ਚਮਕੌਰ ਦੀ ਗੜ੍ਹੀ ਕਵਿਤਾ
ਚਮਕੌਰ ਦੀ ਗੜ੍ਹੀ
ਓਧਰ ਲੱਖਾਂ ਦੀ ਫੌਜ ਏ ਦੁਸ਼ਮਣਾਂ ਦੀ, ਚਾਲੀ ਸਿੰਘ ਦਸਮੇਸ਼ ਦੇ ਨਾਲ ਏਧਰ।
ਬੱਕਰੇ ਖਾ ਖਾ ਬੱਕਰੇ ਬੁਲਾਉਣ ਓਧਰ, ਭੁੱਖਣ ਭਾਣੇ ਨੇ ਗੁਰੂ ਦੇ ਲਾਲ ਏਧਰ।
ਭਖਿਆ ਵੇਖ ਕੇ ਰਣ ਮੈਦਾਨ ਓਧਰ, ਚੜ੍ਹਿਆ ਚਿਹਰਿਆਂ ਉਤੇ ਜਲਾਲ ਏਧਰ।
ਵੱਡੇ ਵੱਡੇ ਨੇ ਭਾਂਵੇਂ ਜਰਨੈਲ ਓਧਰ, ਸਿੰਘਾਂ ਨਾਲ ਏ ਸਾਹਿਬੇ ਕਮਾਲ ਏਧਰ।
ਕਲਗੀਧਰ ਫੁਰਮਾਇਆ ਸੀ ਮੁੱਖ ਵਿੱਚੋਂ, ਸਮਾਂ ਪਰਖ ਦਾ ਗਿਆ ਏ ਆ ਸਿੰਘੋ।
ਰਹਿ ਜਾਏ ਨਾ ਕੋਈ ਅਰਮਾਨ ਦਿਲ ਵਿੱਚ, ਪੂਰੇ ਕਰ ਲਉ ਆਪਣੇ ਚਾਅ ਸਿੰਘੋ।
ਸ਼ੁਭ ਘੜੀ ਹੈ ਤੁਸਾਂ ਲਈ ਆਣ ਪਹੁੰਚੀ, ਲਾੜੀ ਮੌਤ ਨੂੰ ਲਵੋ ਪ੍ਰਣਾਅ ਸਿੰਘੋ।
ਆਹੂ ਲਾਹ ਕੇ ਰਣ ਵਿੱਚ ਵੈਰੀਆਂ ਦੇ, ਦਿਉ ਅੰਮ੍ਰਿਤ ਦੇ ਜਲਵੇ ਦਿਖਾ ਸਿੰਘੋ।
ਵੱਜੀ ਜੰਗ ਦੀ ਚੋਟ ਨਗਾਰਿਆਂ ’ਤੇ, ਯੋਧੇ ਗੜ੍ਹੀ ਦੇ ਵਿੱਚੋਂ ਲਲਕਾਰ ਨਿਕਲੇ।
ਹਿੰਮਤ ਸਿੰਘ ਤੇ ਉਨ੍ਹਾਂ ਦੇ ਹੋਰ ਸਾਥੀ, ਪਾ ਕੇ ਆਗਿਆ ਗੜ੍ਹੀ ’ਚੋਂ ਬਾਹਰ ਨਿਕਲੇ।
ਆਹੂ ਲਾਹ ਦੇਣੇ ਜਾ ਕੇ ਵੈਰੀਆਂ ਦੇ, ਸਿੰਘ ਸੂਰਮੇ ਦਿਲਾਂ ਵਿਚ ਧਾਰ ਨਿਕਲੇ।
ਪੰਜ ਪੰਜ ਦੇ ਜੱਥੇ ਬਣਾ ਕੇ ਤੇ, ਵਾਰੋ ਵਾਰੀ ਸਨ ਜਾਂ-ਨਿਸਾਰ ਨਿਕਲੇ।
ਸਿੰਘਾਂ ਸੂਰਿਆਂ ਤੇਗਾਂ ਦੇ ਵਾਰ ਕਰਕੇ, ਕਈ ਸਿਰ ਸੀ ਧੜਾਂ ਤੋਂ ਲਾਹ ਦਿੱਤੇ।
ਜਿਹੜਾ ਆਏ ਅੱਗੇ ਉਹਦੇ ਕਰਨ ਟੋਟੇ, ਖੱਬੀ ਖਾਨ ਸਨ ਕਈ ਝਟਕਾਅ ਦਿੱਤੇ।
ਦਸਮ ਪਿਤਾ ਦੇ ਅੱਖਾਂ ਦੇ ਤਾਰਿਆਂ ਨੇ, ਤਾਰੇ ਦੁਸ਼ਮਣਾਂ ਤਾਂਈਂ ਵਿਖਾ ਦਿੱਤੇ।
ਸੂਰੇ ਜੂਝ ਕੇ ਹੋਏ ਸ਼ਹੀਦ ਐਪਰ, ਵੈਰੀ ਦਲਾਂ ਦੇ ਛੱਕੇ ਛੁਡਾ ਦਿਤੇ।
ਹੱਥ ਜੋੜ ਅਜੀਤ ਨੇ ਅਰਜ਼ ਕੀਤੀ, ਦਿਉ ਆਗਿਆ ਕਰੋ ਵਿਦਾ ਦਾਤਾ।
ਛਾਂ ਆਪਣੀ ਹੇਠ ਸੀ ਤੁਸਾਂ ਰੱਖਿਆ, ਲੱਗਣ ਦਿੱਤੀ ਨਾ ਤੱਤੀ ਸੀ ’ਵਾ ਦਾਤਾ।
ਰਣ ਤੱਤੇ ’ਚ ਭੇਜੋ ਹੁਣ ਪਿਤਾ ਮੈਨੂੰ, ਰਿਹਾ ਮੁੜ ਮੁੜ ਵਾਸਤੇ ਪਾ ਦਾਤਾ।
ਨਹੀਂ ਮੁੜਾਂਗਾ ਪਿਛੇ ਨੂੰ ਪਿਤਾ ਮੇਰੇ, ਜਦ ਤੱਕ ਸਾਹਾਂ ’ਚ ਰਹੂਗਾ ਸਾਹ ਦਾਤਾ।
ਅੱਗੋਂ ਖਿੱੜ ਕੇ ਸ੍ਰੀ ਦਸਮੇਸ਼ ਬੋਲੇ, ਚੜ੍ਹਦੀ ਕਲਾ ਨਾਲ ਜੰਗ ਵਿੱਚ ਜਾਈਂ ਬੱਚੇ।
ਲੱਖਤੇ ਜਿਗਰ ਨੂੰ ਇਹ ਅਸੀਸ ਦਿੱਤੀ, ਸਿੱਖੀ ਸ਼ਾਨ ਨੂੰ ਚਾਰ ਚੰਨ ਲਾਈਂ ਬੱਚੇ।
ਘਾਉ ਇੱਕ ਵੀ ਲੱਗੇ ਨਾ ਕੰਡ ਉਤੇ, ਸਿੱਧੇ ਛਾਤੀ ਦੇ ਵਿੱਚ ਤੂੰ ਖਾਈਂ ਬੱਚੇ।
ਖੂਨ ਡੋਲ੍ਹ ਕੇ ਆਪਣਾ ਲਾਲ ਮੇਰੇ, ਲਾਲੀ ਕੌਮ ਦੇ ਚਿਹਰੇ ਲਿਆਈਂ ਬੱਚੇ।
ਲੈ ਕੇ ਪਿਤਾ ਤੋਂ ਹੁਕਮ ਅਜੀਤ ਸੂਰਾ, ਤੇਗ ਵਾਹੁਣ ਲਈ ਚੜ੍ਹਿਆ ਮੈਦਾਨ ਦੇ ਵਿਚ।
ਪੰਜਾਂ ਸਿੰਘਾਂ ਨੇ ਉਨ੍ਹਾਂ ਦਾ ਸਾਥ ਦਿੱਤਾ, ਜੋ ਵੀ ਅੜ੍ਹਿਆ ਓਹ ਝੜਿਆ ਮੈਦਾਨ ਦੇ ਵਿਚ।
ਲਹੂ ਪੀ ਪੀ ਪਿਆਸੀ ਦੀ ਰਹੀ ਪਿਆਸੀ, ਜਿਹੜੀ ਚੰਡੀ ਨਾਲ ਲੜਿਆ ਮੈਦਾਨ ਦੇ ਵਿਚ।
ਪੋਤਾ ਗੁਜਰੀ ਦਾ ਬਿਜਲੀ ਦੇ ਵਾਂਗ ਚਮਕੇ, ਅੱਗੋ ਕੋਈ ਨਾ ਅੜਿਆ ਮੈਦਾਨ ਦੇ ਵਿਚ।
ਤੱਕ ਕੇ ਹੌਂਸਲਾ ਸਾਹਿਬ ਅਜੀਤ ਸਿੰਘ ਦਾ, ਦੁਸ਼ਮਣ ਉਂਗਲਾਂ ਮੂੰਹ ’ਚ ਪਾ ਰਹੇ ਸਨ।
ਮੁਹਕਮ, ਸਾਹਿਬ ਤੇ ਹੋਰ ਵੀ ਸਿੰਘ ਸੂਰੇ, ਸੱਥਰ ਵੈਰੀਆਂ ਦੇ ਚੰਗੇ ਲਾਹ ਰਹੇ ਸਨ।
ਸਿੰਘ ਸੂਰਮੇ ਜੌਹਰ ਵਿਖਾ ਆਪਣੇ, ਹੱਸ ਹੱਸ ਸ਼ਹਾਦਤਾਂ ਅੱਜ ਪਾ ਰਹੇ ਸਨ।
ਘਾਉ ਲੱਗੇ ਤੇ ਨ੍ਹਾਤੇ ਹੋਏ ਖੂਨ ਅੰਦਰ, ਨਾ ਅਜੀਤ ਸਿੰਘ ਜ਼ਰਾ ਘਬਰਾ ਰਹੇ ਸਨ।
ਦਿੱਤਾ ਸਦਾ ਦੀ ਨੀਂਦ ਸੁਆ ਜਿਹੜਾ, ਬਣਿਆ ਰਾਹ ਦਾ ਰੋੜਾ ਅਜੀਤ ਸਿੰਘ ਦਾ।
ਲੱਭੀ ਲੁਕਣ ਨੂੰ ਥਾਂ ਨਾ ਬੁਜ਼ਦਿਲਾਂ ਨੂੰ, ਐਸਾ ਚੜ੍ਹਿਆ ਮਰੋੜਾ, ਅਜੀਤ ਸਿੰਘ ਦਾ।
ਵੀਰ ਗਤੀ ਨੂੰ ਪਾ ਗਿਆ ਸਾਹਿਬਜ਼ਾਦਾ, ਜ਼ਖ਼ਮੀ ਹੋ ਗਿਆ ਘੋੜਾ ਅਜੀਤ ਸਿੰਘ ਦਾ।
ਛੱਡਿਆ ਉੱਚੀ ਜੈਕਾਰਾ ਦਸਮੇਸ਼ ਜੀ ਨੇ, ਪਿਆ ਜਦੋਂ ਵਿਛੋੜਾ, ਅਜੀਤ ਸਿੰਘ ਦਾ।
ਤੱਕ ਕੇ ਅਮਰ ਸ਼ਹੀਦੀ ਜੁਝਾਰ ਕਿਹਾ, ਸਮਝੋ ਏਸਨੂੰ ਪੱਥਰ ’ਤੇ ਲੀਕ ਦਾਤਾ।
ਲਾੜੀ ਮੌਤ ਨੂੰ ਹੱਸ ਕੇ ਵਰਨ ਵਾਲਾ, ਸਮਾਂ ਆਇਆ ਏ ਬੜਾ ਨਜ਼ਦੀਕ ਦਾਤਾ।
ਛੇਤੀ ਕਰੋ ਤਿਆਰ ਹੁਣ ਪਿਤਾ ਮੈਨੂੰ, ਵੱਡੇ ਵੀਰ ਜੀ ਰਹੇ ਉਡੀਕ ਦਾਤਾ।
ਇਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ, ’ਕੱਠੇ ਰਹੇ ਜਿਹੜੇ ਅੱਜ ਤੀਕ ਦਾਤਾ।
ਅਣਖੀ ਬੋਲਾਂ ਨੂੰ ਸੁਣ ਦਸਮੇਸ਼ ਜੀ ਨੇ, ਲਾਇਆ ਛਾਤੀ ਦੇ ਨਾਲ ਬਲਕਾਰ ਪੁੱਤਰ।
ਨਿੱਕੇ ਹੱਥਾਂ ’ਚ ਨਿੱਕੀ ਜਿਹੀ ਤੇਗ ਦੇ ਕੇ, ਕੀਤਾ ਜੰਗ ਦੇ ਲਈ ਤਿਆਰ ਪੁੱਤਰ।
ਸੱਥਰ ਲਾਹ ਸੁੱਟੀਂ ਜਾ ਕੇ ਵੈਰੀਆਂ ਦੇ, ਦਿੱਤੀ ਏਸ ਲਈ ਤੈਨੂੰ ਤਲਵਾਰ ਪੁੱਤਰ।
ਤੇਰੇ ਲਹੂ ਦੀ ਇੱਕ ਇੱਕ ਬੂੰਦ ਵਿੱਚੋਂ, ਪੈਦਾ ਹੋਣਗੇ ਕਈ ਜੁਝਾਰ ਪੁੱਤਰ।
ਯੁੱਧ ਭੂਮੀ ’ਚ ਗਰਜ ਕੇ ਸ਼ੇਰ ਵਾਂਗੂੰ, ਤੇਜ਼ੀ ਨਾਲ ਤਲਵਾਰ ਚਲਾ ਰਿਹਾ ਸੀ।
ਨਾਢੂ ਖਾਨਾਂ ਦੇ ਛੱਕੇ ਛੁਡਾ ਕੇ ਤੇ, ਵੈਰੀ ਦਲਾਂ ਦੇ ਦਿਲ ਹਿਲਾ ਰਿਹਾ ਸੀ।
ਪੁਰਜ਼ਾ ਪੁਰਜ਼ਾ ਸੀ ਭਾਵੇਂ ਸਰੀਰ ਹੋਇਆ, ਫਿਰ ਵੀ ਮੁਖੋਂ ਜੈਕਾਰੇ ਬੁਲਾ ਰਿਹਾ ਸੀ।
ਸੁੱਤਾ ਲਾਸ਼ਾਂ ਦੇ ਢੇਰ ’ਤੇ ਚੰਨ ਸੋਹਣਾ, ਚਾਰ ਚੰਨ ਕੁਰਬਾਨੀ ਨੂੰ ਲਾ ਰਿਹਾ ਸੀ।
ਵੇਖ ਸਿੰਘ ਤੇ ਪੁੱਤਰ ਸ਼ਹੀਦ ਹੋਏ, ਦਾਤੇ ਆਖਿਆ ਵਜਦ ਵਿੱਚ ਆ ਕੇ ਤੇ।
ਰਣਭੂਮੀ ’ਚ ਯੋਧੇ ਇਹ ਸੌਂ ਗਏ ਨੇ, ਆਪਾ ਕੌਮ ਦੀ ਭੇਟ ਚੜ੍ਹਾ ਕੇ ਤੇ।
ਤੇਰਾ ਸਭ ਕੁਝ ਤੈਨੂੰ ਹੀ ਸੌਂਪ ਦਿਤਾ, ਹੋਇਆ ਸੁਰਖਰੂ ਕਰਜਾ ਚੁਕਾ ਕੇ ਤੇ।
‘ਜਾਚਕ’ ਸ਼ੁਕਰ ਹੈ ਪੁਰਖ ਅਕਾਲ ਜੀ ਦਾ, ਜੋਤਾਂ ਮਿਲੀਆਂ ਨੇ ਜੋਤ ਵਿੱਚ ਜਾ ਕੇ ਤੇ।