ਸਾਹਿਬਜ਼ਾਦਾ ਅਜੀਤ ਸਿੰਘ ਸੰਬੰਧੀ ਕਵਿਤਾਵਾਂ
ਸਾਹਿਬਜ਼ਾਦਾ ਅਜੀਤ ਸਿੰਘ
ਪਾਉਂਟਾ ਸਾਹਿਬ ਦੀ ਧਰਤੀ ਨੂੰ ਭਾਗ ਲੱਗੇ, ਕਲਗੀਧਰ ਦੇ ਘਰ ਫਰਜੰਦ ਆਇਐ।
ਦੂਰ ਕਰਨ ਲਈ ਘੁੱਪ ਹਨੇਰਿਆਂ ਨੂੰ, ਮਾਨੋ ਧਰਤੀ ’ਤੇ ਚਲ ਕੇ ਚੰਦ ਆਇਐ।
ਲਹਿਰ ਖੁਸ਼ੀ ਦੀ ਦੌੜੀ ਏ ਹਰ ਪਾਸੇ, ਨਾਲ ਬਾਲਕ ਦੇ ਖੇੜਾ ਅਨੰਦ ਆਇਐ।
ਕਲਗੀਧਰ ਦੇ ਬਾਗ ਦਾ ਫੁੱਲ ਸੋਹਣਾ, ਵੰਡਣ ਲਈ ਕੋਈ ਏਥੇ ਸੁਗੰਧ ਆਇਐ।
ਇਹਨੂੰ ਕਦੇ ਵੀ ਕੋਈ ਨਾ ਜਿੱਤ ਸੱਕੂ, ਨਾਂ ਰੱਖਿਆ ਗੁਰਾਂ ਅਜੀਤ ਸੋਹਣਾ।
ਤੀਰਾਂ ਨੇਜ਼ੇ, ਤਲਵਾਰਾਂ ਤੇ ਘੋੜਿਆਂ ਨਾਲ, ਰੱਖਦਾ ਸ਼ੁਰੂ ਤੋਂ ਰਿਹਾ ਪ੍ਰੀਤ ਸੋਹਣਾ।
ਸਿੱਖੀ ਸਿੱਖਿਆ, ਸਿੱਖਾਂ ਤੇ ਸਤਿਗੁਰਾਂ ਤੋਂ, ਸਮਾਂ ਹੋਇਆ ਸੀ ਬੜਾ ਬਤੀਤ ਸੋਹਣਾ।
ਅੰਮ੍ਰਿਤ ਛੱਕ ਕੇ ਖੰਡੇ ਦੀ ਧਾਰ ਵਾਲਾ, ਸਮਝ ਗਿਆ ਸੀ ਸਿੱਖੀ ਦੀ ਰੀਤ ਸੋਹਣਾ।
ਚਾਰ ਯੁੱਧ ਹੋਏ ਪੁਰੀ ਅਨੰਦ ਅੰਦਰ, ਲਹੂ ਡੋਲ੍ਹਵੀਂ ਹੋਈ ਲੜਾਈ ਹੈਸੀ।
ਅਜੀਤ ਸਿੰਘ ਨੇ ਜੰਗਾਂ’ਚ ਲੈ ਹਿੱਸਾ, ਕੀਤੀ ਦੁਸ਼ਮਣ ਦੀ ਚੰਗੀ ਸੁਧਾਈ ਹੈਸੀ।
ਦਸਮ ਪਿਤਾ ਨੇ ਕੋਲ ਬੁਲਾ ਕੇ ਤੇ, ਉਹਦੇ ਹੱਥ ਤਲਵਾਰ ਫੜਾਈ ਹੈਸੀ।
ਸਜ਼ਾ ਦੇਣ ਲਈ ਦੁਸ਼ਟਾਂ ਤੇ ਦੋਖੀਆਂ ਨੂੰ, ਬੇਮਿਸਾਲ ਉਸ ਤੇਗ ਚਲਾਈ ਹੈਸੀ।
ਇਕ ਬ੍ਰਾਹਮਣ ਜਦ ਲੈ ਫਰਿਆਦ ਆਪਣੀ, ਹਾਜ਼ਰ ਹੋਇਆ ਸੀ ਗੁਰੂ ਦਰਬਾਰ ਅੰਦਰ।
ਜ਼ਾਬਰ ਖਾਂ ਨੇ ਵਹੁਟੀ ਹੈ ਖੋਹੀ ਮੇਰੀ, ਕਹਿਕੇ ਰੋ ਰਿਹਾ ਸੀ ਜ਼ਾਰੋ ਜ਼ਾਰ ਅੰਦਰ।
ਦਿਨ ਦਿਹਾੜੇ ਹੀ ਲੁੱਟੀ ਗਈ ਪੱਤ ਮੇਰੀ, ਨਾ ਕੋਈ ਬਹੁੜਿਆ ਇਸ ਸੰਸਾਰ ਅੰਦਰ।
ਬਾਜਾਂ ਵਾਲਿਆ, ਲਾਜ ਹੁਣ ਰੱਖ ਮੇਰੀ, ਚੱਲਕੇ ਆਇਆ ਹਾਂ ਤੇਰੇ ਦਰਬਾਰ ਅੰਦਰ।
ਦਰਦਨਾਕ ਵਿਥਿਆ ਸੁਣ ਕੇ ਸਤਿਗੁਰਾਂ ਨੇ, ਕਿਹਾ ਜਾਉ ਅਜੀਤ ਬਲਕਾਰ ਬੇਟਾ।
ਲੈ ਕੇ ਸਿੰਘਾਂ ਸਰਦਾਰਾਂ ਨੂੰ ਨਾਲ ਆਪਣੇ, ਜ਼ਾਬਰ ਖ਼ਾਂ ਦਾ ਕਰੋ ਸੁਧਾਰ ਬੇਟਾ।
ਉਸ ਪਾਪੀ ਨੂੰ ਸਬਕ ਸਿਖਾਉ ਜਾ ਕੇ, ਕਰ ਰਿਹਾ ਜੋ ਅਤਿਆਚਾਰ ਬੇਟਾ।
ਕਰਕੇ ਛੇਤੀ ਤੋਂ ਛੇਤੀ ਗ੍ਰਿਫਤਾਰ ਓਹਨੂੰ, ਪੇਸ਼ ਕਰੋ ਹੁਣ ਵਿੱਚ ਦਰਬਾਰ ਬੇਟਾ।
ਸਾਹਿਬਜ਼ਾਦੇ ਤੇ ਸਿੰਘਾਂ ਨੂੰ ਰੋਹ ਚੜ੍ਹਿਆ, ਚੜ੍ਹ ਗਏ ਘੋੜਿਆਂ ’ਤੇ ਵਾਗਾਂ ਮੋੜ ਕੇ ਤੇ।
ਜ਼ਾਬਰ ਖਾਂ ਦੇ ਘਰ ਵਿੱਚ ਹੋਏ ਦਾਖਲ, ਬੂਹਾ ਓਸ ਦੇ ਮਹਲ ਦਾ ਤੋੜ ਕੇ ਤੇ।
ਮਸ਼ਕਾਂ ਬੰਨ ਕੇ, ਘੋੜੇ ’ਤੇ ਲੱਦ ਆਖਰ, ਅਨੰਦਪੁਰੀ ’ਚ ਲਿਆਂਦਾ ਝੰਜੋੜ ਕੇ ਤੇ।
ਨਾਲ ਆਦਰ ਦੇ ਪੰਡਤ ਨੂੰ ਵਿਦਾ ਕੀਤਾ, ਪਤਨੀ ਉਸ ਦੀ ਓਸ ਨੂੰ ਮੋੜ ਕੇ ਤੇ।
ਸਾਹਿਬਜ਼ਾਦਾ ਅਜੀਤ ਸਿੰਘ ਕੁਦਿਆ ਸੀ, ਰਣ ਤੱਤੇ ਦੀ ਭੜਕਦੀ ਅੱਗ ਅੰਦਰ।
ਚੜ੍ਹਿਆ ਹੋਇਆ ਸੀ ਜੋਸ਼ ਕੋਈ ਖਾਸ ਉਹਦੇ, ਰੋਮ ਰੋਮ ਅੰਦਰ, ਰਗ ਰਗ ਅੰਦਰ।
ਬੱਬਰ ਸ਼ੇਰ ਦੇ ਬੱਚੇ ਨੇ ਜਾਂਦਿਆਂ ਹੀ, ਭਾਜੜ ਪਾਈ ਸੀ ਭੇਡਾਂ ਦੇ ਵੱਗ ਅੰਦਰ।
ਵੀਰ ਗਤੀ ਪ੍ਰਾਪਤ ਉਹ ਕਰ ਆਖਰ, ਜੱਸ ਪਾ ਗਿਆ ਸਾਰੇ ਹੀ ਜੱਗ ਅੰਦਰ।
ਮਰਦੇ ਦਮ ਤੱਕ ਰਿਹਾ ਅਜੀਤ ਜਿਹੜਾ, ਸਾਨੂੰ ਮਾਣ ਅਜੀਤ ਦੇ ਨਾਂ ਉੱਤੇ।
ਓਹਦੀ ਪਾਵਨ ਸ਼ਹਾਦਤ ਨੂੰ ਯਾਦ ਕਰ ਕਰ, ਮੇਲੇ ਲੱਗ ਰਹੇ ਨੇ ਥਾਂ ਥਾਂ ਉੱਤੇ।