Home » ਸਾਹਿਬਜ਼ਾਦਿਆਂ ਸੰਬੰਧੀ ਕਵਿਤਾਵਾਂ » ਸਾਹਿਬਜ਼ਾਦਾ ਜੁਝਾਰ ਸਿੰਘ ਸੰਬੰਧੀ ਕਵਿਤਾਵਾਂ

ਸਾਹਿਬਜ਼ਾਦਾ ਜੁਝਾਰ ਸਿੰਘ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Sahibzada Jujhar Singh

ਸਾਹਿਬਜ਼ਾਦਾ ਜੁਝਾਰ ਸਿੰਘ ਸੰਬੰਧੀ ਕਵਿਤਾਵਾਂ

ਸਾਹਿਬਜ਼ਾਦਾ ਜੁਝਾਰ ਸਿੰਘ

ਅਨੰਦਪੁਰ ਦੀ ਪਾਵਨ ਧਰਤ ਉੱਤੇ, ਸਾਹਿਬਜ਼ਾਦੇ ਜੁਝਾਰ ਦਾ ਜਨਮ ਹੋਇਆ।

ਦਸਮ ਪਿਤਾ ਦੇ ਬਾਗੀਂ ਬਹਾਰ ਆਈ, ਦੂਜੇ ਬਰਖੁਰਦਾਰ ਦਾ ਜਨਮ ਹੋਇਆ।

ਬਚਪਨ ਵਿੱਚ ਜਿਸ ਸ਼ਸ਼ਤਰ ਅਭਿਆਸ ਕੀਤਾ, ਓਸ ਨੂਰੀ ਨੁਹਾਰ ਦਾ ਜਨਮ ਹੋਇਆ।

ਜਿਹੜਾ ਜੂਝਿਆ ਜੰਗ ਚਮਕੌਰ ਅੰਦਰ, ਓਸ ਬਾਂਕੇ ਬਲਕਾਰ ਦਾ ਜਨਮ ਹੋਇਆ।

 

ਛੱਡਿਆ ਕਿਲ੍ਹਾ ਜਾਂ ਗੁਰਾਂ ਅਨੰਦਪੁਰ ਦਾ, ਆਈ ਔਖੀ ਕੋਈ ਘੜੀ ਸੀ ਓਸ ਵੇਲੇ।

ਸਰਸਾ ਨਦੀ ਨੂੰ ਕਰਨ ਜਦ ਪਾਰ ਲੱਗੇ, ਨਦੀ ਚੜ੍ਹੀ ਹੋਈ ਬੜੀ ਸੀ ਓਸ ਵੇਲੇ।

ਵਿਛੜ ਗਿਆ ਸੀ ਸਾਰਾ ਪਰਿਵਾਰ ਓਥੇ, ਸਾਹਵੇਂ ਮੌਤ ਵੀ ਖੜ੍ਹੀ ਸੀ ਓਸ ਵੇਲੇ।

ਸਿੰਘਾਂ ਨਾਲ ਅਜੀਤ ਜੁਝਾਰ ਸਿੰਘ ਦੇ, ਪਹੁੰਚੇ ਚਮਕੌਰ ਦੀ ਗੜ੍ਹੀ ਸੀ ਓਸ ਵੇਲੇ।

 

ਤੱਕ ਕੇ ਹੋਇਆ ਸ਼ਹੀਦ ਅਜੀਤ ਸਿੰਘ ਨੂੰ, ਜੁਝਾਰ ਸਿੰਘ ਸੀ ਆਇਆ ਨਜ਼ਦੀਕ ਸਤਿਗੁਰ।

ਛੇਤੀ ਕਰੋ ਤਿਆਰ ਹੁਣ ਪਿਤਾ ਮੈਨੂੰ, ਵੱਡੇ ਵੀਰ ਜੀ ਰਹੇ ਉਡੀਕ ਸਤਿਗੁਰ।

ਲਾੜੀ ਮੌਤ ਨੂੰ ਹੱਸ ਕੇ ਮੈਂ ਵਰਨਾ, ਸਮਝੋ ਏਸ ਨੂੰ ਪੱਥਰ ਤੇ ਲੀਕ ਸਤਿਗੁਰ।

ਇਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ, ਕੱਠੇ ਰਹੇ ਜਿਹੜੇ ਅੱਜ ਤੀਕ ਸਤਿਗੁਰ।

 

ਅਣਖੀ ਬੋਲਾਂ ਨੂੰ ਸੁਣ ਦਸਮੇਸ਼ ਜੀ ਨੇ, ਲਾਇਆ ਸੀਨੇ ਦੇ ਨਾਲ ਬਲਕਾਰ ਪੁੱਤਰ।

ਨਿੱਕੇ ਹੱਥਾਂ ’ਚ ਨਿੱਕੀ ਜਿਹੀ ਤੇਗ ਦੇ ਕੇ, ਕੀਤਾ ਜੰਗ ਦੇ ਲਈ ਤਿਆਰ ਪੁੱਤਰ।

ਸੱਥਰ ਲਾਹ ਸੁੱਟੀਂ ਜਾ ਕੇ ਵੈਰੀਆਂ ਦੇ, ਦਿੱਤੀ ਏਸ ਲਈ ਤੈਨੂੰ ਤਲਵਾਰ ਪੁੱਤਰ।

ਤੇਰੇ ਲਹੂ ਦੀ ਇੱਕ ਇੱਕ ਬੂੰਦ ਵਿਚੋਂ, ਪੈਦਾ ਹੋਣਗੇ ਕਈ ਜੁਝਾਰ ਪੁੱਤਰ।

 

ਅੱਡੀਆਂ ਚੁੱਕ ਚੁੱਕ ਤੱਕਦੀ ਰਹੀ ਹੋਣੀ, ਲੜਿਆ ਜਦੋਂ ਜੁਝਾਰ ਦਲੇਰ ਯੋਧਾ।

ਝਪਟ ਝਪਟ ਕੇ ਪੈਂਦਾ ਸੀ ਦੁਸ਼ਮਣਾਂ ’ਤੇ, ਲੱਗ ਰਿਹਾ ਸੀ ਜਖ਼ਮੀ ਕੋਈ ਸ਼ੇਰ ਯੋਧਾ।

ਚਾਰੇ ਪਾਸੇ ਤੋਂ ਹੋ ਗਿਆ ਜਦੋਂ ਹਮਲਾ, ਚੱਕਰ ਵਿਹੂ ’ਚ ਫਸ ਗਿਆ ਫੇਰ ਯੋਧਾ।

ਟਿੱਡੀ ਦਲਾਂ ਦੀਆਂ ਸਫਾਂ ਵਲੇਟ ਕੇ ਤੇ, ‘ਜਾਚਕ’ ਹੋ ਗਿਆ ਅੰਤ ਨੂੰ ਢੇਰ ਯੋਧਾ।