ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸੰਬੰਧੀ ਕਵਿਤਾਵਾਂ
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ
ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿਦਾਂ, ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ।
ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ, ਸਿਰ ’ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ।
ਜੇਹੋ ਜਿਹੀ ਸੀ ਗੁਰੂ ਦਸਮੇਸ਼ ਜੀ ਤੇ, ਏਹੋ ਜਿਹੀ ਨਹੀਂ ਕਿਸੇ ਤੇ ਛਾਂ ਹੋਣੀ।
ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ, ਗੁਜਰੀ ਜਿਹੀ ਨਹੀਂ ਕਿਸੇ ਦੀ ਮਾਂ ਹੋਣੀ।
ਸਾਰੀ ਉਮਰ ਹੀ ਦੁੱਖ ਮੁਸੀਬਤਾਂ ਨੇ, ਤੇਰੇ ਸਿਦਕ ਦਾ ਲਿਆ ਇਮਤਿਹਾਨ ਗੁਜਰੀ।
ਪਹਿਲਾ ਪਤੀ ਨੂੰ ਦਿੱਲੀ ਵਿੱਚ ਵਾਰ ਦਿੱਤਾ, ਝੱਲਿਆ ਔਕੜਾਂ ਵਾਲਾ ਤੁਫਾਨ ਗੁਜਰੀ।
ਚੜ੍ਹਦੀ ਕਲਾ ਨਾਲ ਪੋਤਰੇ ਤੋਰ ਦਿੱਤੇ, ਆਪਣੇ ਚਿਹਰੇ ਤੇ ਰੱਖ ਮੁਸਕਾਨ ਗੁਜਰੀ।
ਹਰ ਕੋਈ ਪਿਆਰ ਸਤਿਕਾਰ ਦੇ ਨਾਲ ਕਹਿੰਦੈ, ਦਸਮ ਪਿਤਾ ਦੀ ਮਾਤਾ ਮਹਾਨ ਗੁਜਰੀ।
ਬੈਠੇ ਭਗਤੀ ’ਚ ਪਤੀ ਦੀ ਕਰ ਸੇਵਾ, ਕਈ ਸਾਲ ਸਨ ਦਿੱਤੇ ਗੁਜਾਰ ਗੁਜਰੀ।
ਤਿਲਕ ਜੰਝੂ ਦੀ ਰੱਖਿਆ ਲਈ ਪਹਿਲਾਂ, ਦਿੱਤਾ ਸਿਰ ਦੇ ਸਾਂਈਂ ਨੂੰ ਵਾਰ ਗੁਜਰੀ।
ਨੀਹਾਂ ਲਈ ਪਿਆਰਿਆਂ ਪੋਤਿਆਂ ਨੂੰ, ਹੱਥੀਂ ਆਪਣੀ ਕੀਤਾ ਤਿਆਰ ਗੁਜਰੀ।
ਪਰਵਦਗਾਰ ਦਾ ਸ਼ੁਕਰ ਮਨਾ ਆਖਰ, ਗੁਜਰ ਗਈ ਸਰਬੰਸ ਨੂੰ ਵਾਰ ਗੁਜਰੀ।
ਨੰਨੇ ਮੁੰਨੇ ਜਿਹੇ ਪੋਤਰੇ ਨਾਲ ਲੈ ਕੇ, ਵਿਛੜ ਗਈ ਸੀ ਨਾਲੋਂ ਪਰਵਾਰ ਮਾਤਾ।
ਅੱਗੋਂਗੰਗੂ ਦੇ ਰੂਪ ਵਿੱਚ ਮਿਲੀ ਹੋਣੀ, ਤੁਰ ਪਈ ਓਸ ’ਤੇ ਕਰ ਇਤਬਾਰ ਮਾਤਾ।
ਕਿਸੇ ਨਾਲ ਨਹੀਂ ਕੋਈ ਵੀ ਗੱਲ ਕਰਨੀ, ਕਹਿੰਦੀ ਰਹੀ ਉਹਨੂੰ ਵਾਰ ਵਾਰ ਮਾਤਾ।
ਪਰ ਲਾਲਚ ਵਸ ਹੋ ਪਾਪੀ ਕਰਵਾ ਦਿੱਤੀ, ਸਾਹਿਬਜ਼ਾਦਿਆਂ ਨਾਲ ਗ੍ਰਿਫਤਾਰਮਾਤਾ।
ਪਾ ਕੇ ਲਾਹਨਤਾਂ ਮਾਤਾ ਜੀ ਕਹਿਣ ਲੱਗੇ, ਤੂੰ ਤਾਂ ਮਾਇਆ ਦਾ ਹੋਇਓ ਗੁਲਾਮ ਗੰਗੂ।
ਪਲਦਾ ਰਿਹਾ ਤੂੰ ਸਾਡਿਆਂ ਟੁਕੜਿਆਂ ’ਤੇ, ਚੰਗਾ ਦਿੱਤਾ ਈ ਓਹਦਾ ਇਨਾਮ ਗੰਗੂ।
ਸਾਨੂੰ ਦੁਸ਼ਟਾਂ ਦੇ ਹੱਥ ਫੜਾ ਕੇ ਤੇ, ਬਾਹਮਣ ਕੌਮ ਨੂੰ ਕੀਤਾ ਬਦਨਾਮ ਗੰਗੂ।
ਸੋਲਾਂ ਸਾਲ ਤੂੰ ਗੁਰੂ ਕਾ ਨਮਕ ਖਾਧਾ, ਹੁਣ ਤੂੰ ਹੋ ਗਿਐਂ ਨਮਕ ਹਰਾਮ ਗੰਗੂ।
ਠੰਡੇ ਬੁਰਜ ਅੰਦਰ, ਠੰਡੀ ਥਾਂ ਉੱਤੇ, ਠੰਡੀ ਠਾਰ ਗੁਜਾਰੀ, ਹਰ ਰਾਤ ਗੁਜਰੀ।
ਸਮਾਂ ਬੜਾ ਹੀ ਮਾੜਾ ਹੈ ਆਉਣ ਵਾਲਾ, ਸਾਹਵੇਂ ਤੱਕੇ ਸਨ ਸਾਰੇ ਹਾਲਾਤ ਗੁਜਰੀ।
ਆਪਣੇ ਪੁੱਤ ਦੇ ਜਿਗਰ ਦੇ ਟੁਕੜਿਆਂ ਨੂੰ, ਸਮੇਂ ਸਮੇਂ ਸਮਝਾਈ ਹਰ ਬਾਤ ਗੁਜਰੀ।
ਲਾਡ ਰਹੀ ਲਡਾਉਂਦੀ ਸੀ ਪੋਤਿਆਂ ਨੂੰ, ਮਾਂ ਦੀ ਮਮਤਾ ਦੀ ਮੂਰਤ ਸੀ ਮਾਤ ਗੁਜਰੀ।
ਮੁਖੜਾ ਚੁੰਮ ਦੁਮਾਲੇ ਸਜਾ ਕੇ ਤੇ, ਕਿਹਾ ਲਾਡਲੇ ਲਾਲ ਦੇ ਲਾਲ ਬੱਚਿਓ।
ਤੁਸਾਂ ਤਾਂਈਂ ਭਰਮਾਉਣ ਦਾ ਯਤਨ ਕਰਨੈ, ਮੋਮੋਠਗਣੀਆਂ ਗੱਲਾਂ ਦੇ ਨਾਲ ਬੱਚਿਓ।
ਨਾ ਹੀ ਡੋਲਣਾ, ਡਰਨਾ ਨਾ ਕਿਸੇ ਕੋਲੋਂ, ਕਰਨੈ ਤੁਸਾਂ ਨੂੰ ਹਾਲੋਂ ਬੇਹਾਲ ਬੱਚਿਓ।
ਪਰ ਥੋਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ, ਰਾਖਾ ਤੁਸਾਂ ਦਾ ਪੁਰਖ ਅਕਾਲ ਬੱਚਿਓ।
ਏਸ ਗੱਲ ਦਾ ਖਾਸ ਖਿਆਲ ਰੱਖਿਉ, ਦਾਗ ਲੱਗੇ ਨਾ ਦਾਦੇ ਦੀ ਪੱਗ ਉੱਤੇ।
ਡਰਨਾ ਡੋਲਨਾ ਨਹੀਂ ਬੇਸ਼ਕ ਜ਼ਾਲਿਮ, ਛੁਰੀ ਰੱਖ ਦੇਵਣ ਸ਼ਾਹ ਰੱਗ ਉੱਤੇ।
ਸਦਾ ਸਦਾ ਦੇ ਲਈ ਬੁਝਾ ਦੇਣੀ, ਪਾ ਕੇ ਖੂਨ ਆਪਣਾ, ਜ਼ੁਲਮੀ ਅੱਗ ਉੱਤੇ।
ਡੋਲੇ ਨਹੀਂ ਪੋਤੇ, ਨੌਵੇਂ ਪਾਤਸ਼ਾਹ ਦੇ, ਜੈ ਜੈ ਕਾਰ ਹੋ ਗਈ ਸਾਰੇ ਜੱਗ ਉੱਤੇ।
ਜਾਣ ਲੱਗੇ ਕਚਿਹਰੀ ਤਾਂ ਕਿਹਾ ਦੁਸ਼ਟਾਂ, ਝੁਕ ਕੇ ਸੂਬੇ ਨੂੰ ਕਰਿਓ ਸਲਾਮ ਬੱਚਿਓ।
ਥੋਡੀ ’ਵਾ ਵੱਲ ਕੋਈ ਨਹੀਂ ਤੱਕ ਸਕਦਾ, ਮੰਨ ਲਿਆ ਜੇ ਦੀਨ ਇਸਲਾਮ ਬੱਚਿਓ।
ਇਕ ਪਾਸੇ ਹੈ ਸੂਲਾਂ ਦੀ ਸੇਜ ਬੱਚਿਉ, ਦੂਜੇ ਪਾਸੇ ਹੈ ਸੁੱਖ ਆਰਾਮ ਬੱਚਿਓ।
ਜੇਕਰ ਕਿਸੇ ਵੀ ਕਿਸਮ ਦੀ ਅੜੀ ਕੀਤੀ, ਪੀਣਾ ਪਊਗਾ ਮੌਤ ਦਾ ਜਾਮ ਬੱਚਿਓ।
ਕਹਿਣ ਕੋਟਲੇ ਵਾਲਾ ਨਵਾਬ ਲੱਗਾ, ਏਥੇ ਕਿਸੇ ਦੀ ਨੀਯਤ ਨਹੀਂ ਸਾਫ਼ ਸੂਬੇ।
ਚੁੱਪ ਹੋ ਕੇ ਸਾਰੇ ਮਜਬੂਰ ਬੈਠੇ, ਕੱਢੀ ਕਿਸੇ ਨਹੀਂ ਦਿਲਾਂ ਦੀ ਭਾਫ਼ ਸੂਬੇ।
ਇਨ੍ਹਾਂ ਬੱਚਿਆਂ ਦਾ ਨਹੀਂ ਕਸੂਰ ਕੋਈ, ਇਨ੍ਹਾਂ ਨਾਲ ਤੂੰ ਕਰ ਇਨਸਾਫ਼ ਸੂਬੇ।
ਬਦਲਾ ਇਨ੍ਹਾਂ ਦੇ ਬਾਪ ਤੋਂ ਲੈ ਜਾ ਕੇ, ਕਰਦੇ ਐਪਰ ਮਾਸੂਮਾਂ ਨੂੰ ਮਾਫ਼ ਸੂਬੇ।
ਸੁੱਚਾ ਨੰਦ ਦੀਵਾਨ ਤੱਦ ਬੋਲ ਉਠਿਆ, ਐਵੇਂ ਇਨ੍ਹਾਂ ’ਤੇ ਤਰਸ ਨਾ ਖਾਓ ਬਹੁਤਾ।
ਪੁੱਤ ਸੱਪਾਂ ਦੇ ਆਖਰ ਨੂੰ ਸੱਪ ਹੁੰਦੇ, ਇਨ੍ਹਾਂ ਤਾਂਈ ਨਾ ਦੁੱਧ ਪਿਲਾਓ ਬਹੁਤਾ।
ਪਿਤਾ ਇਨ੍ਹਾਂ ਦੇ ਮਾਰੇ ਜਰਨੈਲ ਸਾਡੇ, ਇਹਦੇ ਵੱਲ ਧਿਆਨ ਲਿਜਾਓ ਬਹੁਤਾ।
ਬਾਗੀ ਪਿਉ ਦੇ ਬਾਗੀ ਨੇ ਇਹ ਬੱਚੇ, ਇਨ੍ਹਾਂ ਤਾਂਈਂ ਨਾ ਸਿਰੇ ਚੜ੍ਹਾਓ ਬਹੁਤਾ।
ਨੀਹਾਂ ਵਿੱਚ ਸਨ ਚਿਣੀਆਂ ਮਾਸੂਮ ਜਿੰਦਾਂ, ਧੁਰ ਅੰਦਰੋਂ ਨੀਯਤ ਦੇ ਖੋਟਿਆਂ ਨੇ।
ਬਹੁਤ ਵੱਡਾ ਮੈਦਾਨ ਕੋਈ ਮਾਰ ਲੀਤੈ, ਏਦਾਂ ਸੋਚਿਆ ਅਕਲ ਦੇ ਮੋਟਿਆਂ ਨੇ।
ਸਿੱਖੀ ਸਿਦਕ ਨੂੰ ਆਂਚ ਨਹੀਂ ਆਉਣ ਦਿੱਤੀ, ਦਸਮ ਪਿਤਾ ਦੇ ਜਿਗਰ ਦੇ ਟੋਟਿਆਂ ਨੇ।
ਵੱਡੇ ਵੱਡੇ ਵੀ ਜੋ ਨਹੀਂ ਕਰ ਸਕਦੇ, ਉਹ ਕੁਝ ਕਰ ਵਿਖਾਇਆ ਸੀ ਛੋਟਿਆਂ ਨੇ।
ਜੀਉਂਦੇ ਜੀਅ ਹੀ ਚਿਣੇ ਗਏ ਵਿੱਚ ਨੀਹਾਂ, ਇੱਟਾਂ ਵਿੱਚ ਲਪੇਟੇ ਗਏ ਲਾਲ ਦੋਵੇਂ।
ਕੱਚੀ ਉਮਰ ’ਚ ਕਰਨ ਲਈ ਕੰਮ ਪੱਕੇ, ਖੜੇ ਹੋ ਗਏ ਸੀ ਨਾਲੋ ਨਾਲ ਦੋਵੇਂ।
ਸਾਹਵੇਂ ਮੌਤ ਮਰਜਾਣੀ ਨੂੰ ਤੱਕ ਕੇ ਵੀ, ਖਿੜੇ ਰਹੇ ਸਨ ਵਿੱਚ ਜਲਾਲ ਦੋਵੇਂ।
ਬਾਲ ਉਮਰ ’ਚ ਬਣ ਗਏ ਸਨ ‘ਬਾਬੇ’, ਕਲਗੀਧਰ ਦੇ ਨੌ-ਨਿਹਾਲ ਦੋਵੇਂ।
ਭੋਲੇ ਭਾਲੇ ਤੇ ਸਨ ਮਾਸੂਮ ਬਾਲਕ, ਫਤਹਿ ਸਿੰਘ ਅਤੇ ਜ਼ੋਰਾਵਰ ਦੋਵੇਂ।
ਸੀਨਾ ਤਾਣ ਕੇ ਖੜ ਗਏ ਨੀਂਹ ਅੰਦਰ, ਸੀਸ ਤਲੀ ’ਤੇ ਆਪਣੇ ਧਰ ਦੋਵੇਂ।
ਜਬਰ ਜ਼ੁਲਮ ਤੇ ਧਾਰਮਿਕ ਹੱਠ ਵਾਲੀ, ਜਰ ਗਏ ਸਨ ਪੀੜ ਅਜਰ ਦੋਵੇਂ ।
ਲਿਖਦੀ ਕਲਮ ਰੋਈ ਭੁੱਬਾਂ ਮਾਰ ਕੇ ਤੇ, ਨੈਣ ਹੋ ਗਏ ‘ਜਾਚਕ’ ਦੇ ਤਰ ਦੋਵੇਂ।
ਗੁਜਰ ਗਏ ਜਦ ਪੋਤਰੇ ਸੁਣੇ ਗੁਜਰੀ, ਰੱਬ ਦਾ ਸ਼ੁਕਰ ਮਨਾ ਫਿਰ ਤਾਂ ਗੁਜਰੀ।
ਸਾਰੀ ਉਮਰ ਜਿਸ ਦੁੱਖਾਂ ਦੀ ਧੁੱਪ ਸੇਕੀ, ਕਰਦੀ ਰਹੀ ਉਹ ਕੌਮ ’ਤੇ ਛਾਂ ਗੁਜਰੀ।
ਪੂਜਨਯੋਗ ਉਹ ਬਣ ਗਿਆ ਬੁਰਜ ਠੰਡਾ, ਪੂਜਯ ਮਾਤ ਗੁਜਰੀ ਜਿਹੜੀ ਥਾਂ ਗੁਜਰੀ।
ਸਾਰੇ ਪਿਆਰ ਸਤਿਕਾਰ ਦੇ ਨਾਲ ਬੋਲੋ, ਧੰਨ ਮਾਂ ਗੁਜਰੀ, ਧੰਨ ਮਾਂ ਗੁਜਰੀ।
‘ਜਾਚਕ’ ਨਾਲ ਸਤਿਕਾਰ ਦੇ ਸਭ ਬੋਲੋ, ਧੰਨ ਮਾਂ ਗੁਜਰੀ, ਧੰਨ ਮਾਂ ਗੁਜਰੀ।