ਚਮਕੌਰ ਦੀ ਜੰਗ ਕਵਿਤਾ
ਚਮਕੌਰ ਦੀ ਜੰਗ
ਵਧ ਰਹੀਆਂ ਸਨ ਮਾਖੋ ਦੇ ਝੁੰਡ ਵਾਂਗੂ, ਗੜ੍ਹੀ ਵੱਲ ਨੂੰ ਬੇਮੁਹਾਰ ਫੌਜਾਂ।
ਚੱਲੀਆਂ ਪੁਰੀ ਅਨੰਦ ਤੋਂ ਪਹੁੰਚ ਗਈਆਂ, ਸਰਸਾ ਨਦੀ ਨੂੰ ਕਰਕੇ ਪਾਰ ਫੌਜਾਂ।
ਚੱਲ ਕੇ ਦਿੱਲੀ, ਲਾਹੌਰ, ਸਰਹੰਦ ਤੋਂ ਵੀ, ਆਈਆਂ ਕਰਦੀਆਂ ਸੀ ਮਾਰੋ ਮਾਰ ਫੌਜਾਂ।
ਫੈਲ ਗਈਆਂ ਸਨ ਮਕੜੀ ਦੇ ਵਾਂਗ ਓਦੋਂ, ਚਾਰ ਚੁਫੇਰੇ ਹੀ ਬੇਸ਼ੁਮਾਰ ਫੌਜਾਂ।
ਦਸਮ ਪਿਤਾ ਨੇ ਕਿਹਾ ਸੀ ਖਾਲਸੇ ਨੂੰ, ਤੁਸੀਂ ਮੇਰੇ ਹੋ ਸੂਰਜ ਤੇ ਚੰਦ ਸਿੰਘੋ।
’ਕੱਲੇ ਨਹੀਂ ਅਜੀਤ ਜੁਝਾਰ ਮੇਰੇ, ਤੁਸੀਂ ਸਾਰੇ ਹੋ ਮੇਰੇ ਫਰਜੰਦ ਸਿੰਘੋ।
ਘੋਰ ਸੰਕਟ ਤੇ ਦੁੱਖ ਮੁਸੀਬਤਾਂ ’ਚ, ਸਦਾ ਰਹੇ ਹੋ ਵਿੱਚ ਅਨੰਦ ਸਿੰਘੋ।
ਅੱਜ ਵੜ ਕੇ ਵੈਰੀ ਦੇ ਝੁੰਡ ਅੰਦਰ, ਖੱਟੇ ਕਰ ਦਿਉ ਉਸ ਦੇ ਦੰਦ ਸਿੰਘੋ।
ਸਿੰਘਾਂ ਜੰਗ’ਚ ਕਰ ਪ੍ਰਤੱਖ ਦਿੱਤਾ, ਸਵਾ ਲੱਖ ਨਾਲ ਇੱਕ ਇੱਕ ਲੜ ਸਕਦੈ।
ਤੀਰਾਂ ਗੋਲੀਆਂ, ਤੇਗਾਂ ਦੇ ਸਾਹਮਣੇ ਵੀ, ਸੀਨਾ ਤਾਣ ਕੇ ਖਾਲਸਾ ਖੜ ਸਕਦੈ।
ਸਾਹਵੇਂ ਮੌਤ ਮਰਜਾਣੀ ਨੂੰ ਤੱਕ ਕੇ ਵੀ, ਉਹ ਤਾਂ ਵਾਂਗ ਹਿਮਾਲਾ ਦੇ ਅੜ ਸਕਦੈ।
ਲੱਖਾਂ ਨਾਲ ਮੁਕਾਬਲੇ ਕਰਕੇ ਤੇ, ਰਣਭੂਮੀ ਦੀ ਭੇਟ ਉਹ ਚੜ੍ਹ ਸਕਦੈ।
ਜਿਉਂਦੇ ਗੁਰੂ ਨੂੰ ਅੱਜ ਤਾਂ ਫੜ ਲੈਣੈ, ਦੁਸ਼ਮਣ ਦਲਾਂ ਨੇ ਲਿਆ ਖਵਾਬ ਹੈਸੀ।
ਖਾਨ ਵਜੀਦ ਨਾ ਫੁਲਿਆ ਸਮਾ ਰਿਹਾ ਸੀ, ਜੋ ਸਰਹੰਦ ਦਾ ਜ਼ਾਲਿਮ ਨਵਾਬ ਹੈਸੀ।
ਕਿਹਾ ਸਿੱਖਾਂ ਦਾ ਗੁਰੂ ਹੁਣ ਪੇਸ਼ ਹੋ ਜਾਏ, ਨਸ਼ਾ ਤਾਕਤ ਦਾ ਬੇਹਿਸਾਬ ਹੈਸੀ।
ਗੁਰਾਂ ਤੀਰਾਂ ਦੀ ਵਾਛੜ ਦੇ ਨਾਲ ਅੱਗੋਂ, ਏਸ ਗੱਲ ਦਾ ਦਿੱਤਾ ਜਵਾਬ ਹੈਸੀ।
ਜੂਝੇ ਜੰਗ ਅੰਦਰ ਸਿੰਘ ਸੂਰਮੇ ਸੀ, ਦਸਮ ਪਿਤਾ ਦੀ ਪਾਵਨ ਕਮਾਨ ਅੰਦਰ।
ਲੱਖਾਂ ਫੌਜਾਂ ਦਾ ਟਾਕਰਾ ਕਰਨ ਦੇ ਲਈ, ਚਾਲੀ ਨਿਤਰੇ ਮਰਦ ਮੈਦਾਨ ਅੰਦਰ।
ਬਾਜਾਂ ਵਾਲੇ ਸ਼ਮਸ਼ੀਰਾਂ ਜੋ ਬਖਸ਼ੀਆਂ ਸੀ, ਪਾਸ ਹੋ ਗਈਆਂ ਇਮਤਿਹਾਨ ਅੰਦਰ।
ਸਾਫ ਕਰਕੇ ਝੁੰਡਾਂ ਦੇ ਝੁੰਡ ਉਨ੍ਹਾਂ, ਆਹੂ ਲਾਹੇ ਸਨ ਰਣ ਮੈਦਾਨ ਅੰਦਰ।
ਕੱਚੀ ਗੜ੍ਹੀ ’ਚ ਦਾਖਲ ਜਦ ਹੋਣ ਲੱਗਾ, ਨਾਹਰ ਖਾਂ ਇਕ ਪੌੜੀ ਲਗਾ ਕੇ ਤੇ।
ਗੁਰੂ ਸਾਹਿਬ ਨੇ ਕੀਤਾ ਸੀ ਚਿੱਤ ਉਹਨੂੰ, ਬੱਸ ਇਕੋ ਹੀ ਤੀਰ ਚਲਾ ਕੇ ਤੇ।
ਅੱਗੇ ਵਧਿਆ ਜਦ ਗਨੀ ਖਾਂ ਹੈਸੀ, ਸਿਰ ਭੰਨਿਆਂ ਗੁਰਜ ਘੁੰਮਾ ਕੇ ਤੇ।
ਤੀਜਾ ਉਨ੍ਹਾਂ ਦਾ ਇਕ ਮਰਦੂਦ ਸਾਥੀ, ਨੱਸ ਗਿਆ ਸੀ ਜਾਨ ਬਚਾ ਕੇ ਤੇ।
ਸਿੰਘ ਝਪਟੇ ਸਨ ਦੁਸ਼ਮਣ ਦੀ ਫੌਜ ਉੱਤੇ, ਗੁੱਸੇ ਵਿੱਚ ਝਪਟੇ ਜਖ਼ਮੀ ਸ਼ੇਰ ਜਿਦਾਂ।
ਡਿੱਗਣ ਦੁਸ਼ਮਣ ਇਉਂ ਰਣ ਮੈਦਾਨ ਅੰਦਰ, ਡਿੱਗਣ ਬੇਰੀ ਤੋਂ ਪੱਕੇ ਹੋਏ ਬੇਰ ਜਿਦਾਂ।
ਚੜ੍ਹੀਆਂ ਲਾਸ਼ਾਂ ਤੇ ਲਾਸ਼ਾਂ ਸਨ ਚਹੁੰ ਪਾਸੀਂ, ਲੱਗੇ ਦਾਣਿਆਂ ਦੇ ਹੁੰਦੇ ਢੇਰ ਜਿਦਾਂ।
ਏਦਾਂ ਕੋਈ ਨਹੀਂ ਲੜਿਆ ਸੰਸਾਰ ਅੰਦਰ, ਸਿੰਘ ਸੂਰਮੇ ਲੜੇ ਦਲੇਰ ਜਿਦਾਂ।
ਸਾਹਿਬਜ਼ਾਦਾ ਅਜੀਤ ਸਿੰਘ ਕੁਦਿਆ ਸੀ, ਰਣ ਤੱਤੇ ਦੀ ਭੜਕਦੀ ਅੱਗ ਅੰਦਰ।
ਚੜ੍ਹਿਆ ਹੋਇਆ ਸੀ ਜੋਸ਼ ਕੋਈ ਖਾਸ ਉਹਦੇ, ਰੋਮ ਰੋਮ ਅੰਦਰ, ਰਗ ਰਗ ਅੰਦਰ।
ਬੱਬਰ ਸ਼ੇਰ ਦੇ ਬੱਚੇ ਨੇ ਜਾਂਦਿਆਂ ਹੀ, ਭਾਜੜ ਪਾਈ ਸੀ ਭੇਡਾਂ ਦੇ ਵੱਗ ਅੰਦਰ।
ਵੀਰ ਗਤੀ ਪ੍ਰਾਪਤ ਉਹ ਕਰ ਆਖਰ, ਜੱਸ ਪਾ ਗਿਆ ਸਾਰੇ ਹੀ ਜੱਗ ਅੰਦਰ।
ਅੱਡੀਆਂ ਚੁੱਕ ਚੁੱਕ ਤੱਕਦੀ ਰਹੀ ਹੋਣੀ, ਲੜਿਆ ਜਦੋਂ ਜੁਝਾਰ ਦਲੇਰ ਯੋਧਾ।
ਝਪਟ ਝਪਟ ਕੇ ਪੈਂਦਾ ਸੀ ਦੁਸ਼ਮਣਾਂ ’ਤੇ, ਲੱਗ ਰਿਹਾ ਸੀ ਜਖ਼ਮੀ ਕੋਈ ਸ਼ੇਰ ਯੋਧਾ।
ਚਾਰੇ ਪਾਸੇ ਤੋਂ ਹੋ ਗਿਆ ਜਦੋਂ ਹਮਲਾ, ਚੱਕਰ ਵਿਹੂ’ਚ ਫਸ ਗਿਆ ਫੇਰ ਯੋਧਾ ।
ਟਿੱਡੀ ਦਲਾਂ ਦੀਆਂ ਸਫਾਂ ਵਲੇਟ ਕੇ ਤੇ, ਹੋ ਗਿਆ ਸੀ ਅੰਤ ਨੂੰ ਢੇਰ ਯੋਧਾ।
ਚਾਲੀ ਸਿੰਘ ਤੇ ਲੱਖਾਂ ਦੀ ਫੌਜ ਓਧਰ, ਸੱਚੀਮੁੱਚੀ ਕਮਾਲ ਦੀ ਜੰਗ ਹੈਸੀ।
ਪੰਜਾਂ ਪੰਜਾਂ ਦੇ ਜੱਥੇ ਬਣਾ ਦਾਤੇ, ਸੋਹਣਾ ਵਰਤਿਆ ਜੰਗ ਦਾ ਢੰਗ ਹੈਸੀ।
ਪੈਰ ਧਰੇ ਸਨ ਭਖਦੇ ਅੰਗਿਆਰਿਆਂ ਤੇ, ਤੱਕ ਤੱਕ ਮੌਤ ਵੀ ਹੋ ਰਹੀ ਦੰਗ ਹੈਸੀ।
‘ਜਾਚਕ’ ਜੱਗ ਦੇ ਸਾਰੇ ਇਤਿਹਾਸ ਅੰਦਰ, ਬੇਜੋੜ ਵਿਲੱਖਣ ਇਹ ਜੰਗ ਹੈਸੀ।
ਜੱਗ ਦੀ ਏਸ ਅਨੋਖੜੀ ਜੰਗ ਅੰਦਰ, ਮੱਥਾ ਲੱਖਾਂ ਨਾਲ ਲਾਇਆ ਸੀ ਪਾਤਸ਼ਾਹ ਨੇ।
ਸਭ ਨੂੰ ਮੌਤ ਦੀ ਘੋੜੀ ਚੜ੍ਹਾਉਣ ਵੇਲੇ, ਸੌ ਸੌ ਸ਼ਗਨ ਮਨਾਇਆ ਸੀ ਪਾਤਸ਼ਾਹ ਨੇ।
ਚੜ੍ਹਿਆ ਕਰਜਾ ਜੋ ਪੁਰਖ ਅਕਾਲ ਜੀ ਦਾ, ਕਿਸ਼ਤਾਂ ਵਿੱਚ ਹੀ ਲਾਹਿਆ ਸੀ ਪਾਤਸ਼ਾਹ ਨੇ।
ਆਖਰ ਮਿੱਤਰ ਪਿਆਰੇ ਨੂੰ ਖਿੜੇ ਮੱਥੇ, ‘ਜਾਚਕ’ ਹਾਲ ਸੁਣਾਇਆ ਸੀ ਪਾਤਸ਼ਾਹ ਨੇ।