ਬੇਬੇ ਨਾਨਕੀ ਜੀ ਸੰਬੰਧੀ ਕਵਿਤਾਵਾਂ
ਬੇਬੇ ਨਾਨਕੀ ਜੀ
ਜਿਹੜੀ ਜਗਾ ਨੂੰ ਤੁਸਾਂ ਨੇ ਭਾਗ ਲਾਏ, ਪੂਜਣਯੋਗ ਹੈ ਓਹ ਅਸਥਾਨ ਬੇਬੇ।
ਤੇਰੇ ਵਰਗੀ ਤਾਂ ਤੂੰ ਹੀ ਸੈਂ ਜੱਗ ਤੇ, ਨਹੀਂ ਕੋਈ ਵੀ ਤੇਰੇ ਸਮਾਨ ਬੇਬੇ।
ਜਾਣੀ ਜਾਣ ਨੂੰ ਜਾਣ ਸੀ ਲਿਆ ਜਿਸ ਨੇ, ਧੁਰ ਅੰਦਰੋਂ ਸੀ ਜਾਣੀ ਜਾਣ ਬੇਬੇ।
ਚੱਲ ਕੇ ਧਰਤੀ ਤੇ ਆਪ ਨਿਰੰਕਾਰ ਆਇਐ, ਤੇਰੀ ਨਜ਼ਰ ਨੇ ਕੀਤੀ ਪਛਾਨ ਬੇਬੇ।
ਦਾਈ ਦੋਲਤਾਂ ਦੱਸਿਆ ਨਾਨਕੀ ਨੂੰ, ਤੇਰੇ ਬਾਬਲੇ ਘਰ ਤੇਰਾ ਵੀਰ ਆਇਐ।
ਹੋਇਆ ਚਾਨਣ ਤੇ ਅੱਖਾਂ ਚੁੰਧਿਆ ਗਈਆਂ, ਲੱਖਾਂ ’ਨੇਰਿਆਂ ਨੂੰ ਓਹ ਤਾਂ ਚੀਰ ਆਇਐ।
ਐਹੋ ਜਿਹਾ ਤਾਂ ਬਾਲਕ ਮੈਂ ਤੱਕਿਆ ਨਹੀਂ, ਅੱਲਾ ਦੁਨੀਆਂ ਤੇ ਧਾਰ ਸਰੀਰ ਆਇਐ।
ਰੋਂਦਾ ਰੋਂਦਾ ਨਹੀਂ, ਹੱਸਦਾ ਹੈ ਆਇਆ, ਬਦਲਣ ਦੁਨੀਆਂ ਦੀ ਇਹ ਤਕਦੀਰ ਆਇਐ।
ਨਾਨਕ ਰੂਪ ਦੇ ਵਿਚ ਨਿਰੰਕਾਰ ਆਇਐ, ਸਭ ਤੋਂ ਪਹਿਲਾਂ ਪਹਿਚਾਣਿਆ ਨਾਨਕੀ ਨੇ।
ਘਟ-ਘਟ ਦੇ ਦਿਲਾਂ ਦੀਆਂ ਜਾਣਦਾ ਜੋ, ਸਭ ਤੋਂ ਪਹਿਲਾਂ ਸੀ ਜਾਣਿਆ ਨਾਨਕੀ ਨੇ।
ਰੱਬੀ ਰੰਗ ਵਿੱਚ ਖੇਡਾਂ ਜੋ ਖੇਡਦੇ ਰਹੇ, ਰੰਗ ਓਹਨਾਂ ਦਾ ਮਾਣਿਆ ਨਾਨਕੀ ਨੇ।
ਸਾਰੀ ਉਮਰ ਹੀ ਭੈਣ ਦੇ ਪਿਆਰ ਵਾਲਾ, ਛੱਤਰ ‘ਨਾਨਕ’ ਤੇ ਤਾਣਿਆ ਨਾਨਕੀ ਨੇ।
ਸੱਚਾ ਸੌਦਾ ਕਰ ਨਾਨਕ ਜਦ ਘਰ ਆਇਆ, ਹੋਇਆ ਗੁੱਸੇ ਦੇ ਨਾਲ ਸੀ ਲਾਲ ਬਾਪੂ।
ਚੰਡਾਂ ਮਾਰ ਕੇ ਚੰਨ ਜਿਹੇ ਮੁੱਖੜੇ ਤੇ, ਗੱਲਾਂ ਕਰ ਦਿਤੀਆਂ ਲਾਲੋ ਲਾਲ ਬਾਪੂ।
ਭੈਣ ਨਾਨਕੀ ਨੇ ਆ ਕੇ ਗਲ ਲਾਇਆ, ਕਹਿੰਦੀ ਕੁਝ ਤਾਂ ਕਰ ਖਿਆਲ ਬਾਪੂ।
ਚੰਦ ਚਾਂਦੀ ਦੇ ਛਿਲੜਾਂ ਦੇ ਬਦਲੇ, ਥੱਪੜ ਮਾਰੇ ਈ ਗੁੱਸੇ ਦੇ ਨਾਲ ਬਾਪੂ।
ਅਜੇ ਤੱਕ ਵੀ ਤੂੰ ਨਹੀਂ ਸਮਝ ਸਕਿਆ, ਘੱਲਿਐ ਵੀਰੇ ਨੂੰ ਆਪ ਅਕਾਲ ਬਾਪੂ।
ਲੋਕੀ ਏਸ ਨੂੰ ਸਿਜਦੇ ਨੇ ਆਣ ਕਰਦੇ, ਚਿਹਰੇ ਉਤੇ ਹੈ ਅਜਬ ਜਲਾਲ ਬਾਪੂ।
ਏਹਨੇ ਸੋਧਣੀ ਧਰਤ ਲੋਕਾਈ ਸਾਰੀ, ਥਾਂ ਥਾਂ ਥਾਪਣੀਂ ਏਂ ਧਰਮਸਾਲ ਬਾਪੂ।
ਛੋਟੇ ਮੋਟੇ ਨਹੀਂ ਵੀਰੇ ਨੇ ਵਣਜ ਕਰਨੇ, ਵਣਜ ਕਰਨੇ ਨੇ ਬੇਮਿਸਾਲ ਬਾਪੂ।
ਵੇਂਈ ਨਦੀ ’ਚ ਚੁੱਭੀ ਜਦ ਲਾਈ ਬਾਬੇ, ਸਾਰੇ ਕਹਿਣ ਲੱਗੇ, ਕਿਧਰ ਗਿਆ ਨਾਨਕ।
ਖਬਰ ਫੈਲ ਗਈ ਜੰਗਲ ਦੀ ਅੱਗ ਵਾਂਗੂੰ, ਰੁੜ ਗਿਆ ਏ, ਹੁਣ ਨਹੀਂ ਰਿਹਾ ਨਾਨਕ।
ਚੁੱਲੇ ਠੰਡੇ ਹੋਏ ਕਿਸੇ ਨਾ ਅੱਗ ਬਾਲੀ, ਵੇਂਈ ਨਦੀ ਨੇ ਨਿਗਲ ਏ ਲਿਆ ਨਾਨਕ।
ਭੈਣ ਨਾਨਕੀ ਅਜੇ ਵੀ ਕਹਿ ਰਹੀ ਸੀ, ਚੋਜੀ ਚੋਜ ਕੋਈ ਕਰਦਾ ਏ ਪਿਆ ਨਾਨਕ।
ਆ ਕੇ ਵਜਦ ਦੇ ਵਿੱਚ ਓਹ ਕਹਿਣ ਲੱਗੀ, ਕੰਡਾ ਕਦੇ ਨਹੀ ਫੁੱਲ ਨੂੰ ਚੁੱਭ ਸਕਦਾ।
ਮੈਨੂੰ ਮਾਣ ਹੈ ਆਪਣੇ ਵੀਰ ਉਤੇ, ਕਰ ਕੰਮ ਨਹੀਂ ਕੋਈ ਅਸ਼ੁੱਭ ਸਕਦਾ।
ਕਹਿ ਸਕਦੀ ਹਾਂ ਪੂਰੇ ਵਿਸ਼ਵਾਸ਼ ਦੇ ਨਾਲ, ਓਹਦਾ ਪੈਰ ਨਹੀਂ ਵੇਈਂ ਵਿੱਚ ਖੁੱਭ ਸਕਦਾ।
ਜਿਹੜਾ ਡੁੱਬਿਆਂ ਦੇ ਬੇੜੇ ਤਾਰਦਾ ਏ, ਓਹ ਨਹੀਂ ਵੇਈਂ ’ਚ ਕਦੇ ਵੀ ਡੁੱਬ ਸਕਦਾ।
ਤੀਜੇ ਦਿਨ ਜਦ ਨਾਨਕ ਜੀ ਹੋਏ ਪਰਗਟ, ਵਗਦੇ ਹੰਝੂਆਂ ਨੂੰ ਇਕਦਮ ਬੰਨ੍ਹ ਲੱਗੇ।
ਨਾਨਕ ਪਰਤ ਆਇਐ, ਨਾਨਕ ਪਰਤ ਆਇਐ, ਮੁੱਖ ’ਚੋਂ ਕਹਿਣ ਸਾਰੇ ਧੰਨ ਧੰਨ ਲੱਗੇ।
ਦਰਸ਼ਨ ਕਰਨ ਤੇ ਸੁਣਨ ਲਈ ਸਭ ਵਿਥਿਆ, ਹੈਸਨ ਕੁਦਰਤ ਨੂੰ ਅੱਖਾਂ ਤੇ ਕੰਨ ਲੱਗੇ।
ਬੇਬੇ ਨਾਨਕੀ ਖੁਸ਼ੀ ਨਾਲ ਹੋਈ ਖੀਵੀ, ਓਹਦੇ ਸਿਦਕ ਨੂੰ ਸੀ ਚਾਰ ਚੰਨ ਲੱਗੇ।
ਕਰਦੀ ਪਈ ਸੀ ਲੰਗਰ ਤਿਆਰ ਸੋਹਣਾ, ਫੁਲਕਾ ਤਵੇ ਉਤੇ ਜਦੋਂ ਫੁੱਲਿਆ ਏ।
ਯਾਦ ਆ ਗਈ ਵੀਰ ਦੀ ਯਾਦ ਸੋਹਣੀ, ਵੀਰਾ ਭੈਣ ਨੂੰ ਕਿਸ ਤਰ੍ਹਾਂ ਭੁੱਲਿਆ ਏ।
ਖੜਕੀ ਦਿਲ ਦੀ ਦਿਲ ਵਿੱਚ ਤਾਰ ਹੈਸੀ, ਬੂਹਾ ਆਪਣੇ ਆਪ ਹੀ ਖੁਲਿਆ ਏ।
ਆਪਣੇ ਵੀਰ ਨੂੰ ਸਾਹਮਣੇ ਤੱਕ ‘ਜਾਚਕ’, ਰੋਮ ਰੋਮ ਵਿੱਚੋਂ ਪਿਆਰ ਡੁਲਿਆ ਏ।