Home » ਸਾਹਿਬਜ਼ਾਦਿਆਂ ਸੰਬੰਧੀ ਕਵਿਤਾਵਾਂ » ਸੱਤ ਰਾਤਾਂ ਕਵਿਤਾ

ਸੱਤ ਰਾਤਾਂ ਕਵਿਤਾ

by Dr. Hari Singh Jachak
Poems on Seven Nights

ਸੱਤ ਰਾਤਾਂ ਕਵਿਤਾ

ਸੱਤ ਰਾਤਾਂ

ਘੋਰ ਮੱਸਿਆ ਦੀ ਕਾਲੀ ਰਾਤ ਵਾਂਗੂੰ, ਬੜੀਆਂ ਕਾਲੀਆਂ ਆਈਆਂ ਸੀ ਸੱਤ ਰਾਤਾਂ।

ਬੱਦਲ ਜ਼ੁਲਮ ਦੇ ਗੜਕੇ ਸੀ ਦਿਨ ਰਾਤੀਂ, ਕਾਲੀ ਘਟਾ ਵਾਂਗ ਛਾਈਆਂ ਸੀ ਸੱਤ ਰਾਤਾਂ।

ਮਾਤਾ ਗੁਜਰੀ ਤੇ ਪੋਤਰੇ ਕੈਦ ਕਰ ਕੇ, ਦੁਸ਼ਟਾਂ ਖੁਸ਼ੀਆਂ ਮਨਾਈਆਂ ਸੀ ਸੱਤ ਰਾਤਾਂ।

ਕਿਵੇਂ ਸੂਬੇ ਨੂੰ ਕਰਨ ਸਲਾਮ ਦੋਵੇਂ, ਇਹ ਵਿਉਂਤਾਂ ਬਣਾਈਆਂ ਸੀ ਸੱਤ ਰਾਤਾਂ।

 

ਕਿਵੇਂ ਕਰਨ ਕਬੂਲ ਇਸਲਾਮ ਦੋਵੇਂ, ਇਹ ਵੀ ਸੋਚਾਂ ਦੁੜਾਈਆਂ ਸੀ ਸੱਤ ਰਾਤਾਂ।

ਏਸੇ ਖੁਸ਼ੀ ’ਚ ਦੁੰਬੇ ਓਹ ਖਾ ਰਹੇ ਸੀ, ਤੇ ਸ਼ਰਾਬਾਂ ਪਿਲਾਈਆਂ ਸੀ ਸੱਤ ਰਾਤਾਂ।

ਦਾਦੀ ਪੋਤਰੇ ਭੁੱਖੇ ਤਿਰਹਾਏ ਰੱਖ ਕੇ, ਜ਼ੁਲਮੀ ਹੱਦਾਂ ਮੁਕਾਈਆਂ ਸੀ ਸੱਤ ਰਾਤਾਂ।

ਪੜ੍ਹ ਸੁਣ ਕੇ ਕੰਬਣੀ ਛਿੜ ਜਾਂਦੀ, ਕਿਵੇਂ ਕਿੱਦਾਂ ਬਿਤਾਈਆਂ ਸੀ ਸੱਤ ਰਾਤਾਂ।

 

ਠੰਡੇ ਬੁਰਜ ਅੰਦਰ, ਠੰਢੀ ਥਾਂ ਉਤੇ, ਠੰਢੀਆਂ ਠਾਰ ਲੰਘਾਈਆਂ ਸੀ ਸੱਤ ਰਾਤਾਂ।

ਠੁਰ ਠੁਰ ਕਰਦੇ ਰਹੇ ਠੰਢ ਨਾਲ ਲਾਲ ਦੋਵੇਂ, ਬਿਨ ਰਜਾਈਆਂ ਤੁਲਾਈਆਂ ਸੀ ਸੱਤ ਰਾਤਾਂ।

ਆਪਣੇ ਲਾਲ ਦੇ ਲਾਲਾਂ ਦੇ ਨਾਲ ਬਾਤਾਂ, ਚੜ੍ਹਦੀ ਕਲਾ ਨਾਲ ਪਾਈਆਂ ਸੀ ਸੱਤ ਰਾਤਾਂ।

ਕਿਤੇ ਧਰਮ ਤੋਂ ਥਿੜਕ ਨਾ ਡੋਲ ਜਾਵਣ, ਪੱਕਿਆਂ ਕਰਨ ਲਈ ਲਾਈਆਂ ਸੀ ਸੱਤ ਰਾਤਾਂ।

 

ਆਪਣਾ ਸੀਸ ਝੁਕਾਉਣਾ ਨਹੀਂ ਕਿਸੇ ਅੱਗੇ, ਇਹ ਸਭ ਗੱਲਾਂ ਸਮਝਾਈਆਂ ਸੀ ਸੱਤ ਰਾਤਾਂ।

ਲਾਲੀ ਚੜ੍ਹੀ ਸੀ ਲਾਲਾਂ ਦੇ ਚਿਹਰਿਆਂ ਤੇ, ਚੜ੍ਹਦੀ ਕਲਾ ਲਿਆਈਆਂ ਸੀ ਸੱਤ ਰਾਤਾਂ।