Poems on Saka Sirhind
ਸਾਕਾ ਸਰਹੰਦ ਕਵਿਤਾ
ਸਾਕਾ ਸਰਹੰਦ
ਜਿੱਦਾਂ ਸੀ ਸਿਆਲਾ ਉਸ ਵਕਤ ਵੇਲੇ, ਮੁੜ ਕੇ ਆਇਆ ਨਹੀਂ ਓਦਾਂ ਸਿਆਲ ਕੋਈ।
ਜਿੱਦਾਂ ਨੀਹਾਂ ’ਚ ਗੁਰੂ ਦੇ ਲਾਲ ਖੜ੍ਹ ਗਏ, ਓਦਾ ਖੜੇ ਨਹੀਂ ਦੁਨੀਆਂ ਵਿੱਚ ਲਾਲ ਕੋਈ।
ਰੋਈ ਧਰਤ ਤੇ ਅੰਬਰ ਨੇ ਧਾਹ ਮਾਰੀ, ਤਿੰਨਾਂ ਲੋਕਾਂ ’ਚ ਆਇਆ ਭੁਚਾਲ ਕੋਈ।
ਜਿੱਦਾਂ ਚਿਣੇ ਗਏ ‘ਜਾਚਕਾ’ ਸਾਹਿਬਜ਼ਾਦੇ, ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ।
ਜਿਵੇਂ ਸਬਰ ਨੇ ਜਬਰ ਨੂੰ ਮਾਤ ਦਿੱਤੀ, ਪੂਰੀ ਦੁਨੀਆਂ ਦੇ ਤਾਈਂ ਦਿਖਲਾ ਗਏ ਨੇ।
ਗੋਡੇ ਟੇਕੇ ਨਹੀਂ ਜੀਹਨਾਂ ਨੇ ਝੂਠ ਅੱਗੇ, ਛਾਪ ਸੱਚ ਦੀ ਦਿਲਾਂ ਤੇ ਲਾ ਗਏ ਨੇ।
ਨਿੱਕੀ ਉਮਰ ’ਚ ਕਰ ਕੇ ਕੰਮ ਵੱਡੇ, ਸਾਡੇ ਲਈ ਓਹ ਪੂਰਨੇ ਪਾ ਗਏ ਨੇ।
ਸਿਹਰੇ ਬੰਨ੍ਹ ਸ਼ਹੀਦੀ ਦੇ ਬਾਲ ਉਮਰੇ, ਮੌਤ ਵਰਨ ਦਾ ਵੱਲ ਸਿਖਾ ਗਏ ਨੇ।
ਨੀਹਾਂ ਵਿੱਚੋਂ ਅਗੰਮੀ ਆਵਾਜ਼ ਆਈ, ਹੁਣ ਫਿਰ ਅਣਖੀ ਜਵਾਨਾਂ ਦਾ ਜਨਮ ਹੋਊ।
ਜੀਹਨਾਂ ਜ਼ੁਲਮ ਨੂੰ ਜੜੋਂ ਉਖਾੜ ਦੇਣੈ, ਓਨ੍ਹਾਂ ਲੱਖਾਂ ਤੁਫਾਨਾਂ ਦਾ ਜਨਮ ਹੋਊ।
ਸੰਤ ਸਿਪਾਹੀਆਂ ਦੇ ਪੂਰਨ ਸਰੂਪ ਅੰਦਰ, ਬੀਰ, ਬਾਂਕੇ ਬਲਵਾਨਾਂ ਦਾ ਜਨਮ ਹੋਊ।
ਬੰਦਾ ਸਿੰਘ ਬਹਾਦਰ ਦੇ ਆਉਂਦਿਆਂ ਹੀ, ਮੁੜ ਕੇ ਸਿੱਖੀ ਦੀਆਂ ਸ਼ਾਨਾਂ ਦਾ ਜਨਮ ਹੋਊ।