Poems on Sahibzada Jorawar Singh
ਸਾਹਿਬਜ਼ਾਦਾ ਜੋਰਾਵਰ ਸਿੰਘ ਸੰਬੰਧੀ ਕਵਿਤਾਵਾਂ
ਸਾਹਿਬਜ਼ਾਦਾ ਜੋਰਾਵਰ ਸਿੰਘ
ਪਰਗਟ ਹੋਇਆ ਸੀ ਜੋਰਾਵਰ ਸਾਹਿਬਜ਼ਾਦਾ, ਪਾਵਨ ਧਰਤੀ ਤੇ ਪੁਰੀ ਅਨੰਦ ਅੰਦਰ।
ਕਲਗੀਧਰ ਦਾ ਲਾਡਲਾ ਲਾਲ ਸੋਹਣਾ, ਵੱਡੇ ਗੁਣ ਸਨ ਏਸ ਫਰਜ਼ੰਦ ਅੰਦਰ।
ਚਿਹਰੇ ਉਤੇ ਨੂਰਾਨੀ ਕੋਈ ਨੂਰ ਹੈਸੀ, ਜੋਸ਼ ਜਜਬਾ ਸੀ ਬੜਾ ਬੁਲੰਦ ਅੰਦਰ।
ਅੱਠ ਸਾਲ ਦੀ ਉਮਰ ਵਿੱਚ ਸਾਹਿਬਜ਼ਾਦਾ, ਚਿਣਿਆ ਗਿਆ ਸਰਹੰਦ ਦੀ ਕੰਧ ਅੰਦਰ।
ਕਲਗੀਧਰ ਦੇ ਬਾਗ ਪਰਵਾਰ ਵਾਲਾ, ਹੀਰਾ ਰਤਨ ਅਨਮੋਲ ਸੀ ਸਾਹਿਬਜ਼ਾਦਾ।
ਮਨ ਓਸ ਦਾ ਬੜਾ ਬਲਵਾਨ ਹੈਸੀ, ਬੇਸ਼ਕ ਤਨ ਦਾ ਸੋਹਲ ਸੀ ਸਾਹਿਬਜ਼ਾਦਾ।
ਪਾਵਨ ਮੁੱਖ ’ਚੋਂ ਸੀਅ ਜਾਂ ਹਾਇ ਦੀ ਥਾਂ, ਰਿਹਾ ਵਾਹਿਗੁਰੂ ਬੋਲ ਸੀ ਸਾਹਿਬਜ਼ਾਦਾ।
ਡੋਲ ਗਏ ਸਨ ਖੰਡ ਬ੍ਰਹਿਮੰਡ ਸਾਰੇ, ਐਪਰ ਰਿਹਾ ਅਡੋਲ ਸੀ ਸਾਹਿਬਜ਼ਾਦਾ।
ਜਿਵੇਂ ਸਬਰ ਨੇ ਜਬਰ ਨੂੰ ਮਾਤ ਦਿੱਤੀ, ਪੂਰੀ ਦੁਨੀਆਂ ਦੇ ਤਾਈਂ ਦਿਖਲਾ ਗਿਆ ਓਹ।
ਗੋਡੇ ਟੇਕੇ ਨਹੀਂ ਓਸ ਨੇ ਝੂਠ ਅੱਗੇ, ਛਾਪ ਸੱਚ ਦੀ ਦਿਲਾਂ ਤੇ ਲਾ ਗਿਆ ਓਹ।
ਨਿੱਕੀ ਉਮਰ ’ਚ ਕਰ ਕੇ ਕੰਮ ਵੱਡੇ, ਸਾਡੇ ਲਈ ਸੀ ਪੂਰਨੇ ਪਾ ਗਿਆ ਓਹ।
ਸਿਹਰੇ ਬੰਨ੍ਹ ਸ਼ਹੀਦੀ ਦੇ ਬਾਲ ਉਮਰੇ, ਮੌਤ ਵਰਨ ਦਾ ਵੱਲ ਸਿਖਾ ਗਿਆ ਓਹ।