ਪੰਥ ਦਾ ਹੁਕਮ ਕਵਿਤਾ
ਪੰਥ ਦਾ ਹੁਕਮ
ਭਖੀ ਹੋਈ ਚਮਕੌਰ ਦੀ ਜੰਗ ਅੰਦਰ, ਨਿਕਲੀ ਸਿੰਘਾਂ ਦੀ ਤੇਗ ਮਿਆਨ ਵਿੱਚੋਂ।
ਦੁਸ਼ਮਣ ਦਲਾਂ ’ਚ ਵਾਢੀ ਇਸ ਪਾਈ ਐਸੀ, ਥਰ ਥਰ ਕੰਬੇ ਸਨ ਮੁਗਲ ਪਠਾਨ ਵਿੱਚੋਂ।
ਦਸਮ ਪਿਤਾ ਵੀ ਮਮਟੀ ਤੇ ਬੈਠ ਕੇ ਤੇ, ਛੱਡ ਰਹੇ ਸਨ ਤੀਰ ਕਮਾਨ ਵਿੱਚੋਂ।
ਜੀਹਦੇ ਜੀਹਦੇ ਵੀ ਸੀਨੇ ’ਚ ਜਾ ਵੱਜੇ, ਲੈ ਗਏ ਜਾਨ ਉਹਦੀ ਕੱਢ ਕੇ ਜਾਨ ਵਿੱਚੋਂ।
ਸਾਹਿਬਜ਼ਾਦਿਆਂ ਤੇ ਸਿੰਘਾਂ ਵੈਰੀਆਂ ਨੂੰ, ਦਿਨੇ ਤਾਰੇ ਵਿਖਾਏ ਅਸਮਾਨ ਵਿੱਚੋਂ।
ਲੱਖਾਂ ਫੌਜਾਂ ਨੂੰ ਚਾਲੀਆਂ ਵਖਤ ਪਾਇਆ, ਰੱਖ ਕੇ ਤਲੀ ’ਤੇ ਆਪਣੀ ਜਾਨ ਵਿੱਚੋਂ।
ਰਣ ਵਿੱਚ ਜੂਝ ਸ਼ਹੀਦੀਆਂ ਪਾ ਕੇ ਤੇ, ਪਾਸ ਹੋਏ ਸਾਰੇ ਇਮਤਿਹਾਨ ਵਿੱਚੋਂ।
ਕਿੰਨੇ ਸਿੰਘਾਂ ਦੇ ਏਸ ਥਾਂ ਸੀਸ ਲੱਗੇ, ਤਾਰੇ ਦੱਸਦੇ ਪਏ ਅਸਮਾਨ ਵਿੱਚੋਂ।
ਸੰਧਿਆ ਹੋਣ ’ਤੇ ਜੰਗ ਜਦ ਬੰਦ ਹੋਈ, ਗੁਰੂ ਸਾਹਿਬ ਸੀ ਕੀਤੀ ਅਰਦਾਸ ਏਥੇ।
ਅੱਜ ਪੁਰਖ ਅਕਾਲ ਦੀ ਮਿਹਰ ਸਦਕਾ, ਕਾਰਜ ਸਾਰੇ ਹੀ ਹੋਏ ਨੇ ਰਾਸ ਏਥੇ।
ਸਿੰਘ ਸੂਰਮੇ ਮਰਦ ਦਲੇਰ ਯੋਧੇ, ਕਰ ਗਏ ਕਠਿਨ ਪ੍ਰੀਖਿਆ ਪਾਸ ਏਥੇ।
ਕੱਲ੍ਹ ਨੂੰ ਮੈਂ ਵੀ ਜੰਗ ਵਿੱਚ ਜੂਝ ਕੇ ਤੇ, ਲੇਖੇ ਲਾਊਂਗਾ ਅੰਤਿਮ ਸੁਆਸ ਏਥੇ।
ਸੁਣ ਕੇ ਬਚਨ ਇਹ ਸੋਚਾਂ ’ਚ ਸਿੰਘ ਪੈ ਕੇ, ਰਲ ਮਿਲ ਬੈਠ ਕੇ ਕਰਨ ਸਲਾਹ ਲੱਗੇ।
ਬੇੜੀ ਫਸੀ ਮੰਝਧਾਰ ਵਿੱਚ ਸੋਚਦੀ ਏ, ਭਾਣਾ ਕੀ ਵਰਤਾਉਣ ਮਲਾਹ ਲੱਗੇ।
ਕਿਹੜੇ ਮੋੜ ’ਤੇ ਕਾਫਲਾ ਅੜ ਗਿਆ ਏ, ਨਾ ਕੋਈ ਰਾਹ ਸੁਝੇ, ਨਾ ਕੋਈ ਵਾਹ ਲੱਗੇ।
ਵਾਲੀ ਪੰਥ ਦਾ ਨਿਕਲ ਜਾਏ ਗੜ੍ਹੀ ਵਿੱਚੋਂ, ਇਹਦੇ ਤਾਂਈਂ ਕੋਈ ਤੱਤੀ ਨਾ ’ਵਾ ਲੱਗੇ।
ਗਲ ’ਚ ਪਾ ਪੱਲਾ, ਰਲ ਮਿਲ ਸਿੰਘ ਕਹਿੰਦੇ, ਤੁਸਾਂ ਉਤੇ ਐ ਦੁਸ਼ਮਣ ਦੀ ਅੱਖ ਦਾਤਾ।
ਗਿਣਵੇਂ ਚੁਣਵੇਂ ਹੀ ਅਸੀਂ ਹਾਂ ਬਚੇ ਬਾਕੀ, ਬਾਹਰ ਦੁਸ਼ਮਣ ਦੀ ਫੌਜ ਕਈ ਲੱਖ ਦਾਤਾ।
ਚਾਰੇ ਪਾਸੇ ਹੀ ਮੌਤ ਦਾ ਬੋਲ ਬਾਲਾ, ਦਿਸ ਰਿਹਾ ਏ ਸਾਨੂੰ ਪ੍ਰਤੱਖ ਦਾਤਾ।
ਹੋਂਦ ਪੰਥ ਦੀ ਅੱਜ ਹੈ ਵਿੱਚ ਖਤਰੇ, ਜਿੱਦਾਂ ਰੱਖ ਸਕਦੈ ਉਦਾਂ ਈ ਰੱਖ ਦਾਤਾ।
ਕੀਤੀ ਨਿਮਰਤਾ ਸਹਿਤ ਅਰਜ਼ੋਈ ਸਭ ਨੇ, ਤੇਰੀ ਜੱਗ ਨੂੰ ਬੜੀ ਏ ਲੋੜ ਦਾਤਾ।
ਪਲਕ ਝਪਕਦੇ ਚਲੇ ਜਾਉ ਗੜ੍ਹੀ ਛੱਡ ਕੇ, ਹੁਣੇ ਨੀਲੇ ਦੀਆਂ ਵਾਗਾਂ ਨੂੰ ਮੋੜ ਦਾਤਾ।
ਮੱਥਾ ਲਾ ਫਿਰ ਵੈਰੀ ਨਾਲ ਕਿਸੇ ਵੇਲੇ, ਦੇਣਾ ਜ਼ੁਲਮ ਦੇ ਗੜ੍ਹਾਂ ਨੂੰ ਤੋੜ ਦਾਤਾ।
ਜੇ ਤੂੰ ਰਿਹਾ ਤਾਂ ਏਸ ਸੰਸਾਰ ਅੰਦਰ, ਸਜੂ ਖਾਲਸਾ ਕਈ ਕਰੋੜ ਦਾਤਾ।
ਸੁਣਕੇ ਸਾਰੀ ਵਿਚਾਰ ਦਸਮੇਸ਼ ਬੋਲੇ, ਕਿਹੜੀ ਗੱਲ ਵੀਚਾਰ ਕੇ, ਚਲੇ ਜਾਵਾਂ।
ਟੋਟੇ ਜਿਗਰ ਦੇ ਮੇਰੇ ਨੇ ਹੋਏ ਟੋਟੇ, ਉਨ੍ਹਾਂ ਤਾਈਂ ਵਿਸਾਰ ਕੇ, ਚਲੇ ਜਾਵਾਂ।
ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਨੂੰ, ਵਿੱਚ ਜੰਗ ਦੇ ਵਾਰ ਕੇ, ਚਲੇ ਜਾਵਾਂ।
ਥੋਨੂੰ ਛੱਡ ਕੇ ਮੌਤ ਦੇ ਮੂੰਹ ਅੰਦਰ, ਕਿਹੜੀ ਗੱਲ ਚਿਤਾਰ ਕੇ, ਚਲੇ ਜਾਵਾਂ।
ਸਿੰਘ ਮਰੇ ਨੇ ਦੁਸ਼ਮਣ ਨੂੰ ਮਾਰ ਕੇ ਤੇ, ਮੈਂ ਬੱਸ ਮਨ ਨੂੰ ਮਾਰ ਕੇ, ਚਲੇ ਜਾਵਾਂ।
ਭਖੇ ਹੋਏ ਇਸ ਰਣ ਮੈਦਾਨ ਵਿੱਚੋਂ, ਜਿੱਤੀਆਂ ਬਾਜੀਆਂ ਹਾਰ ਕੇ, ਚਲੇ ਜਾਵਾਂ।
ਨਹੀਂ ਨਹੀਂ ਇਹ ਕਦੇ ਨਹੀਂ ਹੋ ਸਕਦਾ, ਇਹ ਨਾ ਮੇਰੇ ਤੋਂ ਰੱਖਿਉ ਆਸ ਸਿੰਘੋ।
ਨਹੀਂ ਨਹੀਂ ਮੈਂ ਕਦੇ ਨਹੀਂ ਫੇਲ੍ਹ ਹੋਣਾ, ਪਰਚਾ ਔਖੈ, ਪਰ ਹੋਣੈ ਮੈਂ ਪਾਸ ਸਿੰਘੋ।
ਨਾ ਨਾ, ਨਾਂਹ ਕਰੋ ਮਜਬੂਰ ਮੈਨੂੰ, ਲੇਖੇ ਮੈਨੂੰ ਵੀ ਲਾਉਣ ਦਿਉ ਸਵਾਸ ਸਿੰਘੋ।
ਕੱਲ੍ਹ ਵੇਖਣਾ ਦੁਸ਼ਮਣ ਦੇ ਕਰ ਡੱਕਰੇ, ਆਪਾਂ ਸਿਰਜਾਂਗੇ ਨਵਾਂ ਇਤਿਹਾਸ ਸਿੰਘੋ।
’ਕੱਲਾ ’ਕੱਲਾ ਹੀ ਲੱਖਾਂ ਨਾਲ ਲਊ ਟੱਕਰ, ਟਿੱਡੀ ਦਲਾਂ ਦਾ ਕਰਾਂਗੇ ਨਾਸ ਸਿੰਘੋ।
ਰਲੇ ਤੁਸਾਂ ਦੇ ਖੂਨ ਵਿੱਚ ਖੂਨ ਮੇਰਾ, ਗੁਰੂ ਚਰਨਾਂ ’ਚ ਮੇਰੀ ਅਰਦਾਸ ਸਿੰਘੋ।
ਗੁਰੂ ਸਾਹਿਬ ਦੇ ਮੁੱਖੋਂ ਇਹ ਬਚਨ ਸੁਣ ਕੇ, ਚਿੰਤਾ ਨਾਲ ਸਨ ਸਿੰਘ ਘਬਰਾਉਣ ਲੱਗੇ।
ਕਿਸ ਤਰ੍ਹਾਂ ਹੁਣ ਹੋ ਬਚਾਅ ਸਕਦੈ, ਸਿੰਘ ਸੋਚਾਂ ਦੇ ਘੋੜੇ ਦੁੜਾਉਣ ਲੱਗੇ।
ਪੰਜਾਂ ਵਿੱਚ ਪ੍ਰਮੇਸ਼ਰ ਦਾ ਰੂਪ ਹੁੰਦੈ, ਬਚਨ ਗੁਰਾਂ ਦੇ ਯਾਦ ਸਨ ਆਉਣ ਲੱਗੇ।
ਪੰਜ ਸਿੰਘ ਫਿਰ ਪੰਥ ਦਾ ਰੂਪ ਹੋ ਕੇ, ਦਸਮ ਪਿਤਾ ਨੂੰ ਹੁਕਮ ਸੁਣਾਉਣ ਲੱਗੇ।
ਸਿੱਖ ਕੌਮ ਦੇ ਸਿਰ ’ਤੇ ਆਈ ਹੋਈ ਏ, ਸੰਕਟ ਭਰੀ ਕੋਈ ਘੜੀ, ਗੋਬਿੰਦ ਸਿੰਘਾ।
ਉਮਰ ਖਾਲਸਾ ਪੰਥ ਦੀ ਅਜੇ ਛੋਟੀ, ਲੋੜ ਤੇਰੀ ਏ ਬੜੀ, ਗੋਬਿੰਦ ਸਿੰਘਾ।
ਗੁਰੂ ਖਾਲਸਾ ਤੈਨੂੰ ਇਹ ਹੁਕਮ ਕਰਦੈ, ਛੱਡ ਦੇ ਹੁਣੇ ਇਹ ਗੜ੍ਹੀ, ਗੋਬਿੰਦ ਸਿੰਘਾ।
ਮੰਨਣਾ ਪਊਗਾ ਹੁਕਮ ਇਹ ਖਿੜੇ ਮੱਥੇ, ਹੁਣ ਤੂੰ ਕਰੀਂ ਨਾ ਅੜੀ, ਗੋਬਿੰਦ ਸਿੰਘਾ।
ਗੁਰੂ ਖਾਲਸੇ ਦੇ ਪਾਵਨ ਹੁਕਮ ਅੱਗੇ, ਹੈਸੀ ਸੀਸ ਝੁਕਾਇਆ, ਦਸਮੇਸ਼ ਜੀ ਨੇ।
ਧੁਰ ਅੰਦਰੋਂ ਆਇਆ ਹਰ ਇਕ ਹੰਝੂ, ਪਲਕਾਂ ਵਿੱਚ ਛੁਪਾਇਆ, ਦਸਮੇਸ਼ ਜੀ ਨੇ।
ਸੰਗਤ ਸਿੰਘ ਦੇ ਸਿਰ ’ਤੇ ਸਜਾ ਕਲਗੀ, ਗੋਬਿੰਦ ਸਿੰਘ ਬਣਾਇਆ, ਦਸਮੇਸ਼ ਜੀ ਨੇ।
ਮਨ ਨੂੰ ਮਾਰ ਕੇ ਗੜ੍ਹੀ ’ਚੋਂ ਬਾਹਰ ਆ ਗਏ, ਏਦਾਂ ਹੁਕਮ ਬਜਾਇਆ,ਦਸਮੇਸ਼ ਜੀ ਨੇ।
ਤਾੜੀ ਮਾਰ ਲਲਕਾਰ ਕੇ ਕਿਹਾ ਸਤਿਗੁਰ, ਫੜ ਲਉ, ਹਿੰਦ ਦਾ ਪੀਰ, ਮੈਂ ਚੱਲਿਆ ਜੇ।
ਹੁਕਮ ਖਾਲਸੇ ਦਾ ਮੈਂ ਨਹੀਂ ਮੋੜ ਸਕਿਆ, ਹੋ ਕੇ ਬੜਾ ਦਿਲਗੀਰ, ਮੈਂ ਚੱਲਿਆ ਜੇ।
ਆਪਣੇ ਦਿਲ ਦੀਆਂ ਦਿਲ ਦੇ ਵਿੱਚ ਲੈ ਕੇ, ਹੋ ਮਜਬੂਰ ਅਖੀਰ, ਮੈਂ ਚੱਲਿਆ ਜੇ।
ਪਕੜ ਲਉ, ਜੇ ਤੁਸੀਂ ਹੋ ਪਕੜ ਸਕਦੇ, ਘੇਰੇ ਤੁਸਾਂ ਦੇ ਚੀਰ, ਮੈਂ ਚੱਲਿਆ ਜੇ।
ਜਾਣ ਲੱਗਿਆਂ ਗੱਲ ਹਾਂ ਕਹਿਣ ਲੱਗਾ, ਸਿੰਘਾਂ ਕਦੇ ਝੁਕਾਇਆਂ ਨਹੀਂ ਝੁਕ ਸਕਣਾ।
ਸੂਰਜ ਸਿੱਖੀ ਦਾ ਚਮਕੂ ਸੰਸਾਰ ਅੰਦਰ, ਜ਼ੁਲਮੀ ਬੱਦਲਾਂ ਹੇਠ ਨਹੀਂ ਲੁਕ ਸਕਣਾ।
ਰਹੂ ਸਿੱਖੀ ਦਾ ਵਹਿਣ ਇਹ ਸਦਾ ਵਗਦਾ, ਕਿਸੇ ਸੋਕੇ ਤੋਂ ਇਹ ਨਹੀਂ ਸੁਕ ਸਕਣਾ।
ਫੌਜਾਂ ਲੱਖਾਂ ਦੀ ਥਾਂ ਕਰੋੜ ਹੋਵਣ, ਸਿੰਘਾਂ ਕਦੇ ਮੁਕਾਇਆਂ ਨਹੀਂ ਮੁਕ ਸਕਣਾ।
ਅਗਲੇ ਦਿਨ ਦਾ ਸੂਰਜ ਜਦ ਆਣ ਚੜ੍ਹਿਆ, ਹੱਲਾ ਵੈਰੀਆਂ ਗੜ੍ਹੀ ’ਤੇ ਬੋਲ ਦਿੱਤਾ।
ਓਧਰ ਸਿੰਘਾਂ ਨੇ ਰਣ ’ਚ ਜੂਝ ਕੇ ਤੇ, ਵੈਰੀ ਮੌਤ ਦੀ ਤੱਕੜੀ ਤੋਲ ਦਿੱਤਾ।
ਲੜਦੇ ਲੜਦਿਆਂ ਹੋਏ ਸ਼ਹੀਦ ਆਖਰ, ਕਤਰਾ ਕਤਰਾ ਸੀ ਖੂਨ ਦਾ ਡੋਲ੍ਹ ਦਿੱਤਾ।
ਸੱਤਾਂ ਸਿੰਘਾਂ ਨੇ ਇਸ ਤਰ੍ਹਾਂ ਪੰਥ ਤਾਂਈਂ, ਜੀਵਨ ਦਾਨ ਸੀ ‘ਜਾਚਕ’ ਅਨਮੋਲ ਦਿੱਤਾ।