਇਆਲ ਹੋਇਆ।

ਗੁਰੂ ਕਿਰਪਾ ਨਾਲ ਗੋਦ ਨੂੰ ਭਾਗ ਲੱਗੇ, ਮਾਤਾ ਗੰਗਾ ਦੀ ਕੁਖੋਂ ਸੀ ਲਾਲ ਹੋਇਆ।

ਲਹਿਰ ਖੁਸ਼ੀ ਦੀ ਦੌੜੀ ਸੀ ਹਰ ਪਾਸੇ, ਵਾਤਾਵਰਣ ਸੀ ਸਾਰਾ ਖੁਸ਼ਹਾਲ ਹੋਇਆ।

ਮੁੱਖੜਾ ਚੰਦ ਵਰਗਾ ਚਿੱਟਾ ਬਾਲਕੇ ਦਾ, ਜਿਸ ਨੇ ਤੱਕਿਆ ਓਹੀਓ ਨਿਹਾਲ ਹੋਇਆ।

 

ਓਧਰ ਈਰਖਾ ਵੱਸ ਸੀ ਮਾਈ ਕਰਮੋਂ, ਪ੍ਰਿਥੀ ਚੰਦ ਸੀ ਹਾਲੋਂ ਬੇਹਾਲ ਹੋਇਆ।

ਜ਼ਹਿਰ ਦੇਣ ਦੀ ਕੋਸ਼ਿਸ਼ ਵੀ ਗਈ ਕੀਤੀ, ਐਪਰ ਦਾਈ ਦਾ ਮੰਦੜਾ ਹਾਲ ਹੋਇਆ।

ਫਨੀਅਰ ਸੱਪ ਵੀ ਡੰਗ ਨਾ ਮਾਰ ਸਕਿਆ, ਵੇਖਣ ਵਾਲਿਆਂ ਕਿਹਾ ਕਮਾਲ ਹੋਇਆ।

ਰੱਖਿਆ ਗੁਰੂ ਨੇ ‘ਚੇਚਕ’ ਤੋਂ ਆਪ ਕੀਤੀ, ਰੱਤੀ ਭਰ ਵੀ ਵਿੰਗਾ ਨਾ ਵਾਲ ਹੋਇਆ।

 

ਪੰਚਮ ਪਿਤਾ ਜਦ ਹੋਏ ਸ਼ਹੀਦ ‘ਜਾਚਕ’, ਸਿੱਖੀ ਸ਼ਾਨ ਦੇ ਬਣੇ ਪ੍ਰਤੀਕ ਮਾਤਾ।

ਸੰਤ ਸਿਪਾਹੀ ਬਣਾਇਆ ਸੀ ਬਾਲਕੇ ਨੂੰ, ਮਾਤਾ ਗੰਗਾ ਜੀ ਸਨ ਨਿਰਭੀਕ ਮਾਤਾ।

ਔਖੇ ਸਮੇਂ ਦੀ ਨਬਜ ਪਛਾਣ ਕੇ ਤੇ, ਕਰਦੇ ਰਹੇ ਅਗਵਾਈ ਸਨ ਠੀਕ ਮਾਤਾ।

ਪੰਜਵੇਂ ਪਾਤਸ਼ਾਹ ਦੀ ਸ਼ੋਭਨੀਕ ਪਤਨੀ, ਛੇਵੇਂ ਗੁਰੂ ਜੀ ਦੇ ਪੂਜਨੀਕ ਮਾਤਾ।