ਨਿੱਕੀਆਂ ਜਿੰਦਾਂ ਵੱਡੇ ਸਾਕੇ ਕਵਿਤਾ
ਨਿੱਕੀਆਂ ਜਿੰਦਾਂ ਵੱਡੇ ਸਾਕੇ
ਰਾਏ ਕੱਲਾ ਦਾ ਭੇਜਿਆ ਮਾਹੀ ਨੂਰਾ, ਲੈ ਕੇ ਖ਼ਬਰ ਸਰਹੰਦ ਤੋਂ ਆਇਆ ਹੈਸੀ।
ਅੱਖੀਂ ਹੰਝੂ, ਨਾ ਮੂੰਹ ’ਚੋਂ ਗੱਲ ਨਿਕਲੇ, ਮਾਤਮ ਚਿਹਰਿਆਂ ’ਤੇ ਸਭ ਦੇ ਛਾਇਆ ਹੈਸੀ।
ਗੁਰਾਂ ਪੁਛਿਆ, ਨੂਰਿਆ, ਦੱਸ ਤੇ ਸਹੀ, ਸੂਬੇ ਕੀ ਕੀ ਕਹਿਰ ਕਮਾਇਆ ਹੈਸੀ।
‘ਨੂਰੇ’ ਅੱਖੀਆਂ ’ਚੋਂ ਹੰਝੂ ਪੂੰਝ ਕੇ ਤੇ, ਹਉਕੇ ਲੈ ਲੈ ਇੰਝ ਸੁਣਾਇਆ ਹੈਸੀ।
ਪਹੁੰਚੇ ਵਿੱਚ ਕਚਹਿਰੀ ਦੇ ਜਦੋਂ ਬੱਚੇ, ਚੜ੍ਹਦੀ ਕਲਾ ’ਚ ਫਤਹਿ ਗਜਾ ਦਿੱਤੀ।
ਨਿੱਕੇ ਸ਼ੇਰਾਂ ਨੇ ਜੋਸ਼ ਦੇ ਵਿੱਚ ਆ ਕੇ, ਉਚੀ ਗਰਜ ਕੇ ਧਰਤ ਹਿਲਾ ਦਿੱਤੀ।
ਸਿਜਦਾ ਕਰਨ ਲਈ ਝੁਕਣ ਦਾ ਹੁਕਮ ਸੁਣ ਕੇ, ਸਗੋਂ ਹੋਰ ਵੀ ਧੌਣ ਅਕੜਾ ਦਿੱਤੀ।
ਕਹਿ ਕੇ, ਸ਼ੇਰ ਨਾ ਝੁੱਕਦੇ ਕਿਸੇ ਅੱਗੇ, ਸ਼ਾਹੀ ਜੁੰਡਲੀ ਸੋਚਾਂ ’ਚ ਪਾ ਦਿੱਤੀ।
ਸੂਬੇ ਆਖਿਆ ਮਰ ਗਿਆ ਪਿਤਾ ਥੋਡਾ, ਨਾਲੇ ਮਰ ਗਏ ਨੇ ਵੱਡੇ ਵੀਰ ਦੋਵੇਂ।
ਛੱਡੋ ਜਿੱਦ, ਇਸਲਾਮ ਕਬੂਲ ਕਰ ਲਉ, ਕਲਮਾ ਪੜ੍ਹੋ ਤੇ ਬਦਲੋ ਤਕਦੀਰ ਦੋਵੇਂ।
ਜਾਨ ਬਚੂ ਤੇ ਮਿਲੂ ਆਰਾਮ ਕਾਕਾ, ਹੋ ਜਾਓਗੇ ਹੁਣੇ ਅਮੀਰ ਦੋਵੇਂ।
ਜੇਕਰ ਨਹੀਂ ਇਸਲਾਮ ਕਬੂਲ ਕਰਦੇ, ਖ਼ਤਮ ਕਰਾਂਗਾ ਸੋਹਣੇ ਸਰੀਰ ਦੋਵੇਂ।
ਸਾਹਿਬਜ਼ਾਦਿਆਂ ਕਿਹਾ ਨਿਝੱਕ ਹੋ ਕੇ, ਐਵੇਂ ਸਾਨੂੰ ਨਾ ਤੂੰ ਪੁਚਕਾਰ ਸੂਬੇ।
ਮਹਾਂਪੁਰਸ਼ਾਂ ਨੂੰ ਬੋਲ ਕੇ ਬੋਲ ਮੰਦੇ, ਸਾਡੀ ਅਣਖ ਨੂੰ ਨਾ ਵੰਗਾਰ ਸੂਬੇ।
ਓਸੇ ਤੇਗ ਬਹਾਦਰ ਦੇ ਅਸੀਂ ਪੋਤੇ, ਜਿਸਨੇ ਸੀਸ ਆਪਣਾ ਦਿੱਤਾ ਵਾਰ ਸੂਬੇ।
ਧਰਮ ਛੱਡ ਕੇ ਜੱਗ’ਤੇ ਜੀਣ ਨਾਲੋਂ, ਮਰਨ ਲਈ ਹਾਂ ਅਸੀਂ ਤਿਆਰ ਸੂਬੇ।
ਸੁੱਚਾ ਨੰਦ ਦੀਵਾਨ ਸੀ ਬੋਲ ਉਠਿਆ, ਵਖ਼ਤ ਇਨ੍ਹਾਂ ਨੇ ਬਹੁਤ ਹੀ ਪਾ ਛੱਡਿਐ।
ਪਿਤਾ ਇਨ੍ਹਾਂ ਦਾ ਨਹੀਂ ਸੀ ਬਾਜ ਆਉਂਦਾ, ਇਨ੍ਹਾਂ ਹੋਰ ਵੀ ਚੰਨ ਚੜ੍ਹਾ ਛੱਡਿਐ।
ਹੁੰਦੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਸਾਨੂੰ ਇਨ੍ਹਾਂ ਪ੍ਰਤੱਖ ਵਿਖਾ ਛੱਡਿਐ।
ਪੁੱਤ ਸੱਪ ਦੇ ਆਖ਼ਰ ਨੂੰ ਸੱਪ ਨਿਕਲੇ, ਫਨੀਅਰ ਵਾਂਗਰਾਂ ਫਨ ਫੈਲਾ ਛੱਡਿਐ।
ਸ਼ੇਰ ਖਾਂ ਨਵਾਬ ਨੇ ਕਿਹਾ ਕੋਲੋਂ, ਆਪਣਾ ਫਰਜ਼ ਨਾ ਗਲਤ ਨਿਭਾ ਸੂਬੇ।
ਨਾ ਕੁਰਾਨ ਦੀ ਕਰ ਤੌਹੀਨ ਏਦਾਂ, ਜਿੰਦਾਂ ਨਿੱਕੀਆਂ ’ਤੇ ਤਰਸ ਖਾ ਸੂਬੇ।
ਰੂਹ ਹਜ਼ਰਤ ਮੁਹੰਮਦ ਦੀ ਤੜਪ ਉਠੂ, ਉਸ ਅੱਲ੍ਹਾ ਦਾ ਖੌਫ਼ ਤੂੰ ਖਾ ਸੂਬੇ।
ਬਦਲਾ ਇਨ੍ਹਾਂ ਦੇ ਬਾਪ ਤੋਂ ਲੈ ਜਾ ਕੇ, ਆਹਮੋਂ ਸਾਹਮਣੇ ਤੇਗ ਚਲਾ ਸੂਬੇ।
ਸੁਣੀ ਗੱਲ ਨਾ ਓਸ ਨਵਾਬ ਵਾਲੀ, ਕਿਹਾ ਕਾਜ਼ੀ ਨੂੰ ਫਤਵਾ ਸੁਣਾ ਦੇਵੋ।
ਕਾਜ਼ੀ ਆਖਿਆ ਦੀਨ ਕਬੂਲਿਆ ਨਹੀਂ, ਇਨ੍ਹਾਂ ਕਾਫ਼ਰਾਂ ਤਾਂਈਂ ਮੁਕਾ ਦੇਵੋ।
ਨਹੀਂ ਤੁਸਾਂ ਨੂੰ ਇਨ੍ਹਾਂ ਸਲਾਮ ਕੀਤੀ, ਹੁਕਮ ਅਦੂਲੀ ਦਾ ਮਜ਼ਾ ਚਖਾ ਦੇਵੋ।
ਤਰਸ ਇਨ੍ਹਾਂ ’ਤੇ ਖਾਉ ਨਾ ਰਤਾ ਜਿੰਨਾਂ, ਜੀਉਂਦੇ ਨੀਹਾਂ ਦੇ ਵਿੱਚ ਚਿਣਵਾ ਦੇਵੋ।
ਮੁੱਖੋਂ ਵਾਹਿਗੁਰੂ ਵਾਹਿਗੁਰੂ ਜਪਣ ਲੱਗੇ, ਜੀਉਂਦੇ ਨੀਹਾਂ ’ਚ ਜਦੋਂ ਖੜ੍ਹਾਏ ਹੈਸਨ।
ਕੰਧ ਮੋਢਿਆਂ ਤੋਂ ਜਦੋਂ ਹੋਈ ਉੱਚੀ, ਸੀਸ ਧੜਾਂ ਤੋਂ ਦੁਸ਼ਟਾਂ ਨੇ ਲਾਹੇ ਹੈਸਨ।
ਖ਼ਬਰ ਪੋਤਿਆਂ ਦੀ ਸੁਣ ਕੇ ਮਾਤ ਗੁਜਰੀ, ਸੱਚ ਖੰਡ ਵੱਲੇ ਚਾਲੇ ਪਾਏ ਹੈਸਨ।
ਨੂਰੇ ਮਾਹੀ ਨੇ ‘ਮਾਹੀ’ ਨੂੰ ਲੈ ਹਉਕੇ, ਕਿੱਸੇ ਜ਼ੁਲਮ ਦੇ ਖੋਲ੍ਹ ਸੁਣਾਏ ਹੈਸਨ।
ਐਸੇ ਸਾਕੇ ਨੂੰ ਸੁਣ ਕੇ ਸੰਗਤਾਂ ਦੇ, ਵਗੇ ਹੰਝੂਆਂ ਵਾਲੇ ਦਰਿਆ ਸਿੰਘੋ।
ਜੜ੍ਹ ਮੁਗਲਾਂ ਦੀ ਹੁਣ ਤਾਂ ਗਈ ਪੁੱਟੀ, ਸਤਿਗੁਰ ਆਖਿਆ ਸਹਿਜ ਸੁਭਾਅ ਸਿੰਘੋ।
ਰੂਹ ਫੂਕ ਕੇ ਕੌਮ ਦੀਆਂ ਰਗਾਂ ਅੰਦਰ, ਬਹਿ ਗਏ ਪਿਤਾ ਦੀ ਗੋਦ ਵਿੱਚ ਜਾ ਸਿੰਘੋ।
ਵਸਤ ਓਸ ਦੀ ਓਸੇ ਨੂੰ ਸੌਂਪ ‘ਜਾਚਕ’, ਦਿੱਤਾ ਕਰਜ਼ਾ ਮੈਂ ਸਾਰਾ ਚੁਕਾ ਸਿੰਘੋ।