Home » ਸਿੱਖ ਬੀਬੀਆਂ ਸੰਬੰਧੀ ਕਵਿਤਾਵਾਂ » ਬੀਬੀ ਭਾਨੀ ਜੀ ਸੰਬੰਧੀ ਕਵਿਤਾਵਾਂ

ਬੀਬੀ ਭਾਨੀ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Bibi Bhani ji

ਬੀਬੀ ਭਾਨੀ ਜੀ ਸੰਬੰਧੀ ਕਵਿਤਾਵਾਂ

ਬੀਬੀ ਭਾਨੀ ਜੀ

ਤੀਜੇ ਪਾਤਸ਼ਾਹ ਦੇ ਪਾਵਨ ਗ਼੍ਰਹਿ ਵਿਖੇ, ਪਰਗਟ ਹੋਈ ਸੀ ਵਿੱਚ ਸੰਸਾਰ ਭਾਨੀ।

ਗੁਰੂਪਿਤਾ ਤੋਂ ਮਿਲੀ  ਜੋ ਸਿਖਿਆ ਸੀ,ਓਹੋ ਬਣ ਗਿਆ ਜੀਵਨ ਆਧਾਰ ਭਾਨੀ।

ਗੁਰਮਤਿ ਅਤੇ ਗੁਰਬਾਣੀ ਨੂੰ ਮੁੱਖ ਰੱਖ ਕੇ, ਸਤਿ ਸੰਤੋਖ ਦਾ ਲਾਇਆ ਸ਼ਿੰਗਾਰ ਭਾਨੀ।

ਦੂਰੋਂ ਦੂਰੋਂ ਜੋ ਸੰਗਤਾਂ ਆਉਂਦੀਆਂ ਸੀ, ਖਿੜ ਕੇ ਮਿਲਦੀ ਸੀ ਮਿਲਣਸਾਰ ਭਾਨੀ।

 

ਸੇਵਾ ਸਿਮਰਨ ਦਾ ਘਰ ਵਿੱਚ ਕੁੰਭ ਹੈਸੀ, ਮਿਲੀ ਵਿਰਸੇ ਵਿੱਚ ਓਹਨੂੰ ਵਰਦਾਨ ਸੇਵਾ।

ਰਹਿ ਕੇ ਚਰਨਾਂ ਵਿੱਚ ਤੀਸਰੇ ਪਾਤਸ਼ਾਹ ਦੇ, ਬੀਬੀ ਭਾਨੀ ਨੇ ਕੀਤੀ ਮਹਾਨ ਸੇਵਾ।

ਗੁਰੂ ਪਿਤਾ ਜਦ ਸਿਮਰਨ ਵਿੱਚ ਲੀਨ ਹੁੰਦੇ, ਕਰਦੀ ਹੋ ਕੇ ਅੰਤਰ ਧਿਆਨ ਸੇਵਾ।

ਧੀ ਹੋ ਕੇ, ਪੁੱਤਾਂ ਤੋਂ ਵੱਧ ਕੀਤੀ, ਹੋ ਗਈ ਧੁਰ ਦਰਗਾਹੇ ਪਰਵਾਨ ਸੇਵਾ।

 

ਕਿਹਾ ਗੁਰੂ ਕੇ ਮਹਿਲਾਂ ਨੇ ਪਾਤਸ਼ਾਹ ਨੂੰ, ਭਾਨੀ ਲਈ ਇਕ ਵਰ ਹਜ਼ੂਰ ਤੱਕਿਐ।

ਔਹ ਜੋ ਘੁਗਣੀਆਂ ਵੇਚਦਾ ਜਾ ਰਿਹਾ ਏ, ਓਹਨੂੰ ਗੁਣਾਂ ਦੇ ਨਾਲ ਭਰਪੂਰ ਤੱਕਿਐ।

ਤੀਜੇ ਗੁਰਾਂ ਨੇ ਆਖਿਆ ਹਾਂ ਮੈਂ ਵੀ, ‘ਜੇਠੇ’ ਵਿੱਚ ਇਲਾਹੀ ਕੋਈ ਨੂਰ ਤੱਕਿਐ।

‘ਇਹੋ ਜਿਹਾ ਤੇ ਇਹੋ ਹੀ ਹੋ ਸਕਦੈ’, ਤੂੰ ਜੋ ਤੱਕਿਐ, ਹੀਰਾ ਕੋਹਿਨੂਰ ਤੱਕਿਐ।

 

ਗੁਰੂ ਸਾਹਿਬਾਂ ਨੇ ਆਪਣੀ ਪੁੱਤਰੀ ਦਾ, ਭਾਈ ਜੇਠੇ ਨਾਲ ਕੀਤਾ ਵਿਆਹ ਹੈਸੀ ।

ਆਪਣੇ ਪਤੀ ਦੇ ਨਾਲ ਹੀ ਰਲ ਮਿਲ ਕੇ, ਗ੍ਰਿਹਸਤ ਜੀਵਨ ਦਾ ਕਰਦੇ ਨਿਰਬਾਹ ਹੈਸੀ ।

ਤੀਖਣ ਬੁੱਧੀ ਦੇ ਬੀਬੀ ਜੀ ਸਨ ਮਾਲਕ, ਕਰਦਾ ਹਰ ਕੋਈ ਸਿਫਤ-ਸਲਾਹ ਹੈਸੀ।

ਸੀਲ ਸੰਜਮੀ ਸੋਹਣਾ ਸੁਭਾਅ ਤੱਕ ਕੇ, ਹਰ ਕੋਈ  ਕਹਿੰਦਾ ਵਾਹ-ਵਾਹ ਹੈਸੀ ।

 

ਤੀਜੇ ਪਾਤਸ਼ਾਹ ਭਾਨੀ ਨੂੰ ਕਿਹਾ ਇਕ ਦਿਨ, ‘ਅਰਜਨ’ ਹੈ ਤੇਰਾ ਹੋਣਹਾਰ ਬਾਲਕ।

ਸਾਡੀ ਪੱਗ ਦੀ ਰੱਖੂਗਾ ਲਾਜ ਇਹ ਤਾਂ, ਦੁਨੀਆਂ ਵਿੱਚ ਇਹ ਪਾਊ ਸਤਿਕਾਰ ਬਾਲਕ।

ਰਹੂ ਸਦਾ ਹੀ ਰੱਬੀ ਰਜ਼ਾ ਅੰਦਰ, ਹੋਊ ਸ਼ਾਂਤੀ ਦਾ ਇਹ ਅਵਤਾਰ ਬਾਲਕ।

ਘੋਰ ਸੰਕਟ ਤੇ ਦੁੱਖ ਮੁਸੀਬਤਾਂ ਨੂੰ, ਖਿੜੇ ਮੱਥੇ ਇਹ ਲਊ ਸਹਾਰ ਬਾਲਕ।

 

ਬਹਿਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ, ਸੁਣ ਰਹੀਆਂ ਸਨ, ਦੀਨ ਦਇਆਲ ਤਾਂਈਂ।

ਬਾਲ ਅਰਜਨ ਵੀ ਰਿੜਦੇ ਹੋਏ ਕੋਲ ਪਹੁੰਚੇ, ਗੁਰਾਂ ਲਿਆ ਸੀ ਗੋਦੀ ਵਿੱਚ ਬਾਲ ਤਾਂਈਂ।

‘ਦੋਹਿਥਾ ਬਾਣੀ ਕਾ ਬੋਹਿਥਾ’ ਕਹਿ ਮੁੱਖੋਂ, ਵਰ ਦਿੱਤਾ ਸੀ ਭਾਨੀ ਦੇ  ਲਾਲ ਤਾਂਈਂ।

ਨਦਰੀ ਨਦਰਿ ਸੀ ਕਰ ਨਿਹਾਲ ਦਿੱਤਾ, ਭਾਈ ਜੇਠੇ ਦੇ ਨੌਨਿਹਾਲ ਤਾਂਈਂ।

 

ਚੌਥੇ ਪਾਤਸ਼ਾਹ ਗੱਦੀ ਤੇ ਬੈਠ ਕੇ ਤੇ, ਪਾਵਨ ਬਚਨ ਸੁਣਾਉਂਦੇ ਰਹੇ ਸੰਗਤਾਂ ਨੂੰ ।

ਬੀਬੀ ਭਾਨੀ ਜੀ ਆਪ ਅਗਾਂਹ ਹੋ ਕੇ, ਪਲਕਾਂ ਉਤੇ ਬਿਠਾਉਂਦੇ ਰਹੇ ਸੰਗਤਾਂ ਨੂੰ ।

ਗੁਰੂ ਪਤੀ ਦੇ ਨਾਲ ਹੀ ਰਲ ਮਿਲ ਕੇ, ਗੁਰਮਤਿ ਮਾਰਗ ਸਮਝਾਉਂਦੇ ਰਹੇ ਸੰਗਤਾਂ ਨੂੰ।

ਸਾਰੀ ਉਮਰ ਹੀ ਭਾਨੀ ਜੀ ਖਿੜੇ ਮੱਥੇ, ਹੱਥੀਂ ਲੰਗਰ ਵਰਤਾਉਂਦੇ ਰਹੇ ਸੰਗਤਾਂ ਨੂੰ ।

 

ਬੀਬੀ ਭਾਨੀ ਦਾ ਜਿਥੇ ਹੈ ਖੂਹ ‘ਜਾਚਕ’, ਆਪ ਕਰਦੇ ਰਹੇ ਏਸ ਅਸਥਾਨ ਸੇਵਾ ।

ਤਰਨਤਾਰਨ ਜੋ ਸੰਗਤਾਂ ਆਉਂਦੀਆਂ ਸੀ, ਕਰਦੇ ਓਨਾਂ ਦੀ ਆਪ ਮਹਾਨ ਸੇਵਾ।

ਕਰਦੇ ਰਹੇ ਮਰੀਜ਼ਾਂ ਤੇ ਕੋਹੜੀਆਂ ਦੀ, ਆਪਣੀ ਸਮਝ ਕੇ ਜਿੰਦ ਤੇ ਜਾਨ ਸੇਵਾ।

ਬੀਬੀ ਭਾਨੀ ਜੋ ਸਿਦਕ ਦੇ ਨਾਲ ਕੀਤੀ, ਯਾਦ ਰਹਿਣੀ ਓਹ ਵਿੱਚ ਜਹਾਨ ਸੇਵਾ।