Home » ਸਾਹਿਬਜ਼ਾਦਿਆਂ ਸੰਬੰਧੀ ਕਵਿਤਾਵਾਂ » ਛੋਟੇ ਸਾਹਿਬਜਾਦੇ ਤੇ ਵਜੀਰ ਖਾਨ ਕਵਿਤਾ

ਛੋਟੇ ਸਾਹਿਬਜਾਦੇ ਤੇ ਵਜੀਰ ਖਾਨ ਕਵਿਤਾ

by Dr. Hari Singh Jachak
Poems on Chote Sahibjade and Wazir Khan

ਛੋਟੇ ਸਾਹਿਬਜਾਦੇ ਤੇ ਵਜੀਰ ਖਾਨ ਕਵਿਤਾ

ਛੋਟੇ ਸਾਹਿਬਜਾਦੇ ਤੇ ਵਜੀਰ ਖਾਨ

ਪੇਸ਼ ਹੋਏ ਜਦ ਬੱਚੇ ਤਾਂ ਕਿਹਾ ਕਾਜੀ, ਝੁਕ ਕੇ ਸੂਬੇ ਨੂੰ ਕਰੋ ਸਲਾਮ ਬੱਚਿਓ।

ਥੋਡੀ ’ਵਾ ਵੱਲ ਕੋਈ ਨਹੀਂ ਤੱਕ ਸਕਦਾ, ਮੰਨ ਲਵੋ ਜੇ ਈਨ ਇਸਲਾਮ ਬੱਚਿਓ।

ਇਕ ਪਾਸੇ ਹੈ ਸੂਲਾਂ ਦੀ ਸੇਜ ਬੱਚਿਓ, ਦੂਜੇ ਪਾਸੇ ਹੈ ਸੁੱਖ ਆਰਾਮ ਬੱਚਿਓ।

ਤੁਸਾਂ ਤਾਈਂ ਇਹ ਇਸ ਲਈ ਕਹਿ ਰਿਹਾ ਹਾਂ, ਤੁਸੀਂ ਖਾਸ ਹੋ, ਨਹੀਂ ਕੋਈ ਆਮ ਬੱਚਿਓ।

 

ਸ਼ੇਰ ਮੁਹੰਮਦ ਨਵਾਬ ਨੇ ਕਿਹਾ ਉਠ ਕੇ, ਏਥੇ ਕਿਸੇ ਦੀ ਨੀਯਤ ਨਹੀਂ ਸਾਫ਼ ਸੂਬੇ।

ਇਨ੍ਹਾਂ ਬੱਚਿਆਂ ਦਾ ਨਹੀਂ ਕਸੂਰ ਕੋਈ, ਇਨ੍ਹਾਂ ਨਾਲ ਤੂੰ ਕਰ ਇਨਸਾਫ ਸੂਬੇ ।

ਬਦਲਾ ਇਨ੍ਹਾਂ ਦੇ ਬਾਪ ਤੋਂ ਲੈ ਜਾ ਕੇ, ਇਨ੍ਹਾਂ ਤਾਈਂ ਪਰ ਕਰ ਮੁਆਫ ਸੂਬੇ।

ਪਰ ਹੋ ਕੇ ਬੜਾ ਮਜਬੂਰ ਮੈਂ ਕਹਿ ਰਿਹਾ ਹਾਂ, ਏਥੇ ਨਿਆਂ ਦੀ ਕੋਈ ਨਹੀਂ ਆਸ ਸੂਬੇ।

 

ਸੁੱਚਾ ਨੰਦ ਦਿਵਾਨ ਤਦ ਬੋਲ ਉਠਿਆ, ਐਵੇਂ ਇਨ੍ਹਾਂ ਤੇ ਤਰਸ ਨਾ ਖਾਉ ਬਹੁਤਾ।

ਪੁੱਤ ਸੱਪਾਂ ਦੇ ਆਖਰ ਨੂੰ ਸੱਪ ਹੁੰਦੇ, ਇਨ੍ਹਾਂ ਤਾਂਈ ਨਾ ਦੁੱਧ ਪਿਲਾਓ ਬਹੁਤਾ।

ਪਿਤਾ ਇਨ੍ਹਾਂ ਦੇ ਮਾਰੇ ਜਰਨੈਲ ਸਾਡੇ, ਇਹਦੇ ਵੱਲ ਧਿਆਨ ਲਿਜਾਓ ਬਹੁਤਾ।

ਬਾਗੀ ਪਿਉ ਦੇ ਬਾਗੀ ਨੇ ਇਹ ਪੁੱਤਰ, ਇਨ੍ਹਾਂ ਤਾਈਂ ਨਾ ਸਿਰੇ ਚੜ੍ਹਾਓ ਬਹੁਤਾ।

 

ਜੀਉਂਦੇ ਜੀਅ ਹੀ ਚਿਣੇ ਗਏ ਵਿੱਚ ਨੀਹਾਂ, ਇੱਟਾਂ ਵਿੱਚ ਲਪੇਟੇ ਗਏ ਲਾਲ ਦੋਵੇਂ।

ਕੱਚੀ ਉਮਰ ’ਚ ਕਰਨ ਲਈ ਕੰਮ ਪੱਕੇ, ਖੜੇ ਹੋ ਗਏ ਸੀ ਨਾਲੋ ਨਾਲ ਦੋਵੇਂ।

ਸਾਹਵੇਂ ਮੌਤ ਮਰਜਾਣੀ ਨੂੰ ਤੱਕ ਕੇ ਵੀ, ਰਹੇ ਵਿੱਚ ਸਨ ਖੇੜੇ ਜਲਾਲ ਦੋਵੇਂ।

ਬਾਲ ਉਮਰ ’ਚ ਬਣ ਗਏ ਸਨ ‘ਬਾਬੇ’,ਕਲਗੀਧਰ ਦੇ ਨੌ-ਨਿਹਾਲ ਦੋਵੇਂ।

 

ਦੋਵੇਂ ਸਾਹਿਬਜ਼ਾਦੇ ਗਟ ਗਟ ਕਰਕੇ, ਪੀੜ ਮੌਤ ਦੀ ਗਏ ਪੀ ਉਹ ਤਾਂ।

ਖਿੜੇ ਮੱਥੇ ਸ਼ਹਾਦਤਾਂ ਦੇ ਕੇ ਤੇ, ਅੱਲੇ ਜ਼ਖ਼ਮ ਗਏ ਧਰਮ ਦੇ ਸੀ ਉਹ ਤਾਂ।

ਕੋਈ ਕਲਮ ਬਿਆਨ ਨਹੀਂ ਕਰ ਸਕਦੀ, ਸੀ ਇਨਸਾਨ, ਫਰਿਸ਼ਤੇ ਜਾਂ ਕੀ ਉਹ ਤਾਂ।

ਬੂਟਾ ਪੰਥ ਦਾ ਓਸੇ ਤੋਂ ਹੈ ਫਲਿਆ, ਬੀਜ ਗਏ ਜੋ ਨੀਹਾਂ ’ਚ ਬੀਅ ਉਹ ਤਾਂ।

 

ਭੋਲੇ ਭਾਲੇ ਤੇ ਸਨ ਮਾਸੂਮ ਬਾਲਕ, ਫਤਹਿ ਸਿੰਘ ਅਤੇ ਜ਼ੋਰਾਵਰ ਦੋਵੇਂ।

ਸੀਨਾ ਤਾਣ ਕੇ ਖੜ ਗਏ ਨੀਂਹ ਅੰਦਰ, ਸੀਸ ਤਲੀ ਤੇ ਆਪਣੇ ਧਰ ਦੋਵੇਂ।

ਜਬਰ ਜ਼ੁਲਮ ਤੇ ਧਾਰਮਕ ਹੱਠ ਵਾਲੀ, ਸਹਿ ਗਏ ਸਨ ਪੀੜ ਅਜਰ ਦੋਵੇਂ ।

ਲਿਖਦੀ ਕਲਮ ਰੋਈ ਭੁੱਬਾਂ ਮਾਰ ਕੇ ਤੇ, ਨੈਣ ਹੋ ਗਏ ‘ਜਾਚਕ’ ਦੇ ਤਰ ਦੋਵੇਂ।