Home » ਸਾਹਿਬਜ਼ਾਦਿਆਂ ਸੰਬੰਧੀ ਕਵਿਤਾਵਾਂ » ਸ਼ਹੀਦ ਭਾਈ ਮੋਤੀ ਰਾਮ ਸੰਬੰਧੀ ਕਵਿਤਾਵਾਂ

ਸ਼ਹੀਦ ਭਾਈ ਮੋਤੀ ਰਾਮ ਸੰਬੰਧੀ ਕਵਿਤਾਵਾਂ

by Dr. Hari Singh Jachak
Poems Shaheed Bhai Moti Ram

ਸ਼ਹੀਦ ਭਾਈ ਮੋਤੀ ਰਾਮ ਸੰਬੰਧੀ ਕਵਿਤਾਵਾਂ

ਸ਼ਹੀਦ ਭਾਈ ਮੋਤੀ ਰਾਮ ਸੰਬੰਧੀ

ਮੋਤੀ ਰਾਮ ਹੈ ਚਮਕਦਾ ਚੰਨ ਵਾਂਗ਼ੂੰ, ਸੇਵਾ ਸਿਦਕ ਦੇ ਸੋਹਣੇ ਅਸਮਾਨ ਅੰਦਰ।

ਜਦੋਂ ਕਿਤੇ ਸਰਹੰਦ ਦਾ ਜਿਕਰ ਆਉਂਦੈ, ਨਾਂ ਲਿਆ ਜਾਂਦੈ ਦਾਸਤਾਨ ਅੰਦਰ।

ਨਾ ਹੀ ਡਰਿਆ ਤੇ ਨਾ ਹੀ ਡੋਲਿਆ ਜੋ, ਆਏ ਹੋਏ ਇਸ ਜ਼ੁਲਮੀ ਤੁਫਾਨ ਅੰਦਰ।

ਲਾ ਕੇ ਮੌਤ ਨੂੰ ਗਲ ਨਾਲ ਖਿੜੇ ਮੱਥੇ, ਕੀਤੀ ਕਾਇਮ ਮਿਸਾਲ ਜਹਾਨ ਅੰਦਰ।

 

ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ, ਲੋਭੀ ਗੰਗੂ ਨੇ ਕੈਦ ਕਰਵਾਏ ਹੈਸਨ।

ਸੂਬੇ ਖਾਨ ਵਜੀਦ ਦੇ ਹੁਕਮ ਉਤੇ, ਠੰਢੇ ਬੁਰਜ ਵਿੱਚ ਗਏ ਠਹਿਰਾਏ ਹੈਸਨ।

ਸੋਚ ਸੋਚ ਕੇ ਰੂਹ ਹੈ ਕੰਬ ਜਾਂਦੀ, ਪਲ ਪਲ ਕਿਸ ਤਰ੍ਹਾਂ ਓਨ੍ਹਾਂ ਬਿਤਾਏ ਹੈਸਨ।

ਮੋਤੀ ਰਾਮ ਤਦ ਸ਼ਾਹੀ ਹੁਕਮ ਮੰਨ ਕੇ, ਖਾਣਾ ਖਾਣ ਦੇ ਲਈ ਲਿਆਏ ਹੈਸਨ।

 

ਆਇਆ ਖਾਣਾ ਜੋ ਸ਼ਾਹੀ ਰਸੋਈ ਵਿਚੋਂ, ਉਸ ਨੂੰ ਖਾਣ ਤੋਂ ਓਨ੍ਹਾਂ ਇਨਕਾਰ ਕੀਤਾ।

ਮੋਤੀ ਰਾਮ ਨੇ ਆਪਣੇ ਘਰ ਜਾ ਕੇ, ਆਪਣੀ ਪਤਨੀ ਦੇ ਨਾਲ ਵਿਚਾਰ ਕੀਤਾ।

ਸੋਚ ਸੋਚ ਕੇ ਖਾਣਾ ਨਾ ਖਾ ਸਕੇ, ਕੈਸਾ ਸੂਬੇ ਨੇ ਅਤਿਆਚਾਰ ਕੀਤਾ।

ਆਖਰ ਓਨ੍ਹਾਂ ਦੇ ਤਾਈਂ ਛਕਾਉਣ ਦੇ ਲਈ, ਗਰਮਾ ਗਰਮ ਸੀ ਦੁੱਧ ਤਿਆਰ ਕੀਤਾ।

 

ਅੱਧੀ ਰਾਤ ਦੇ ਸਮੇਂ ਓਹ ਦੁੱਧ ਲੈ ਕੇ, ਠੰਢੇ ਬੁਰਜ ਵੱਲ ਤੁਰਿਆ ਪਿਲਾਉਣ ਖਾਤਰ।

ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਤੇ, ਸੇਵਕ ਜਾ ਰਿਹੈ, ਸੇਵਾ ਕਮਾਉਣ ਖਾਤਰ।

ਪਹਿਰੇਦਾਰਾਂ ਨੂੰ ਪਤਨੀ ਦੇ ਦੇ ਗਹਿਣੇ, ਪਹੁੰਚਾ ਦਿਲ ਦੀ ਰੀਝ ਪੁਗਾਉਣ ਖਾਤਰ।

ਕਹਿੰਦਾ, ਮਾਤਾ ਜੀ ਘਰੋਂ ਮੈਂ ਲੈ ਆਇਆਂ, ਦੁੱਧ ਤੁਸਾਂ ਦੇ ਤਾਈਂ ਛਕਾਉਣ ਖਾਤਰ।

 

ਮਾਤਾ ਗੁਜਰੀ ਜਦ ਦੁੱਧ ਪ੍ਰਵਾਨ ਕੀਤਾ, ਮੋਤੀ ਖੁਸ਼ੀ ’ਚ ਖੀਵਾ ਤਦ ਹੋ ਰਿਹਾ ਸੀ।

ਤਿੰਨ ਦਿਨ ਛਕਾਉਂਦਾ ਰਿਹਾ ਦੁੱਧ ਏਦਾਂ, ਨਾਲ ਖਤਰਿਆਂ ਦੇ ਖੇਡ ਜੋ ਰਿਹਾ ਸੀ।

ਮਾਤਾ ਗੁਜਰੀ ਤੇ ਲਾਲਾਂ ਦੀ ਤੱਕ ਹਾਲਤ, ਅੰਦਰੋ ਅੰਦਰੀ ਓਹ ਬੜਾ ਹੀ ਰੋ ਰਿਹਾ ਸੀ।

ਨੈਣੋਂ ਨੀਰ ਵਗਾ ਕੇ ਭਾਈ ਮੋਤੀ, ਮਾਤਾ ਗੁਜਰੀ ਦੇ ਚਰਨਾਂ ਨੂੰ ਧੋ ਰਿਹਾ ਸੀ।

 

ਮਾਤਾ ਜੀ ਨੇ ਕਿਹਾ ਪ੍ਰਸੰਨ ਹੋ ਕੇ, ਤੇਰੀ ਸੇਵਾ ਹੈ ਹੋਈ ਪਰਵਾਨ ਮੋਤੀ।

ਆਪਣੇ ਸੀਸ ਨੂੰ ਤਲੀ ਤੇ ਰੱਖ ਕੇ ਤੇ, ਸਾਡੇ ਉਤੇ ਤੂੰ ਕੀਤਾ ਅਹਿਸਾਨ ਮੋਤੀ।

ਆ ਕੇ ਵਜਦ ’ਚ ਮਾਤਾ ਜੀ ਕਹਿਣ ਲੱਗੇ, ਤੂੰ ਮਹਾਨ ਮੋਤੀ, ਤੂੰ ਮਹਾਨ ਮੋਤੀ।

ਸਦਾ ਲਈ ਤੂੰ ਅਮਰ ਹੈ ਹੋ ਜਾਣਾ, ਨਾਂ ਰਹੇਗਾ ਵਿੱਚ ਜਹਾਨ ਮੋਤੀ।

 

ਕੁਝ ਦਿਨ ਬਾਅਦ ਹੀ ਸੂਹੀਏ ਦੀ ਸੂਹ ਉਤੇ, ਮੋਤੀ ਬੰਦੀ ਬਣਾਇਆ ਸੀ ਜ਼ਾਲਮਾਂ ਨੇ।

ਤੂੰ ਦੁੱਧ ਪਿਲਾਇਆ ਏ ਬਾਗੀਆਂ ਨੂੰ, ਕਹਿ ਕੇ ਫਤਵਾ ਲਗਾਇਆ ਸੀ ਜ਼ਾਲਮਾਂ ਨੇ।

ਪਰ ਚਿਹਰੇ ਉਤੇ ਕੋਈ ਰੱਬੀ ਜਲਾਲ ਹੈਸੀ, ਜਦੋਂ ਕੋਹਲੂ ਚਲਵਾਇਆ ਸੀ ਜ਼ਾਲਮਾਂ ਨੇ।

ਮੋਤੀ ਨਾਲ ਨਪੀੜ ਪਰਵਾਰ ਸਾਰਾ, ਡਾਢਾ ਜ਼ੁਲਮ ਕਮਾਇਆ ਸੀ ਜ਼ਾਲਮਾਂ ਨੇ।

 

ਮੋਤੀ ਰਾਮ ਹੈ ਕੌਮੀਂ ਅਣਮੋਲ ਹੀਰਾ, ਕਿਵੇਂ ਕਵਿਤਾ ’ਚ ਕਰਾਂ ਵਡਿਆਈ ਉਸਦੀ।

‘ਜਾਚਕ’ ਸਾਰੇ ਪਿਆਰ ਦੇ ਨਾਲ ਬੋਲੋ, ਧੰਨ ਮੋਤੀ ਤੇ ਧੰਨ ਕਮਾਈ ਉਸਦੀ।