Home » ਸਾਹਿਬਜ਼ਾਦਿਆਂ ਸੰਬੰਧੀ ਕਵਿਤਾਵਾਂ » ਦੁਨੀਆਂ ਵਿੱਚ ਨਹੀਂ ਐਸੀ ਮਿਸਾਲ ਕੋਈ ਕਵਿਤਾ

ਦੁਨੀਆਂ ਵਿੱਚ ਨਹੀਂ ਐਸੀ ਮਿਸਾਲ ਕੋਈ ਕਵਿਤਾ

by Dr. Hari Singh Jachak
Poems on Duniya Vich Nhi Esi Misal Koi

ਦੁਨੀਆਂ ਵਿੱਚ ਨਹੀਂ ਐਸੀ ਮਿਸਾਲ ਕੋਈ ਕਵਿਤਾ

ਦੁਨੀਆਂ ਵਿੱਚ ਨਹੀਂ ਐਸੀ ਮਿਸਾਲ ਕੋਈ

ਮੌਤ ਵਰਨ ਲਈ ਪੋਤੇ ਜਦ ਤੁਰਨ ਲੱਗੇ, ਘੁੱਟ ਕੇ ਕਾਲਜੇ ਲਾਏ ਸੀ ਮਾਤ ਗੁਜਰੀ।

ਆਪਣੇ ਲਾਲ ਦੇ ਲਾਲਾਂ ਦੇ ਦਿਲਾਂ ਅੰਦਰ, ਅਣਖੀ ਜਜ਼ਬੇ ਜਗਾਏ ਸੀ ਮਾਤ ਗੁਜਰੀ।

ਕਿਵੇਂ ਧਰਮ ਦੇ ਲਈ ਕੁਰਬਾਨ ਹੋਣੈ, ਐਸੇ ਪਾਠ ਪੜ੍ਹਾਏ ਸੀ ਮਾਤ ਗੁਜਰੀ।

ਝੁਕਣਾ ਕਦੇ ਨਹੀਂ ਜਬਰ ਤੇ ਜ਼ੁਲਮ ਅੱਗੇ, ਮੁੱਖੋਂ ਬਚਨ ਅਲਾਏ ਸੀ ਮਾਤ ਗੁਜਰੀ।

 

ਸੂਬੇ ਸਾਹਮਣੇ ਕਰਨ ਲਈ ਪੇਸ਼ ਦੋਵੇਂ, ਬਾਰੀ ਵਲੋਂ ਦੀ ਦੁਸ਼ਟ ਲਿਆਏ ਹੈਸਨ।

ਪਹਿਲਾਂ ਸਿਰ ਲੰਘਾਉਣਾ ਏ ਤੁਸੀਂ ਬੱਚਿਓ, ਪੱਕੀ ਤਰ੍ਹਾਂ ਇਹ ਪੱਕ ਪਕਾਏ ਹੈਸਨ।

ਸਾਹਿਬਜ਼ਾਦਿਆਂ ਸਿਰ ਲੰਘਾਉਣ ਦੀ ਥਾਂ, ਪਹਿਲਾਂ ਆਪਣੇ ਪੈਰ ਲੰਘਾਏ ਹੈਸਨ।

ਸਿਰ ਝੁਕਾਉਣ ਦੀ ਥਾਂ ਸਿਰ ਕਰ ਉਚਾ, ਉਚੀ ਉਚੀ ਜੈਕਾਰੇ ਗਜਾਏ ਹੈਸਨ।

 

ਨਹੀਂ ਨਹੀਂ ਇਸਲਾਮ ਕਬੂਲ ਸਾਨੂੰ, ਸਿਰਫ ਮੌਤ ਹੀ ਸਾਨੂੰ ਪਰਵਾਨ ਸੂਬੇ।

ਦੇਖਣ ਨੂੰ ਨੇ ਸੋਹਲ ਸਰੀਰ ਭਾਵੇਂ, ਸਾਡੀ ਆਤਮਾ ਬੜੀ ਬਲਵਾਨ ਸੂਬੇ।

ਸਾਨੂੰ ਦਾਦੀ ਨੇ ਸਦਾ ਇਹ ਦੱਸਿਆ ਏ, ਸਾਡਾ ਵਿਰਸਾ ਏ ਬੜਾ ਮਹਾਨ ਸੂਬੇ।

ਬਾਬਰ ਬਾਦਸ਼ਾਹ ਨੂੰ ਜਾਬਰ ਕਹਿਣ ਵਾਲੇ, ਗੁਰੂ ਨਾਨਕ ਦੀ ਅਸੀਂ ਸੰਤਾਨ ਸੂਬੇ।

 

ਸ਼ੇਰ ਖਾਨ ਨੇ ਹਾਅ ਦਾ ਮਾਰ ਨਾਹਰਾ, ਕਿਹਾ ਕਰ ਰਿਹੈ ਘੋਰ ਗੁਨਾਹ ਸੂਬੇ।

ਇਹ ਤਾਂ ਦੋਵੇਂ ਨੇ ਅਲਾਹ ਦੀਆਂ ਪਾਕ ਰੂਹਾਂ, ਏਨਾਂ ਉਤੇ ਨਾ ਜ਼ੁਲਮ ਤੂੰ ਢਾਹ ਸੂਬੇ।

ਚੁੱਕ ਰਿਹਾ ਏਂ ਪਾਪ ਦੀ ਪੰਡ ਸਿਰ ਤੇ, ਭੁੱਲ ਰਿਹੈਂ ਇਸਲਾਮ ਦਾ ਰਾਹ ਸੂਬੇ।

ਤੇਰੇ ਪਾਪ ਦਾ ਬੇੜਾ ਹੁਣ ਭਰ ਚੁੱਕੈ, ਤੇਰੇ ਰਾਜ ਨੇ ਹੋਣੈ ਤਬਾਹ ਸੂਬੇ।

 

ਰੂਹ ਹਜ਼ਰਤ ਮੁਹੰਮਦ ਦੀ ਤੜਪ ਉਠੀ, ਜਦੋਂ ਹੋਇਆ ਸੀ ਇਹ ਨਾਪਾਕ ਸਾਕਾ।

ਮੁਸਲਮ ਕੌਮ ਦਾ ਸ਼ਰਮ ਨਾਲ ਸਿਰ ਝੁਕਿਆ, ਓਨ੍ਹਾਂ ਲਈ ਸੀ ਇਹ ਸ਼ਰਮਨਾਕ ਸਾਕਾ।

ਜ਼ੁਲਮ ਪਹੁੰਚਿਆ ਸਿਖਰਲੀ ਹੱਦ ਤੀਕਰ, ਮੁਗਲ ਰਾਜ ਨੂੰ ਕਰ ਗਿਆ ਖਾਕ ਸਾਕਾ।

ਸਾਰੀ ਦੁਨੀਆਂ ਦੇ ਸਾਰੇ ਇਤਿਹਾਸ ਅੰਦਰ, ਸਭ ਤੋਂ ਵੱਧ ਹੋਇਆ ਦਰਦਨਾਕ ਸਾਕਾ।

 

ਦੁਨੀਆਂ ਵਿੱਚ ਜੋ ਨਿੱਕੇ ਬਾਲ ਕਰ ਗਏ, ਕਰ ਸਕੇ ਨਾ ਮਾਈ ਦਾ ਲਾਲ ਕੋਈ।

ਵੇਖਣ ਵਾਲੇ ਬਸ ਵੇਖਦੇ ਰਹਿ ਗਏ ਸੀ, ਚਿਹਰੇ ਉਤੇ ਇਲਾਹੀ ਜਲਾਲ ਕੋਈ।

ਜੋਤੀ ਜੋਤ ਸਮਾ ਗਏ ਜਦੋਂ ਦੋਵੇਂ, ਤਿੰਨਾਂ ਲੋਕਾਂ ਵਿੱਚ ਆਇਆ ਭੁਚਾਲ ਕੋਈ।

ਜਿੱਦਾਂ ਹੋਇਆ ਸਰਹੰਦ ਦੀ ਕੰਧ ਅੰਦਰ, ਦੁਨੀਆਂ ਵਿੱਚ ਨਹੀਂ ਐਸੀ ਮਿਸਾਲ ਕੋਈ।

 

ਦਸਮ ਪਿਤਾ ਦੇ ਲਾਲਾਂ ਨਿਕਿਆਂ ਨੇ, ’ਨੰਦਪੁਰੀ ਵਿੱਚ ਬਚਪਨ ਗੁਜਾਰਿਆ ਸੀ।

ਤੀਖਣ ਬੁਧੀ ਦੇ ਸ਼ੁਰੂ ਤੋਂ ਸਨ ਮਾਲਕ, ਸਦਾ ਦੁੱਧ ’ਚੋਂ ਪਾਣੀ ਨਿਤਾਰਿਆ ਸੀ।

‘ਜਾਚਕ’ ਨੀਹਾਂ ਦੇ ਵਿੱਚ ਖਲੋ ਕੇ ਤੇ, ਪੱਕਾ ਸਿੱਖੀ ਦਾ ਮਹਿਲ ਉਸਾਰਿਆ ਸੀ।

ਉੱਚੀ ਸੁੱਚੀ ਕੁਰਬਾਨੀ ਸੀ ਜਦੋਂ ਦਿੱਤੀ, ਸਬਰ ਜਿੱਤਿਆ ਤੇ ਜਬਰ ਹਾਰਿਆ ਸੀ।